5 Dariya News

ਬਿਕਰਮ ਸਿੰਘ ਮਜੀਠੀਆ ਨੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਇਕੋ ਛੱਤ ਵਾਲੇ 2 ਮੈਗਾਵਾਟ ਸਮਰੱਥਾ ਵਾਲੇ ਸੌਰ ਊਰਜਾ ਪ੍ਰਾਜੈਕਟ ਸਮੇਤ 10 ਮੈਗਾਵਾਟ ਵਾਲੇ 8 ਹੋਰ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

ਪੇਂਡੂ ਖੇਤਰਾਂ ਵਿੱਚ ਐਲ.ਈ.ਡੀ. ਆਧਾਰਿਤ ਸੌਰ ਸਟਰੀਟ ਲਾਈਟਾਂ ਸਥਾਪਤ ਕਰਨ ਵਿੱਚ ਪੰਜਾਬ ਦੇਸ਼ ਦੀ ਅਗਵਾਈ ਕਰੇਗਾ

5 Dariya News

ਚੰਡੀਗੜ੍ਹ 27-Jul-2016

ਸੌਰ ਊਰਜਾ ਦੇ ਖੇਤਰ ਵਿੱਚ ਪੰਜਾਬ ਨੇ ਅੱਜ ਇਕ ਹੋਰ ਵੱਡਾ ਮੀਲ ਪੱਥਰ ਸਥਾਪਤ ਕੀਤਾ ਜਦੋਂ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਇਕ ਛੱਤ ਵਾਲੇ 2 ਮੈਗਾਵਾਟ ਸਮਰੱਥਾ ਵਾਲੇ ਸੌਰ ਊਰਜਾ ਪ੍ਰਾਜੈਕਟ ਸਮੇਤ 10 ਮੈਗਾਵਾਟ ਵਾਲੇ 8 ਹੋਰ ਪ੍ਰਾਜੈਕਟਾਂ ਦਾ ਉਦਘਾਟਨ ਅੱਜ ਇੱਥੇ ਨਵੀਂ ਫਲ ਅਤੇ ਸਬਜ਼ੀ ਮੰਡੀ ਵਿਖੇ ਕੀਤਾ।ਸੂਬੇ ਵਿੱਚ 9 ਵੱਖ-ਵੱਖ ਥਾਵਾਂ 'ਤੇ ਅਜ਼ੂਰ ਗਰੁੱਪ ਵੱਲੋਂ 70 ਕਰੋੜ ਦੀ ਲਾਗਤ ਨਾਲ ਕੁੱਲ 10 ਮੈਗਾਵਾਟ ਵਾਲੇ ਸਥਾਪਤ ਕੀਤੇ ਸੌਰ ਊਰਜਾ ਫੋਟੋਵੌਲਟਿਕ ਰੂਫਟੌਪ ਪਾਵਰ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਉਪਰੰਤ ਗੱਲ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਪ੍ਰਦੂਸ਼ਣ ਰਹਿਤ ਸਾਫ ਸੁਥਰੀ ਊਰਜਾ ਪੈਦਾ ਕਰਨ ਦੇ ਖੇਤਰ ਵਿੱਚ ਇਕ ਪੁਲਾਂਘ ਹੋਰ ਪੁੱਟਦਿਆਂ ਹੁਣ ਪੰਜਾਬ ਵਿੱਚ ਛੱਤ ਵਾਲੇ ਪ੍ਰਾਜੈਕਟਾਂ ਰਾਹੀਂ ਘਰਾਂ ਦੇ ਕਮਰਿਆਂ ਦੇ ਨਾਲ-ਨਾਲ ਦਫਤਰਾਂ ਨੂੰ ਵੀ ਰੌਸ਼ਨ ਕੀਤਾ ਜਾਵੇਗਾ। ਇਥੇ ਨਵੀਂ ਫਲ ਤੇ ਸਬਜ਼ੀ ਮੰਡੀ ਵਿਖੇ ਕੀਤੇ ਉਦਘਾਟਨੀ ਸਮਾਰੋਹ ਮੌਕੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਵੀ ਹਾਜ਼ਰ ਹੋਏ। ਮਜੀਠੀਆ ਨੇ ਕਿਹਾ ਕਿ ਪੰਜਾਬ ਜੋ ਕਿ ਸੌਰ ਰੂਫਟੌਪ ਫੋਟੋਵੌਲਟਿਕ ਪ੍ਰਾਜੈਕਟਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਹੈ, ਵੱਲੋਂ ਇਸ ਤੋਂ ਪਹਿਲਾਂ ਛੱਤ ਵਾਲੇ ਪ੍ਰਾਜੈਕਟਾਂ ਰਾਹੀਂ 58.5 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਅਤੇ ਅੱਜ ਇਸ ਉਤਪਾਦਨ ਵਿੱਚ 10 ਮੈਗਾਵਾਟ ਹੋਰ ਵਾਧਾ ਹੋ ਗਿਆ। ਉਨ੍ਹਾਂ ਕਿਹਾ ਕਿ ਸੌਰ ਊਰਜਾ ਲਈ ਜਗ੍ਹਾਂ ਦੀ ਘਾਟ ਦੀ ਸਮੱਸਿਆ ਨੂੰ ਛੱਤ ਵਾਲੇ ਪ੍ਰਾਜੈਕਟ ਲਗਾ ਕੇ ਪੂਰਾ ਕੀਤਾ ਜਾ ਸਕਦਾ ਅਤੇ ਇਸ ਖੇਤਰ ਵਿੱਚ ਪੰਜਾਬ ਨੇ ਪਹਿਲਾਂ ਹੀ ਵੱਡੀ ਪੁਲਾਂਘ ਪੁੱਟਦਿਆਂ ਅੰਮ੍ਰਿਤਸਰ ਜ਼ਿਲੇ ਵਿੱਚ ਡੇਰਾ ਬਿਆਸ ਵਿਖੇ 19.5 ਮੈਗਾਵਾਟ ਸਮੱਰਥਾ ਵਾਲਾ ਛੱਤ ਵਾਲਾ ਪ੍ਰਾਜੈਕਟ ਸਥਾਪਤ ਕੀਤਾ ਜੋ ਵਿਸ਼ਵ ਵਿੱਚ ਸਭ ਤੋਂ ਵੱਡਾ ਰੂਫਟੌਪ ਸੌਰ ਊਰਜਾ ਪ੍ਰਾਜੈਕਟ ਹੈ। ਅੱਜ ਦੇ ਇਨ੍ਹਾਂ ਪ੍ਰਾਜੈਕਟਾਂ ਦੇ ਉਦਘਾਟਨ ਨਾਲ ਛੱਤ ਵਾਲੇ ਪ੍ਰਾਜੈਕਟਾਂ ਨੂੰ ਹੋਰ ਹੁਲਾਰਾ ਮਿਲੇਗਾ।

ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਨੇ ਸਾਫ ਸੁਥਰੀ ਤੇ ਕੁਦਰਤੀ ਊਰਜਾ ਨੂੰ ਵੱਡੇ ਪੱਧਰ 'ਤੇ ਉਤਸ਼ਾਹਤ ਕਰਨ ਲਈ ਸਰਕਾਰੀ ਇਮਾਰਤਾਂ ਉਪਰ ਰੂਫਟੌਪ ਸੌਰ ਊਰਜਾ ਪ੍ਰਾਜੈਕਟ ਸਥਾਪਤ ਕਰਨ ਦੀ ਲੋੜ ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਸੂਬੇ ਦੇ ਸਮੂਹ ਸਰਕਾਰੀ ਵਿਭਾਗਾਂ ਨਾਲ ਤਾਲਮੇਲ ਕਰ ਕੇ ਸਰਕਾਰੀ ਇਮਾਰਤਾਂ ਦੀਆਂ ਛੱਤਾਂ ਉਪਰ ਲੀਜ਼ ਉਪਰ ਸੌਰ ਊਰਜਾ ਪ੍ਰਾਜੈਕਟ ਸਥਾਪਤ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਸਾਫ ਸੁਥਰੀ ਪ੍ਰਦੂਸ਼ਣ ਰਹਿਤ ਊਰਜਾ ਪੈਦਾ ਕਰ ਕੇ ਵਾਤਾਵਰਣ ਨੂੰ ਫਾਇਦਾ ਪੁੱਜੇਗਾ ਉਥੇ ਇਹ ਵਿਭਾਗਾਂ ਲਈ ਕਮਾਈ ਦੇ ਸਾਧਨ ਵੀ ਬਣਨਗੇ। ਉਨ੍ਹਾਂ ਕਿਹਾ ਕਿ ਅਸੀਂ ਹੁਣ ਤੱਕ 1050 ਮੈਗਾਵਾਟ ਸਮਰੱਥਾ ਵਾਲੇ ਸੌਰ ਊਰਜਾ ਪ੍ਰਾਜੈਕਟ ਸਥਾਪਤ ਕਰ ਚੁੱਕੇ ਹਾਂ ਜਿਹੜੇ ਕਿ 4.30 ਕਰੋੜ ਬੂਟੇ ਲਗਾਉਣ ਬਰਾਬਰ ਹੈ । ਇਸ ਨਾਲ 5000 ਯੁਵਕਾਂ ਨੂੰ ਸਿੱਧੇ ਤੇ ਅਸਿੱਧੇ ਤੌਰ 'ਤੇ ਰੁਜ਼ਗਾਰ ਵੀ ਮਿਲਿਆ ਹੈ। ਮਜੀਠੀਆ ਨੇ ਕਿਹਾ ਕਿ ਸੌਰ ਊਰਜਾ ਪੈਦਾ ਕਰਨ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਨ ਵਾਲਾ ਪੰਜਾਬ ਹੁਣ ਪੇਂਡੂ ਖੇਤਰਾਂ ਵਿੱਚ ਐਲ.ਈ.ਡੀ. ਆਧਾਰਿਤ ਸੌਰ ਸਟਰੀਟ ਲਾਈਟਾਂ ਸਥਾਪਤ ਕਰਨ ਵਿੱਚ ਦੇਸ਼ ਦੀ ਅਗਵਾਈ ਕਰੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਕਿਸਾਨਾਂ ਵੱਲੋਂ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ । ਇਸ ਪ੍ਰਾਜੈਕਟ ਵਿੱਚ ਕੌਮਾਂਤਰੀ ਸਰੱਹਦ ਨਾਲ ਲੱਗਦੇ ਜ਼ਿਲ੍ਹਿਆਂ ਅਤੇ ਕੰਢੀ ਖੇਤਰ ਵਾਲੇ ਪਿੰਡਾਂ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲ ਵਾਲੇ ਪਿੰਡਾਂ ਨੂੰ ਸਿਰਫ 1500 ਪ੍ਰਤੀ ਲਾਈਟ ਖਰਚ ਕਰਨੇ ਪੈਣਗੇ ਅਤੇ ਬਾਕੀ 13,400 ਰੁਪਏ ਪ੍ਰਤੀ ਲਾਈਟ ਸੂਬਾ ਸਰਕਾਰ, ਪੇਡਾ ਅਤੇ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣਗੇ।

ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਪੰਜਾਬ ਇਸ ਵੇਲੇ ਵਾਧੂ ਬਿਜਲੀ ਉਤਪਾਦਨ ਵਾਲਾ ਸੂਬਾ ਬਣ ਗਿਆ ਅਤੇ ਨਵ ਤੇ ਨਵਿਆਉਣਯੋਗ ਊਰਜਾ ਵਿਭਾਗ ਇਸ ਖੇਤਰ ਵਿੱਚ ਅਹਿਮ ਰੋਲ ਨਿਭਾਦਾ ਹੋਇਆ ਸਾਫ ਸੁਥਰੀ ਊਰਜਾ ਪੈਦਾ ਕਰ ਕੇ ਸੂਬੇ ਨੂੰ ਨਵੀਆਂ ਉਚਾਈਆਂ 'ਤੇ ਲਿਜਾ ਰਿਹਾ ।ਅਜ਼ੂਰ ਸੋਲਰ ਪਾਵਰ ਚੇਅਰਮੈਨ ਸ੍ਰੀ ਐਚ.ਐਸ.ਵਧਵਾ ਨੇ ਕਿਹਾ ਕਿ ਪੰਜਾਬ ਸਰਕਾਰ, ਪੇਡਾ ਤੇ ਨਿਵੇਸ਼ ਬਿਊਰੋ ਵੱਲੋਂ ਦਿੱਤੇ ਜਾ ਰਹੇ ਭਰਪੂਰ ਸਹਿਯੋਗ ਸਦਕਾ ਅਜ਼ੂਰ ਗਰੁੱਪ ਵੱਲੋਂ ਪੰਜਾਬ ਵਿੱਚ ਸੌਰ ਊਰਜਾ ਉਤਪਾਦਨ ਵਿੱਚ 1500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ । ਨਵੇਂ ਪ੍ਰਾਜੈਕਟ ਨਾਲ ਸੌਰ ਊਰਜਾ ਰਾਹ 10 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਵੇਗੀ। 10 ਮੈਗਾਵਾਟ ਰੂਫਟੌਪ ਸੌਰ ਊਰਜਾ ਫੋਟੋਵੌਲਟਿਕ ਪ੍ਰਾਜੈਕਟ ਵਾਲੀ ਇਸ ਨਵ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੁਹਾਲੀ ਸਥਿਤ ਨਵ ਫਲ ਤੇ ਸਬਜ਼ੀ ਮੰਡੀ ਤੋਂ 2 ਮੈਗਾਵਾਟ, ਆਈ.ਟੀ.ਸੀ. ਵੇਅਰਹਾਊਸ ੰਨੀ ਕਲਾਂ ਤੋਂ 1.85 ਮੈਗਾਵਾਟ, ਟਾਟਾ ਵੇਅਰਹਾਊਸ ਮੋਰਿੰਡਾ ਤੋਂ 1.6 ਮੈਗਾਵਾਟ, ਸਕਾਈਰੌਸ ਪੈਪਸੀਕੋ ਵੇਅਰਹਾਊਸ ਚੰਨੋ ਤੋਂ 1.25 ਮੈਗਾਵਾਟ, ਨਵ ਸਬਜ਼ੀ ਮੰਡੀ ਧਿਆਣਾ ਤੋਂ 0.76 ਮੈਗਾਵਾਟ, ਗੌਦਰੇਜ ਵੇਅਰਹਾਊਸ ਜ਼ੀਰਕਪੁਰ ਤੋਂ 1.25 ਮੈਗਾਵਾਟ, ਨਵ ਅਨਾਜ ਮੰਡੀ ਮਾਨਸਾ ਤੋਂ 0.63 ਮੈਗਾਵਾਟ, ਸੀ.ਏ.ਵੈਜੀਫਰੂਟ ਸਟੋਰ ਖਰੜ ਤੋਂ 0.6 ਮੈਗਾਵਾਟ ਅਤੇ ਰਿਲਾਇੰਸ ਵੇਅਰਹਾਊਸ ਫਤਹਿਗੜ੍ਹ ਸਾਹਿਬ ਤੋਂ 0.55 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਵੇਗੀ।ਇਸ ਮੌਕੇ ਮੁੱਖ ਸੰਸਦੀ ਸਕੱਤਰ ਸ੍ਰੀ ਐਨ.ਕੇ.ਸ਼ਰਮਾ, ਪੰਜਾਬ ਮੰਡੀ ਬੋਰਡ ਦੇ ਵਾਈਸ ਚੇਅਰਮੈਨ ਸ. ਰਵਿੰਦਰ ਸਿੰਘ ਚੀਮਾ, ਪ੍ਰਮੁੱਖ ਸਕੱਤਰ, ਨਵ ਤੇ ਨਵਿਆਉਣਯੋਗ ਊਰਜਾ ਸ੍ਰੀ ਅਨਿਰੁੱਧ ਤਿਵਾੜੀ, ਪੇਡਾ ਦੇ ਮੁੱਖ ਕਾਰਜਕਾਰਨੀ ਅਧਿਕਾਰੀ ਡਾ.ਅਮਰਪਾਲ ਸਿੰਘ ਵੀ ਹਾਜ਼ਰ ਸਨ।