5 Dariya News

ਸਿੱਖਿਆ ਵਿਭਾਗ ਨੇ ਸਹਾਇਕ ਸਿੱਖਿਆ ਅਧਿਕਾਰੀਆਂ (ਖੇਡਾਂ) ਦੀਆਂ ਸਮੂਹ 22 ਜ਼ਿਲ੍ਹਿਆਂ ਵਿੱਚ ਲੈਕਚਰਾਰ ਕਾਡਰ 'ਚ ਅਸਾਮੀਆਂ ਮਨਜ਼ੂਰ ਕੀਤੀਆਂ

ਏ.ਈ.ਓ. ਦੀ ਨਿਯੁਕਤੀ ਲਈ ਹਰ ਜ਼ਿਲ੍ਹੇ ਵਿੱਚੋਂ ਪੰਜ ਜਣਿਆਂ ਦਾ ਪੈਨਲ ਮੰਗਿਆ, ਹਰ ਜ਼ਿਲੇ ਵਿੱਚ ਏ.ਈ.ਓ. ਦੇ ਨਾਲ ਇਕ-ਇਕ ਡੀ.ਪੀ.ਈ. ਤੇ ਪੀ.ਟੀ.ਆਈ. ਹੋਣਗੇ ਜ਼ਿਲਾ ਖੇਡ ਆਰਗੇਨਾਈਜ਼ਰ

5 Dariya News

ਚੰਡੀਗੜ੍ਹ (ਪੰਜਾਬ) 03-Aug-2016

ਸਿੱਖਿਆ ਵਿਭਾਗ ਵੱਲੋਂ ਆਪਣੇ ਖੇਡ ਵਿੰਗ ਨੂੰ ਮਜ਼ਬੂਤ ਕਰਦਿਆਂ ਸਕੂਲੀ ਖੇਡਾਂ ਦੇ ਸੁਚਾਰੂ ਪ੍ਰਬੰਧਾਂ ਲਈ ਹਰ ਜ਼ਿਲੇ ਵਿੱਚ ਸਹਾਇਕ ਸਿੱਖਿਆ ਅਧਿਕਾਰੀ (ਏ.ਈ.ਓ.) (ਖੇਡਾਂ) ਦੀਆਂ ਅਸਾਮੀਆਂ ਲੈਕਚਰਾਰ ਕਾਡਰ ਵਿੱਚ ਮਨਜ਼ੂਰ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਹਰ ਜ਼ਿਲੇ ਵਿੱਚ ਏ.ਈ.ਓ. ਦੀ ਮੱਦਦ ਲਈ ਇਕ-ਇਕ ਡੀ.ਪੀ.ਈ. ਤੇ ਪੀ.ਟੀ.ਆਈ. ਨੂੰ ਜ਼ਿਲਾ ਖੇਡ ਆਰਗੇਨਾਈਜ਼ਰ ਵਜੋਂ ਲਾਇਆ ਜਾਵੇਗਾ ਪਰ ਉਨ੍ਹਾਂ ਦੀ ਪੋਸਟਿੰਗ ਸਬੰਧਤ ਸਕੂਲ ਵਿੱਚ ਹੀ ਰਹੇਗੀ।ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ ਵੱਲੋਂ ਅੱਜ ਇਥੇ ਦਿੱਤੀ ਜਾਣਕਾਰੀ ਅਨੁਸਾਰ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਵੱਲੋਂ ਆਪਣੇ ਖੇਡ ਵਿੰਗ ਨੂੰ ਮਜ਼ਬੂਤ ਕਰਨ ਲਈ ਅਹਿਮ ਫੈਸਲੇ ਲਏ ਗਏ ਹਨ। ਹਰ ਜ਼ਿਲੇ ਵਿੱਚ ਏ.ਈ.ਓ. (ਖੇਡਾਂ) ਦੀ ਅਸਾਮੀ ਨੂੰ ਲੈਕਚਰਾਰ ਕਾਡਰ ਵਿੱਚ ਮਨਜ਼ੂਰ ਕੀਤਾ ਗਿਆ ਹੈ ਅਤੇ ਇਸ ਅਸਾਮੀ 'ਤੇ ਨਿਯੁਕਤ ਹੋਣ ਵਾਲਾ ਅਧਿਕਾਰੀ ਪੱਕੇ ਤੌਰ 'ਤੇ ਇਥੇ ਕੰਮ ਕਰੇਗਾ ਅਤੇ ਪਹਿਲਾਂ ਵਾਂਗ ਉਸ ਦੀ ਕਿਸੇ ਸਕੂਲ ਵਿੱਚ ਵਾਧੂ ਚਾਰਜ ਦੀ ਡਿਊਟੀ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਹਰ ਜ਼ਿਲੇ ਵਿੱਚ ਏ.ਈ.ਓ. ਦੀ ਨਿਯੁਕਤੀ ਲਈ ਹਰ ਜ਼ਿਲਾ ਸਿੱਖਿਆ ਅਧਿਕਾਰੀ ਤੋਂ ਪੰਜ ਜਣਿਆਂ ਦੀ ਪੈਨਲ ਮੰਗਿਆ ਗਿਆ ਹੈ ਜਿਸ ਵਿੱਚ ਮੈਰਿਟ ਕਮ ਸੀਨੀਅਰਤਾ ਦੇ ਨਾਲ ਸਬੰਧਤ ਅਧਿਕਾਰੀ ਦੀ ਸਹਿਮਤੀ ਜ਼ਰੂਰੀ ਹੋਵੇਗੀ। ਇਨ੍ਹਾਂ ਵਿੱਚੋਂ ਇਕ ਨੂੰ ਏ.ਈ.ਓ. ਲਗਾਇਆ ਜਾਵੇਗਾ। ਡੀ.ਪੀ.ਆਈ. ਸ੍ਰੀ ਢੋਲ ਨੇ ਕਿਹਾ ਕਿ ਸਿੱਖਿਆ ਮੰਤਰੀ ਜੀ ਦੇ ਨਿਰਦੇਸ਼ਾਂ ਮੁਤਾਬਕ ਸਕੂਲੀ ਖੇਡਾਂ ਦੇ ਸੁਚਾਰੂ ਪਬੰਧਾਂ ਅਤੇ ਖੇਡ ਵਿੰਗ ਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾਉਣ ਲਈ ਹਰ ਜ਼ਿਲੇ ਵਿੱਚ ਏ.ਈ.ਓ. ਦੀ ਮੱਦਦ ਲਈ ਦੋ ਜ਼ਿਲਾ ਪੱਧਰੀ ਖੇਡ ਆਰਗੇਨਾਈਜ਼ਰ ਲਾਏ ਜਾਣਗੇ ਅਤੇ ਇਨ੍ਹਾਂ ਵਿੱਚੋਂ ਇਕ ਡੀ.ਪੀ.ਈ. ਤੇ ਦੂਜਾ ਪੀ.ਟੀ.ਆਈ. ਹੋਵੇਗਾ। ਇਨ੍ਹਾਂ ਦੋਵਾਂ ਦੀ ਪੋਸਟਿੰਗ ਆਪਣੇ ਸਕੂਲ ਵਿੱਚ ਹੋਵੇਗੀ ਪਰ ਜ਼ਿਲਾ ਪੱਧਰ 'ਤੇ ਖੇਡਾਂ ਦੇ ਪ੍ਰਬੰਧ ਨੂੰ ਚਲਾਉਣ ਲਈ ਏ.ਈ.ਓ. ਨੂੰ ਮੱਦਦ ਕਰਨਗੇ।