ਬੇਘਰ ਹੋਏ ਲੋਕਾਂ ਨੂੰ ਮਕਾਨ ਅਤੇ ਹੋਰ ਸਹੂਲਤਾਂ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਵਚਨਬੱਧ- ਸ਼ਰਨਜੀਤ ਸਿੰਘ ਢਿੱਲੋਂ
ਨਗਰ ਨਿਗਮ ਦੀ ਕਾਰਵਾਈ ਦੌਰਾਨ ਬੇਘਰ ਹੋਏ ਲੋਕਾਂ ਨੂੰ ਮਿਲਣਗੇ ਮਕਾਨ ਅਤੇ ਫਲੈਟ, ਪੰਜਾਬ ਸਰਕਾਰ ਵੱਲੋਂ ਪ੍ਰਵਾਨਿਤ ਪੰਚਾਇਤ ਮਤੇ ਨਗਰ ਨਿਗਮ ਕੋਲ ਜਮ੍ਹਾਂ ਕਰਾਉਣ ਲਈ ਕਿਹਾ
5 Dariya News (ਅਜੇ ਪਾਹਵਾ)
ਲੁਧਿਆਣਾ 08-Aug-2016
''ਬੀਤੇ ਦਿਨੀਂ ਨਗਰ ਨਿਗਮ ਲੁਧਿਆਣਾ ਵੱਲੋਂ ਢੰਡਾਰੀ ਕਲਾਂ ਵਿਖੇ ਨਜਾਇਜ਼ ਕਬਜ਼ੇ ਖਾਲੀ ਕਰਾਉਣ ਲਈ ਕੀਤੀ ਕਾਰਵਾਈ ਦੌਰਾਨ ਘਰੋਂ ਬੇਘਰ ਹੋਏ ਸਥਾਨਕ ਲੋਕਾਂ ਨੂੰ ਪੰਜਾਬ ਸਰਕਾਰ ਰਹਿਣ ਲਈ ਮਕਾਨ ਅਤੇ ਹੋਰ ਸਹੂਲਤਾਂ ਦੇਣ ਲਈ ਵਚਨਬੱਧ ਹੈ।'' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਪ੍ਰਭਾਵਿਤ ਲੋਕਾਂ ਦੇ ਘਰਾਂ ਦਾ ਦੌਰਾ ਕਰਨ ਦੌਰਾਨ ਕੀਤਾ। ਇਨ੍ਹਾਂ ਲੋਕਾਂ ਨੂੰ ਮੁੜ ਵਸਾਉਣ ਲਈ ਕੀਤੇ ਗਏ ਫੈਸਲੇ ਤਹਿਤ ਜਿਹੜੇ ਲੋਕਾਂ ਕੋਲ ਉਨ੍ਹਾਂ ਘਰਾਂ ਦੀ ਮਾਲਕੀ ਸੰਬੰਧੀ ਬਕਾਇਦਾ ਦਸਤਾਵੇਜ਼ ਹਨ, ਉਨ੍ਹਾਂ ਨੂੰ ਘਰ ਵਾਪਸ ਕੀਤੇ ਜਾਣਗੇ ਅਤੇ ਜਿਨ੍ਹਾਂ ਕੋਲ ਮਾਲਕੀ ਦੇ ਕਾਗਜ਼ਾਤ ਨਹੀਂ ਹਨ, ਉਨ੍ਹਾਂ ਨੂੰ ਗਿਆਸਪੁਰਾ ਵਿਖੇ ਬਣਾਏ ਗਏ ਫਲੈਟਾਂ ਵਿੱਚ ਸ਼ਿਫਟ ਕਰਵਾਇਆ ਜਾਵੇਗਾ।
ਦੱਸਣਯੋਗ ਹੈ ਕਿ ਇਨ੍ਹਾਂ ਲੋਕਾਂ ਦੇ ਘਰਾਂ 'ਤੇ ਨਗਰ ਨਿਗਮ, ਲੁਧਿਆਣਾ ਵੱਲੋਂ ਕੀਤੀ ਕਾਰਵਾਈ ਦਾ ਪਤਾ ਲੱਗਣ 'ਤੇ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਤੁਰੰਤ ਹਰਕਤ ਵਿੱਚ ਆ ਕੇ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਹਦਾਇਤ ਕੀਤੀ ਸੀ ਕਿ ਇਨ੍ਹਾਂ ਲੋਕਾਂ ਨੂੰ ਰਹਿਣ ਲਈ ਛੱਤ ਅਤੇ ਹੋਰ ਸਹੂਲਤਾਂ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣ। ਉਪਰੋਕਤ ਹਦਾਇਤ 'ਤੇ ਅਮਲ ਯਕੀਨੀ ਬਣਾਉਣ ਅਤੇ ਬੇਘਰ ਹੋਏ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਸ੍ਰ. ਢਿੱਲੋਂ ਨੇ ਅੱਜ ਸਵੇਰੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਅਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ।
ਸ੍ਰ. ਢਿੱਲੋਂ ਨੇ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਜੋ ਫੈਸਲਾ ਕੀਤਾ ਗਿਆ ਉਸ ਅਨੁਸਾਰ ਇਸ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਕੋਲ ਜੇਕਰ ਪਿਛਲੇ ਸਮੇਂ ਦੌਰਾਨ ਪਾਏ ਗਏ ਪੰਚਾਇਤ ਮਤੇ (ਜੋ ਸਰਕਾਰ ਵੱਲੋਂ ਪ੍ਰਵਾਨਿਤ ਹੋਣ) ਦੀਆਂ ਕਾਪੀਆਂ ਹਨ, ਤਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਵਾਰਿਸਾਂ ਨੂੰ ਮਕਾਨਾਂ ਦੀ ਮਾਲਕੀ ਦੇ ਹੱਕ ਦਿੱਤੇ ਜਾਣਗੇ। ਜੇਕਰ ਕਿਸੇ ਵਿਅਕਤੀ ਜਾਂ ਪਰਿਵਾਰ ਕੋਲ ਉਨ੍ਹਾਂ ਦੀ ਮਾਲਕੀ ਨਾਲ ਸੰਬੰਧਤ ਕਾਗਜ਼ਾਤ ਨਹੀਂ ਹਨ ਤਾਂ ਉਹਨਾਂ ਨੂੰ ਗਿਆਸਪੁਰਾ ਸਥਿਤ ਸਰਕਾਰੀ ਫਲੈਟਾਂ ਵਿੱਚ ਬਣਦੀ ਨਿਗੂਣੀ ਜਿਹੀ ਕੀਮਤ 'ਤੇ ਫਲੈਟ ਮੁਹੱਈਆ ਕਰਵਾਏ ਜਾਣਗੇ।ਇਸ ਸੰਬੰਧੀ ਕਮਿਸ਼ਨਰ ਸ੍ਰੀ ਥੋਰੀ ਨੇ ਕਿਹਾ ਕਿ ਇਸ ਖੇਤਰ ਦਾ ਸਾਲ 2013 ਅਤੇ 2014 ਵਿੱਚ ਦੋ ਵਾਰ ਸਰਵੇ ਹੋਇਆ ਸੀ। ਜਿਸ ਨੂੰ ਦੁਬਾਰਾ ਘੋਖਿਆ ਜਾਵੇਗਾ ਅਤੇ ਜੋ ਵਿਅਕਤੀ ਉਸ ਵੇਲੇ ਇਸ ਖੇਤਰ ਵਿੱਚ ਰਹਿੰਦੇ ਸਨ ਅਤੇ ਉਨ੍ਹਾਂ ਕੋਲ ਸਰਕਾਰ ਵੱਲੋਂ ਪ੍ਰਵਾਨਿਤ ਪੰਚਾਇਤ ਮਤੇ ਹਨ ਤਾਂ ਉਨ੍ਹਾਂ ਨੂੰ ਘਰਾਂ ਦੀ ਮਾਲਕੀ ਦੇ ਹੱਕ ਦੇਣ ਬਾਰੇ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ। ਜਦਕਿ ਬਾਕੀ ਰਹਿੰਦੇ ਲੋਕਾਂ ਜਾਂ ਪਰਿਵਾਰਾਂ ਨੂੰ ਗਿਆਸਪੁਰਾ ਵਿੱਚ ਫਲੈਟ ਮੁਹੱਈਆ ਕਰਵਾਏ ਜਾਣਗੇ। ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਦੀ ਪਹਿਲਕਦਮੀ 'ਤੇ ਲਏ ਗਏ ਇਸ ਲੋਕ ਹਿੱਤ ਫੈਸਲੇ ਦਾ ਸਥਾਨਕ ਲੋਕਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਨਗਰ ਨਿਗਮ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।