ਪਿੰਡ ਢੈਪਈ ਵਿਖੇ ਵਿਲੱਖਣ 'ਸਪੋਰਟਸ ਪਾਰਕ' ਦਾ ਉਦਘਾਟਨ
ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੇ ਕੀਤਾ ਲੋਕ ਅਰਪਣ, ਦਿਹਾਤੀ ਖੇਤਰ ਵਿੱਚ ਆਪਣੀ ਤਰ੍ਹਾਂ ਦਾ ਦੇਸ਼ ਦਾ ਪਹਿਲਾ 'ਸਪੋਰਟਸ ਪਾਰਕ' ਹੋਣ ਦਾ ਦਾਅਵਾ
5 Dariya News (ਅਜੇ ਪਾਹਵਾ)
ਢੈਪਈ 26-Jul-2016
ਪਿੰਡ ਢੈਪਈ ਵਿਖੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਉੱਦਮ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਣਾਇਆ ਗਿਆ ਸ਼ਾਨਦਾਰ 'ਸਪੋਰਟਸ ਪਾਰਕ' ਖ਼ਿਡਾਰੀਆਂ ਅਤੇ ਪਿੰਡ ਵਾਸੀਆਂ ਨੂੰ ਲੋਕ ਅਰਪਣ ਕਰ ਦਿੱਤਾ ਗਿਆ ਹੈ। ਇਸ ਅਤਿ ਆਧੁਨਿਕ ਸਪੋਰਟਸ ਪਾਰਕ ਦਾ ਉਦਘਾਟਨ ਵਿਧਾਇਕ ਇਯਾਲੀ ਵੱਲੋਂ ਲੁਧਿਆਣਾ (ਪੂਰਬੀ) ਹਲਕੇ ਦੇ ਵਿਧਾਇਕ ਸ੍ਰ. ਰਣਜੀਤ ਸਿੰਘ ਢਿੱਲੋਂ, ਪੰਜਾਬ ਵਪਾਰ ਮੰਡਲ ਦੇ ਉੱਪ ਚੇਅਰਮੈਨ ਸ੍ਰੀ ਮਦਨ ਲਾਲ ਬੱਗਾ, ਜ਼ਿਲ੍ਹਾ ਪੁਲਿਸ ਮੁਖੀ (ਲੁਧਿਆਣਾ ਦਿਹਾਤੀ) ਸ੍ਰ. ਉਪਿੰਦਰਜੀਤ ਸਿੰਘ ਘੁੰਮਣ ਦੀ ਹਾਜ਼ਰੀ ਵਿੱਚ ਕੀਤਾ। ਇਹ ਸਪੋਰਟਸ ਪਾਰਕ ਸੰਤ ਬਾਬਾ ਮੀਂਹਾਂ ਸਿੰਘ ਸਿਆੜ੍ਹ ਵਾਲਿਆਂ ਦੀ ਯਾਦ ਵਿੱਚ ਤਿਆਰ ਕੀਤਾ ਗਿਆ ਹੈ।ਇਸ ਮੌਕੇ ਰੱਖੇ ਪ੍ਰਭਾਵਸ਼ਾਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ੍ਰ. ਇਯਾਲੀ ਨੇ ਦੱਸਿਆ ਕਿ ਹਲਕਾ ਦਾਖਾ ਵਿੱਚ ਕੁੱਲ 60 ਸਪੋਰਟਸ ਪਾਰਕ ਅਤੇ 16 ਵਾਲੀਬਾਲ ਦੇ ਆਧੁਨਿਕ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ। ਖੇਡ ਪਾਰਕਾਂ ਵਿੱਚੋਂ ਪਿੰਡ ਗੁੱਜਰਵਾਲ ਅਤੇ ਪਿੰਡ ਢੈਪਈ ਵਿਖੇ ਖੇਡ ਪਾਰਕ ਬਣਾ ਕੇ ਲੋਕਾਂ ਦੀ ਸਹੂਲਤ ਲਈ ਖੋਲ੍ਹੇ ਜਾ ਚੁੱਕੇ ਹਨ, ਜਦਕਿ ਇੱਕ ਮਹੀਨੇ ਵਿੱਚ ਪਿੰਡ ਚਚਰਾੜੀ, ਜਾਂਗਪੁਰ, ਸਹੌਲੀ, ਰੁੜਕਾ, ਧੂਰਕੋਟ, ਲਤਾਲਾ, ਭੱਟੀਆਂ ਢਾਹਾਂ, ਭੂੰਦੜੀ, ਦਾਖਾ ਅਤੇ ਭਰੋਵਾਲ ਕਲਾਂ ਵਿੱਚ ਵੀ ਖੇਡ ਮੈਦਾਨ ਤਿਆਰ ਹੋ ਜਾਣਗੇ। ਜਦਕਿ ਬਾਕੀ ਰਹਿੰਦੇ ਸਾਰੇ ਮੈਦਾਨ ਅਗਲੇ ਤਿੰਨ ਮਹੀਨੇ ਵਿੱਚ ਤਿਆਰ ਕਰਕੇ ਲੋਕ ਅਰਪਣ ਕਰਨ ਦਾ ਟੀਚਾ ਹੈ।
ਪਿੰਡ ਢੈਪਈ ਸਥਿਤ ਇਸ 4 ਏਕੜ ਰਕਬੇ ਵਿੱਚ ਤਿਆਰ ਕੀਤੇ ਗਏ ਖੇਡ ਪਾਰਕ ਵਿੱਚ ਫੁੱਟਬਾਲ ਮੈਦਾਨ, ਹਾਕੀ ਮੈਦਾਨ, ਬਾਸਕਿਟਬਾਲ, ਵਾਲੀਬਾਲ, ਬੈਡਮਿੰਟਨ, ਸਕੇਟਿੰਗ ਟਰੈਕ, ਅਥਲੈਟਿਕਸ ਟਰੈਕ, ਓਪਨ ਜਿੰਮ, ਬੱਚਿਆਂ ਦੇ ਖੇਡਣ ਅਤੇ ਮਨੋਰੰਜਨ ਲਈ ਝੂਲੇ, ਓਪਨ ਏਅਰ ਜਿੰਮ, ਸਪਰਿੰਕਲ ਸਿਸਟਮ, ਸੈਰ ਲਈ ਫੁੱਟਪਾਥ, ਹੱਟਸ, ਬੈਠਣ ਲਈ ਬੈਂਚ, ਫੁੱਟਲਾਈਟਸ, ਫਲੱਡ ਲਾਈਟਸ ਅਤੇ ਚਾਰੇ ਪਾਸਿਆਂ ਤੋਂ ਤਾਰ (ਫੇਂਸਿੰਗ) ਲਗਵਾਈ ਗਈ ਹੈ। ਇਹ ਖੇਡ ਪਾਰਕ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਇਸ ਵਿੱਚ ਮੀਂਹ ਨਾਲ ਜਾਂ ਕਿਸੇ ਹੋਰ ਕਾਰਨ ਕਰਕੇ ਪਾਣੀ ਖੜ੍ਹਾ ਨਹੀਂ ਹੋਵੇਗਾ ਕਿਉਂਕਿ ਪਾਣੀ ਦੀ ਨਿਕਾਸੀ ਪਿੰਡ ਵਿੱਚ ਹੀ ਆਧੁਨਿਕ ਤਰੀਕੇ ਨਾਲ ਤਿਆਰ ਕੀਤੇ ਟੋਭੇ ਨਾਲ ਜੋੜੀ ਗਈ ਹੈ। ਇਯਾਲੀ ਨੇ ਦਾਅਵਾ ਕੀਤਾ ਕਿ ਇਹ ਖੇਡ ਮੈਦਾਨ ਦੇਸ਼ ਦੇ ਦਿਹਾਤੀ ਖੇਤਰ ਵਿੱਚ ਬਣੇ ਖੇਡ ਮੈਦਾਨਾਂ ਤੋਂ ਸਰਬੋਤਮ ਹੈ। ਇਸ ਮੌਕੇ ਦੇਖਿਆ ਗਿਆ ਕਿ ਪਿੰਡ ਦੀਆਂ ਔਰਤਾਂ ਅਤੇ ਬੱਚੇ ਜਿੱਥੇ ਓਪਨ ਜਿੰਮ ਵਿੱਚ ਕਸਰਤ ਕਰ ਰਹੇ ਸਨ, ਉਥੇ ਪਿੰਡ ਵਾਸੀ ਹਰੇ ਭਰੇ ਘਾਹ ਵਿੱਚ ਸੈਰ ਕਰਕੇ ਆਨੰਦ ਲੈ ਰਹੇ ਸਨ। ਦੂਜੇ ਪਾਸੇ ਖੇਡ ਮੈਦਾਨ ਵਿੱਚ ਫੁੱਟਬਾਲ, ਵਾਲੀਬਾਲ ਅਤੇ ਬਾਸਕਿਟਬਾਲ ਦੇ ਪ੍ਰਦਰਸ਼ਨੀ ਮੈਚ ਵੀ ਕਰਵਾਏ ਗਏ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਉਦਘਾਟਨੀ ਸਮਾਰੋਹ ਪਿੰਡ ਦੇ ਸਰਪੰਚ ਸ੍ਰ. ਬਦਨ ਸਿੰਘ ਦੇ ਸਪੁੱਤਰ ਸ੍ਰ. ਜਸਪਾਲ ਸਿੰਘ, ਸ੍ਰ. ਹਰਬੀਰ ਸਿੰਘ ਇਯਾਲੀ, ਸ੍ਰ. ਹਰਕਿੰਦਰ ਸਿੰਘ ਇਯਾਲੀ, ਸ੍ਰ. ਤਨਵੀਰ ਸਿੰਘ ਧਾਲੀਵਾਲ, ਸ੍ਰ. ਗੁਰਪ੍ਰੀਤ ਸਿੰਘ, ਸ੍ਰ. ਮਨਪ੍ਰੀਤ ਸਿੰਘ ਮਨੀ, ਵਿਸ਼ੂ ਅਤੇ ਹੋਰ ਪਿੰਡ ਵਾਸੀਆਂ ਤੋਂ ਬਿਨਾ ਵੱਡੀ ਗਿਣਤੀ ਵਿੱਚ ਆਮ ਲੋਕ ਹਾਜ਼ਰ ਸਨ।