5 Dariya News

ਸ਼ਹਿਰ ਸਾਹਨੇਵਾਲ ਨੂੰ ਤਿੰਨ ਮਹੀਨੇ ਵਿੱਚ 100 ਫੀਸਦੀ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਸਹੂਲਤ ਨਾਲ ਲੈੱਸ ਕੀਤਾ ਜਾਵੇਗਾ- ਸ਼ਰਨਜੀਤ ਸਿੰਘ ਢਿੱਲੋਂ

80 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦੇ ਆਖ਼ਰੀ ਗੇੜ ਦਾ ਕੰਮ ਸ਼ੁਰੂ, -ਸਾਹਨੇਵਾਲ ਨੂੰ ਵਿਕਾਸ ਪੱਖੋਂ ਨਮੂਨੇ ਦਾ ਹਲਕਾ ਬਣਾਉਣ ਦਾ ਤਹੱਈਆ

5 Dariya News

ਸਾਹਨੇਵਾਲ 01-Aug-2016

ਪੰਜਾਬ ਸਰਕਾਰ ਵੱਲੋਂ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਅਤੇ ਸੀਵਰੇਜ਼ ਸਹੂਲਤ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੀ ਕਵਾਇਦ ਤਹਿਤ ਸ਼ਹਿਰ ਸਾਹਨੇਵਾਲ ਨੂੰ ਅਗਲੇ ਤਿੰਨ ਮਹੀਨੇ ਵਿੱਚ 100 ਫੀਸਦੀ ਸ਼ੁੱਧ ਪੀਣ ਵਾਲੇ ਪਾਣੀ ਅਤੇ ਮੁਕੰਮਲ ਸੀਵਰੇਜ਼ ਨਾਲ ਜੋੜ ਦਿੱਤਾ ਜਾਵੇਗਾ। ਕਰੀਬ 80 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਇਸ ਪ੍ਰੋਜੈਕਟ ਦੇ ਆਖ਼ਰੀ ਗੇੜ ਦੇ ਕੰਮ ਦਾ ਨੀਂਹ ਪੱਥਰ ਅੱਜ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਰੱਖਿਆ। ਇਸ ਮੌਕੇ ਸਥਾਨਕ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।ਇਸ ਮੌਕੇ ਲੋਕਾਂ ਨਾਲ ਗੱਲਬਾਤ ਕਰਦਿਆਂ ਸ੍ਰ. ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਸਭ ਤੋਂ ਪਹਿਲੀ ਤਵੱਜੋਂ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਹੈ, ਜਿਸ ਤਹਿਤ ਸ਼ਹਿਰ ਸਾਹਨੇਵਾਲ ਵਿੱਚ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਅਤੇ ਸੀਵਰੇਜ਼ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਸ ਪ੍ਰੋਜੈਕਟ ਲਈ ਪਹਿਲਾਂ 70 ਕਰੋੜ ਰੁਪਏ ਮਨਜ਼ੂਰ ਕੀਤੇ ਸਨ, ਜਿਸ ਨਾਲ ਸ਼ਹਿਰ ਵਿੱਚ ਕਰੀਬ 85 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਪਰ ਹੁਣ ਜੋ ਕੰਮ ਬਾਕੀ ਰਹਿ ਗਿਆ ਸੀ, ਉਸ ਨੂੰ ਮੁਕੰਮਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਾਢੇ 9 ਕਰੋੜ ਰੁਪਏ ਤੋਂ ਵਧੇਰੇ ਦੀ ਰਾਸ਼ੀ ਹੋਰ ਮਨਜ਼ੂਰ ਕੀਤੀ ਗਈ ਹੈ, ਜਿਸ ਨਾਲ ਕੰਮ ਅੱਜ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕੰਮ ਅਗਲੇ ਤਿੰਨ ਮਹੀਨੇ ਵਿੱਚ ਮੁਕੰਮਲ ਕੀਤਾ ਜਾਵੇਗਾ। ਇਹ ਕੰਮ ਮੁਕੰਮਲ ਹੋਣ ਨਾਲ ਪੂਰਾ ਸ਼ਹਿਰ ਸ਼ੁੱਧ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਸਹੂਲਤ ਨਾਲ 100 ਫੀਸਦੀ ਲੈੱਸ ਹੋ ਜਾਵੇਗਾ। 

ਸ੍ਰ. ਢਿੱਲੋਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕਰਾਉਣ ਲਈ ਉਨ੍ਹਾਂ ਨੇ ਮਹਿਕਮੇ ਨੂੰ ਸਪੱਸ਼ਟ ਹਦਾਇਤ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਇਕੱਲਾ ਸ਼ਹਿਰ ਹੀ ਨਹੀਂ ਸਗੋਂ ਉਨ੍ਹਾਂ ਦੇ ਹਲਕੇ ਦੇ ਕਈ ਪਿੰਡਾਂ ਵਿੱਚ ਵੀ ਸੀਵਰੇਜ਼ ਪਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਜਲਦ ਹੀ ਇਸ ਸੀਵਰੇਜ ਨਾਲ ਇਲਾਕੇ ਦੇ ਹੋਰ ਪਿੰਡਾਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸ੍ਰ. ਢਿੱਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੀਵਰੇਜ ਨਾਲ ਕੁਨੈਕਸ਼ਨ ਉਸ ਵੇਲੇ ਤੱਕ ਨਾ ਜੋੜਨ ਜਦੋਂ ਤੱਕ ਇਸਦਾ ਨਿਰਮਾਣ ਕਾਰਜ ਬਿਲਕੁਲ ਮੁਕੰਮਲ ਨਾ ਹੋ ਜਾਵੇ। ਇਸ ਤੋਂ ਇਲਾਵਾ ਸੀਵਰੇਜ ਵਿੱਚ ਬੇਲੋੜੀਆਂ ਵਸਤਾਂ ਵੀ ਸੁੱਟਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਇਸ ਇਲਾਕੇ ਵਿੱਚ ਸੀਵਰੇਜ ਦਾ ਕੰਮ ਮੁਕੰਮਲ ਹੋਣ 'ਤੇ ਉਹ ਇਸ ਇਲਾਕੇ ਨੂੰ ਨਮੂਨੇ ਦਾ ਇਲਾਕਾ ਬਣਾਉਣਗੇ, ਜਿਸ ਤਹਿਤ ਗਲੀਆਂ ਵਿੱਚ ਟਾਈਲਾਂ ਅਤੇ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ। ਇਸ ਮੌਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਪਵਨ ਕੁਮਾਰ ਟਿੰਕੂ ਅਤੇ ਹੋਰ ਮੋਹਤਬਰ ਵਿਅਕਤੀ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।