5 Dariya News

ਔਰਤਾਂ ਲਈ 'ਈ-ਰਿਕਸ਼ਾ' ਸ਼ੁਰੂ ਕਰਨ ਵਾਲਾ ਲੁਧਿਆਣਾ ਸੂਬੇ ਦਾ ਪਹਿਲਾ ਸ਼ਹਿਰ, 11 'ਈ-ਰਿਕਸ਼ਾ' ਵਾਹਨਾਂ ਨੂੰ ਸਿੰਚਾਈ ਮੰਤਰੀ ਨੇ ਦਿਖਾਈ ਹਰੀ ਝੰਡੀ

ਔਰਤਾਂ/ਲੜਕੀਆਂ ਹੀ ਚਲਾਉਣਗੀਆਂ ਤੇ ਸਫ਼ਰ ਕਰਨਗੀਆਂ, ਔਰਤਾਂ ਦੇ ਸਸ਼ਕਤੀਕਰਨ ਅਤੇ ਸੁਰੱਖਿਆ ਸੰਬੰਧੀ ਜ਼ਿਲ੍ਹਾ ਪ੍ਰਸਾਸ਼ਨ ਦੀ ਪਹਿਲਕਦਮੀ ਸ਼ਲਾਘਾਯੋਗ-ਸ਼ਰਨਜੀਤ ਸਿੰਘ ਢਿੱਲੋਂ

5 Dariya News (ਅਜੇ ਪਾਹਵਾ)

ਲੁਧਿਆਣਾ 02-Aug-2016

ਜ਼ਿਲ੍ਹਾ ਲੁਧਿਆਣਾ ਦੀਆਂ ਔਰਤਾਂ/ਲੜਕੀਆਂ ਦੇ ਸਸ਼ਕਤੀਕਰਨ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਪ੍ਰਸਾਸ਼ਨ ਨੇ ਇੱਕ ਅਨੋਖੀ ਪਹਿਲਕਦਮੀ ਕੀਤੀ ਹੈ, ਜਿਸ ਤਹਿਤ ਪ੍ਰਸਿੱਧ ਵਪਾਰਕ ਅਦਾਰੇ 'ਹੀਰੋ ਇਲੈਕਟ੍ਰੀਕਲ', 'ਏਵਨ ਸਾਈਕਲਜ਼', 'ਫਿੱਕੀ', ਗੈਰ ਸਰਕਾਰੀ ਸੰਸਥਾ 'ਸਾਹਸ' ਅਤੇ ਹੋਰਾਂ ਨਾਲ ਮਿਲ ਕੇ ਸ਼ਹਿਰ ਵਿੱਚ 'ਈ-ਰਿਕਸ਼ਾ' ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਈਕੋ ਰਿਕਸ਼ਿਆਂ ਨੂੰ ਸਿਰਫ਼ ਔਰਤ/ਲੜਕੀ ਚਾਲਕ ਹੀ ਚਲਾਉਣਗੀਆਂ ਅਤੇ ਇਨ੍ਹਾਂ ਵਿੱਚ ਸਫ਼ਰ ਵੀ ਔਰਤਾਂ/ਲੜਕੀਆਂ ਹੀ ਕਰਿਆ ਕਰਨਗੀਆਂ। ਪਹਿਲੇ ਗੇੜ ਤਹਿਤ 11 'ਈ-ਰਿਕਸ਼ਾ' ਵਾਹਨ ਚਾਲੂ ਕੀਤੇ ਗਏ ਹਨ, ਜੋ ਕਿ ਗੁਲਾਬੀ ਰੰਗ ਵਿੱਚ ਸ਼ਹਿਰ ਲੁਧਿਆਣਾ ਦੀਆਂ ਸੜਕਾਂ 'ਤੇ ਦੌੜਦੇ ਦਿਖਾਈ ਦੇਣਗੇ। ਇਸ ਤਰ੍ਹਾਂ ਲੁਧਿਆਣਾ ਇਹ 'ਈ-ਰਿਕਸ਼ਾ' ਸ਼ੁਰੂ ਕਰਨ ਵਾਲਾ ਸੂਬੇ ਦਾ ਪਹਿਲਾ ਸ਼ਹਿਰ ਬਣ ਗਿਆ ਹੈ।ਇਨ੍ਹਾਂ ਰਿਕਸ਼ਿਆਂ ਨੂੰ ਹਰੀ ਝੰਡੀ ਦਿਖਾਉਣ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਨ੍ਹਾਂ 'ਈ-ਰਿਕਸ਼ਾ' ਨੂੰ ਸ਼ੁਰੂ ਕਰਨ ਦਾ ਇੱਕ ਮਕਸਦ ਔਰਤਾਂ/ਲੜਕੀਆਂ ਦਾ ਸਸ਼ਕਤੀਕਰਨ ਕਰਨਾ ਵੀ ਹੈ, ਤਾਂ ਜੋ ਉਹ ਆਪਣੇ ਪੈਰ੍ਹਾਂ 'ਤੇ ਖੜੀਆਂ ਹੋ ਸਕਣ ਅਤੇ ਹੋਰਨਾਂ ਔਰਤਾਂ ਲਈ ਪ੍ਰੇਰਨਾ ਬਣ ਸਕਣ। ਰਿਕਸ਼ਾ ਚਾਲਕ ਔਰਤਾਂ/ਲੜਕੀਆਂ ਨੂੰ ਮਾਰੂਤੀ ਸਜ਼ੂਕੀ, ਹੀਰੋ ਅਤੇ ਹੋਰ ਕੰਪਨੀਆਂ ਨੇ ਸਿਖ਼ਲਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਔਰਤਾਂ ਨੂੰ ਸੁਰੱਖਿਆ ਦਾ ਮਾਹੌਲ ਮਿਲੇਗਾ, ਉਥੇ ਸ਼ਹਿਰ ਦੇ ਪ੍ਰਦੂਸ਼ਣ ਵਿੱਚ ਵੀ ਭਾਰੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਲੁਧਿਆਣਾ ਵਿੱਚ ਇਹ ਤਜ਼ਰਬਾ ਸਫ਼ਲ ਹੋ ਗਿਆ ਤਾਂ ਪੰਜਾਬ ਸਰਕਾਰ ਪੂਰੇ ਸੂਬੇ ਵਿੱਚ ਇਸ ਯੋਜਨਾ ਨੂੰ ਲਾਗੂ ਕਰੇਗੀ। ਉਨ੍ਹਾਂ ਹੋਰ ਕਿਹਾ ਕਿ ਸ਼ਹਿਰ ਲੁਧਿਆਣਾ ਵਿੱਚੋਂ ਪ੍ਰਦੂਸ਼ਣ ਘੱਟ ਕਰਨ ਲਈ ਕੋਸ਼ਿਸ਼ ਕੀਤੀ ਜਾਵੇਗੀ ਕਿ ਜੋ ਪੁਰਾਣੇ ਥ੍ਰੀਵ੍ਹੀਲਰ ਚੱਲਦੇ ਹਨ ਉਨ੍ਹਾਂ ਦੇ ਚਾਲਕਾਂ ਨੂੰ ਸਸਤੀਆਂ ਦਰਾਂ 'ਤੇ ਇਹ 'ਈ-ਰਿਕਸ਼ਾ' ਮੁਹੱਈਆ ਕਰਵਾਏ ਜਾਣ। ਉਨ੍ਹਾਂ ਇਸ ਪਹਿਲਕਦਮੀ ਲਈ ਜ਼ਿਲ੍ਹਾ ਪ੍ਰਸਾਸ਼ਨ ਦੀ ਬਹੁਤ ਸ਼ਲਾਘਾ ਕੀਤੀ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਨਵੀਂ ਪਹਿਲ ਦਾ ਹਿੱਸਾ ਬਣਨ ਲਈ ਕਈ ਲੜਕੀਆਂ/ਔਰਤਾਂ ਨੇ ਹਿੰਮਤ ਦਿਖਾਈ ਹੈ। ਇਹ ਚਾਲਕ ਔਰਤਾਂ/ਲੜਕੀਆਂ 18 ਸਾਲ ਤੋਂ ਉੱਪਰ ਉਮਰ ਦੀਆਂ ਹਨ ਅਤੇ ਇਨ੍ਹਾਂ ਨੂੰ ਸਿਖ਼ਲਾਈ ਦਿਵਾ ਕੇ ਬਕਾਇਦਾ ਡਰਾਈਵਿੰਗ ਲਾਇਸੰਸ ਮੁਹੱਈਆ ਕਰਵਾਏ ਗਏ ਹਨ। ਸ਼ੁਰੂਆਤ ਵਿੱਚ ਇਹ ਰਿਕਸ਼ਾ ਵਾਹਨ ਕੁਝ ਚੋਣਵੇਂ ਰੂਟਾਂ 'ਤੇ ਹੀ ਚਲਾਏ ਜਾਣਗੇ, ਜਿੱਥੇ ਕਿ ਔਰਤਾਂ/ਲੜਕੀਆਂ ਦੀ ਆਵਾਜਾਈ ਜ਼ਿਆਦਾ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਨਿੱਤ ਦਿਨ ਹਜ਼ਾਰਾਂ ਔਰਤਾਂ/ਲੜਕੀਆਂ ਸਕੂਲਾਂ, ਕਾਲਜਾਂ ਜਾਂ ਹੋਰ ਅਦਾਰਿਆਂ ਵਿੱਚ ਕੰਮ ਕਰਨ ਲਈ ਜਨਤਕ ਟਰਾਂਸਪੋਰਟ ਸਾਧਨਾਂ ਰਾਹੀਂ ਜਾਂਦੀਆਂ ਹਨ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਇਨ੍ਹਾਂ ਰਿਕਸ਼ਿਆਂ ਨੂੰ ਚਲਾਉਣ ਲਈ ਔਰਤ ਚਾਲਕਾਂ ਨੂੰ ਹੀ ਭਰਤੀ ਕੀਤਾ ਜਾਵੇ ਤਾਂ ਜੋ ਸਫ਼ਰ ਕਰਨ ਵਾਲੀਆਂ ਔਰਤਾਂ ਦੇ ਮਨ ਵਿੱਚ ਸਫ਼ਰ ਦੌਰਾਨ ਸੁਰੱਖਿਆ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਡਰ ਜਾਂ ਭੈਅ ਨਾ ਹੋਵੇ। ਵੈਸੇ ਵੀ ਇਹ ਰਿਕਸ਼ਾ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਕੋਲ ਰਜਿਸਟਰਡ ਹਨ।ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਉਤਸ਼ਾਹਿਤ ਹੋਣ ਵਾਲੀਆਂ ਹੋਰ ਔਰਤਾਂ/ਲੜਕੀਆਂ ਨੂੰ ਵੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਟਰੇਡਰਜ਼ ਬੋਰਡ ਦੇ ਉੱਪ ਚੇਅਰਮੈਨ ਸ੍ਰੀ ਮਦਨ ਲਾਲ ਬੱਗਾ, ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਸ੍ਰ. ਪਰਮਜੀਤ ਸਿੰਘ, ਏਵਨ ਸਾਈਕਲਜ਼ ਤੋਂ ਸ੍ਰ. ਬੀ. ਐੱਸ. ਧੀਮਾਨ, ਹੀਰੋ ਇਲੈਕਟ੍ਰੀਕਲ ਤੋਂ ਸ੍ਰੀ ਸੁਨੀਲ ਸ਼ਰਮਾ ਅਤੇ ਫਿੱਕੀ ਤੋਂ ਸ਼੍ਰੀਮਤੀ ਸੰਗੀਤਾ ਭੰਡਾਰੀ ਅਤੇ ਹੋਰ ਹਾਜ਼ਰ ਸਨ।