'ਆਪ' ਅਕਾਲੀ ਭਾਜਪਾ ਗਠਜੋੜ ਦੀ ਮੁੜ ਜਿੱਤ ਦੇ ਹਿਸਾਬ ਨਾਲ ਕਰ ਰਹੀ ਹੈ ਟਿਕਟਾਂ ਦੀ ਵੰਡ : ਅਵਤਾਰ ਸਿੰਘ ਕਰੀਮਪੁਰੀ
ਕਿਹਾ ਬਸਪਾ ਨੂੰ ਖਤਮ ਕਰਨ ਦੇ ਬੇਅਰਥੇ ਬਿਆਨ ਦੇਣ ਵਾਲੇ ਅਕਾਲੀ ਦਲ ਨੂੰ ਖਤਮ ਕਰਨਾ ਹੈ ਸਾਡਾ ਮੁੱਖ ਮਨੋਰਥ
5 Dariya News (ਅਜੇ ਪਾਹਵਾ)
ਲੁਧਿਆਣਾ 08-Aug-2016
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਆਮ ਆਦਮੀਂ ਪਾਰਟੀ 'ਤੇ ਅਕਾਲੀ ਭਾਜਪਾ ਨਾਲ ਮਿਲੇ ਹੋਣ ਦੇ ਆਰੋਪ ਲਗਾਉਂਦਿਆਂ ਕਿਹਾ ਕਿ ਆਪ ਟਿਕਟਾਂ ਦੀ ਦੋਸ਼ਪੂਰਨ ਵੰਡ ਕਰਕੇ ਗਠਜੋੜ ਨੂੰ ਮੁੜ ਸਰਕਾਰ ਬਣਾਉਣ ਦੀਆਂ ਚਾਬੀਆਂ ਥਾਲੀ 'ਚ ਪਰੋਸ ਕੇ ਦੇ ਰਹੀ। ਉਨ੍ਹਾਂ ਕਿਹਾ ਕਿ ਜਿਸ ਪ੍ਰਕਾਰ ਟਿਕਟਾਂ ਦੀ ਵੰਡ ਕੀਤੀ ਜਾ ਰਹੀ ਉਸ ਕਾਰਨ ਇਸਦੇ ਵਲੰਟੀਅਰ ਨਿਰਾਸ ਹੋ ਰਹੇ ਹਨ ਅਤੇ ਜਿਨ੍ਹਾਂ ਦੀ ਪੈਸੇ ਦੇ ਬਲ ਤੇ ਗਠਜੋੜ ਦੁਰਵਰਤੋਂ ਕਰਕੇ ਮੁੜ ਸੱਤਾ ਸਥਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਥੇ ਆਪ ਦੀ ਲੀਡਰਸ਼ਿਪ ਵੱਲੋਂ 70 ਪ੍ਰਤੀਸਤ ਟਿਕਟਾਂ ਦੀ ਵੰਡ ਅਕਾਲੀ ਦਲ ਨੂੰ ਫਾਇਦਾ ਪਹੁੰਚਾਉਣ ਲਈ ਕੀਤੀ ਜਾ ਰਹੀ ਹੈ ਉਥੇ 30 ਪ੍ਰਤੀਸਤ ਟਿਕਟਾਂ ਦੀ ਵੰਡ ਕਾਂਗਰਸ ਨੂੰ ਫਾਇਦਾ ਪਹੁੰਚਾਉਣ ਲਈ ਵੀ ਹੋ ਰਹੀ ਹੈ ਜਿਸਤੋਂ ਇਨ੍ਹਾਂ ਦੀ ਅੰਦਰੂਨੀ ਤੌਰ ਤੇ ਹੋਈ ਗੰਢਤੁਪ ਨੂੰ ਨਕਾਰਿਆ ਨਹੀ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀਂ ਪਾਰਟੀ ਨੂੰ ਆਮ ਲੋਕਾਂ ਦਾ ਪਲੇਟਫਾਰਮ ਸਮਝ ਕੇ ਇਸ ਵੱਲ ਗਏ ਸਨ ਪਰ ਟਿਕਟਾਂ ਦੀ ਕਾਣੀ ਵੰਡ ਨੇ ਇਸਦਾ ਆਮ ਹੋਣ ਦਾ ਬੁਰਕਾ ਉਤਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਆਪ ਤੋਂ ਨਿਰਾਸ਼ ਹੋਏ ਵਲੰਟੀਅਰਾਂ ਨੂੰ ਬਸਪਾ ਵਿਸਸਥਾ ਪਰਿਵਰਤਨ ਦਾ ਬੇਹਤਰ ਪਲੇਟਫਾਰਮ ਦੇ ਸਕਦੀ ਹੈ ਇਸ ਲਈ ਉਹ ਪੰਜਾਬ ਨੂੰ ਕਈ ਦਹਾਕਿਆਂ ਤੋਂ ਲੁੱਟ ਰਹੀਆਂ ਪਾਰਟੀਆਂ ਦੇ ਕਿਸੇ ਵੀ ਬਹਿਕਾਵੇ ਵਿੱਚ ਆ ਕੇ ਉਨ੍ਹਾਂ ਵਿੱਚ ਸਮੂਲੀਅਤ ਨਾ ਕਰਨ ਅਤੇ ਨਾ ਹੀ ਪੰਜਾਬ ਨੂੰ ਲੁੱਟਣ ਦੇ ਮਨਸੂਬੇ ਰੱਖਦੀਆਂ ਵਿਰੋਧੀ ਤਾਕਤਾਂ ਦੇ ਖਿਲਾਫ ਇੱਕ ਦੁਕੱਲੇ ਲੜ੍ਹਨ ਦਾ ਕੋਈ ਵੀ ਅਜਿਹਾ ਫੈਸਲਾ ਲੈਣ ਜੋ ਉਨ੍ਹਾਂ ਦੀ ਤਾਕਤ ਨੂੰ ਵੰਡਦਾ ਹੋਵੇ। ਉਨ੍ਹਾਂ ਕਿਹਾ ਕਿ ਬਸਪਾ ਪੰਜਾਬ ਦੇ ਜਾਗਦੀ ਜਮੀਰ ਵਾਲੇ ਉਸ ਆਮ ਵਰਗ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੀ ਹੈ ਜੋ ਪੰਜਾਬ 'ਚ ਰਾਜਨੀਤਿਕ ਬਦਲਾਓ ਚਾਹੁੰਦੀ ਹੈ। ਅਸੀ ਇਨ੍ਹਾਂ ਨੂੰ ਬਸਪਾ ਨਾਲ ਜੁੜ ਕੇ ਇਸ ਨੂੰ ਪੂਰਾ ਕਰਨ ਦਾ ਸੱਦਾ ਦਿੰਦੇ ਹਾਂ। ਉਨ੍ਹਾਂ ਵਿਧਾਨ ਸਭਾ ਹਲਕਾ ਫਿਲੋਰ ਦੀ ਗੁਰਾਇਆ ਵਿਖੇ ਕੀਤੀ ਰੈਲੀ ਨੂੰ ਬਾਦਲਾਂ ਲਈ ਲਲਕਾਰ ਰੈਲੀ ਆਖਦਿਆਂ ਕਿਹਾ ਕਿ ਇਸ ਮਹਾਂਰੈਲੀ ਨੇ ਬਾਦਲਾਂ ਦੇ ਉਸ ਭਰਮ ਨੂੰ ਤੋੜ ਦਿੱਤਾ ਹੈ ਕਿ ਬਸਪਾ ਪੰਜਾਬ ਵਿੱਚੋਂ ਖਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਉੱਪ ਮੁੱਖ ਮੰਤਰੀ ਵੱਲੋਂ ਕੀਤੀ ਬਿਆਨਬਾਜੀ ਕਿ ਅਕਾਲੀ ਦਲ ਨੇ ਪੰਜਾਬ 'ਚੋਂ ਬਸਪਾ ਨੂੰ ਖਤਮ ਕਰ ਦਿੱਤਾ ਹੈ ਦੇ ਚੱਲਦਿਆਂ ਬਸਪਾ ਵਰਕਰਾਂ ਵਿੱਚ ਰੋਹ ਪੈਦਾ ਹੋ ਗਿਆ ਹੈ ਅਤੇ ਹੁਣ ਸਾਡਾ ਮਕਸਦ ਪੰਜਾਬ 'ਚ ਸੱਤਾ ਸਥਾਪਤੀ ਦੇ ਨਾਲ ਅਕਾਲੀ ਦਲ ਦਾ ਮੁੰਕਮਲ ਖਾਤਮਾ ਕਰਨ ਦਾ ਵੀ ਹੈ।