5 Dariya News

ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ

5 Dariya News

ਚੰਡੀਗੜ੍ਹ 26-Jul-2016

ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕਰਨਾ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਹੋਰ  ਕਿਸਾਨਾਂ ਦਾ ਵੀ ਹੋਂਸਲਾ ਵੱਧਦਾ ਹੈ ਇਕ ਨਿਜੀ ਨਿਊਜ਼ ਚੈਨਲ ਵਲੋਂ ਕਰਵਾਏ ਗਏ ਇਕ ਸਨਮਾਨ ਸਮਾਰੋਹ ਵਿੱਚ   ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਦੇ  ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਸਨਮਾਨਿਤ ਹੋਣ ਵਾਲੇ ਕਿਸਾਨਾਂ ਨੇ ਮਿਸਾਲ ਪੈਦਾ ਕੀਤੀ ਹੈ ਕਿ ਕਿਸ ਤਰਾਂ ਵਿਪਰੀਤ ਹਾਲਾਤਾਂ ਵਿੱਚ ਕਾਮਯਾਬੀ ਹਾਂਸਲ ਕਰਕੇ ਆਪਣਾ ਲੋਹਾ ਮਨਵਾਇਆ ਜਾਂਦਾ ਹੈ।ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਸੂਬੇ ਦੇ ਕਿਸਾਨਾਂ ਨੂੰ ਉਨਾਂ ਦੀ ਸਖਤ ਮਿਹਨਤ ਸਦਕਾ ਮਿਲੀ ਸਫਲਤਾ ਨੂੰ ਸਨਮਾਨ ਮਿਲ ਰਿਹਾ ਹੈ।     ਖੇਤੀਬਾੜੀ ਮੰਤਰੀ ਨੇ ਕਿਹਾ ਕਿ ਖੇਤੀ ਵਿੱਚ ਹੋਣ ਵਾਲਾ ਖਰਚਾ ਕਈ ਸੋ ਗੁੱਣਾਂ ਵੱਧਣ ਕਾਰਨ ਦੇਸ਼ ਦੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਸਹਿਣਾ ਪੈ ਰਿਹਾ ਹੈ।ਜੱਦ ਕਿ ਫਸਲਾਂ ਦੀ ਕੀਮਤ ਖਰਚੇ ਦੇ ਮੁਤਾਬਕ ਬਹੁਤ ਘੱਟ ਹੈ  ਇਸ ਲਈ ਜਰੂਰੀ ਹੋ ਗਿਆ ਹੈ ਕਿ ਕੇਂਦਰ ਸਰਕਾਰ ਅਜਿਹੀਆਂ ਯੋਜਨਾਵਾਂ ਉਲੀਕੇ  ਜਿਸ ਨਾਲ ਖੇਤੀ ਤੇ ਹੋਣ ਵਾਲੇ ਖਰਚੇ ਦੇ ਅਨੁਸਾਰ ਹੀ ਫਸਲਾਂ ਦੀ ਕੀਮਤ ਨਿਸ਼ਚਤ ਕੀਤੀ ਜਾਵੇ।ਉਨਾਂ ਕਿਹਾ ਵਿਸ਼ਵ ਦਾ ਕੋਈ ਦੇਸ਼ ਕਿਸਾਨਾਂ ਅਤੇ ਖੇਤੀ ਦੀ ਸੁਰੱਖਿਆ ਤੋਂ ਬਿਨਾਂ ਸਫਲ ਨਹੀਂ ਹੋ ਸਕਦਾ ਅਤੇ ਜਿਹਨਾਂ ਦੇਸ਼ਾਂ ਨੇ ਕੇਵਲ ਉਦਯੋਗਿਕ ਵਿਕਾਸ ਵੱਲ ਹੀ ਧਿਆਨ ਦਿੱਤਾ ਉਨਾਂ ਨੂੰ ਬਾਅਦ ਵਿੱਚ ਗੰਭੀਰ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਦੀ ਮਿਸਾਲ ਰੂਸ ਹੈ।ਉਨਾਂ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਕਿ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਅਤੇ   ਖੇਤੀ ਵਿੱਚ ਆਧੁਨਿਕ ਤਕਨੀਕਾਂ ਨੂੰ ਅਪਣਇਆ ਜਾਵੇ।

ਸਮਾਗਮ ਵਿੱਚ ਪਸ਼ੂ ਪਾਲਣ,ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਪਹਿਲਾਂ ਦੇਸ਼ ਵਿੱਚ ਹਰੀ ਕ੍ਰਾਤੀਂ ਲਿਆ ਕੇ  ਕਿਸਾਨਾਂ ਨੇ ਦੇਸ਼ ਨੂੰ ਵਿਸ਼ਵ ਪੱਧਰ ਤੇ ਖੜਾ ਕੀਤਾ ਹੈ ਅਤੇ ਕਿਸਾਨਾਂ ਨੂੰ ਉਤਸਾਹਿਤ ਕਰਨ ਲਈ ਇਹ ਸਨਮਾਨ ਸਮਾਰੋਹ ਇਕ ਬਹੁੱਤ ਵੱਡਾ ਉਪਰਾਲਾ ਹੈ ਜਿਸ ਨਾਲ ਜਿਆਦਾ ਤੋਂ ਜਿਆਦਾ ਕਿਸਾਨਾ ਨੂੰ ਜੋੜਿਆ ਜਾਣਾ ਜਰੂਰੀ ਹੈ  ਤਾਂ ਜੋ ਕਿਸਾਨਾਂ ਨੂੰ ਵੱਡੇ ਪੱੱੱਧਰ ਤੇ ਉਤਸ਼ਾਹਿਤ ਕੀਤਾ ਜਾ ਸਕੇ। ਉਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਦੇਸ਼ ਦੇ ਕੇਵਲ 2 ਪ੍ਰਤੀਸ਼ਤ ਪਸ਼ੂ ਹਨ ਜੱਦ ਕਿ ਪੰਜਾਬ ਦੇਸ਼ ਦਾ 10 ਪ੍ਰਤੀਸ਼ਤ ਦੁੱਧ ਪੈਦਾ ਕਰਦਾ ਹੈ ਅਤੇ ਪ੍ਰਤੀ ਵਿਅਕਤੀ ਦੁੱਧ ਦੀ ਪੈਦਾਵਾਰ ਵਿੱਚ ਪੰਜਾਬ ਸੱਭ ਤੋਂ ਅੱਗੇ ਹੈ ਇਹ ਸਭ ਕੇਵਲ ਅਗਾਂਹਵਧੂ ਕਿਸਾਨਾਂ ਦੀ ਸਖਤ ਮਿਹਨਤ ਸਦਕਾ ਹੀ ਸੰਭਵ ਹੋ ਪਾਇਆ ਹੈ।ਉਨਾਂ ਕਿਹਾ ਕਿ ਫਸਲੀ ਵਿੰਭਿਨਤਾ ਅਧੀਨ ਕਿਸਾਨਾਂ ਨੂੰ ਪਸ਼ੂ ਪਾਲਣ ਕਿੱਤੇ ਨਾਲ ਜੋੜਕੇ ਉਨਾਂ ਦਾ ਆਰਥਿਕ ਪੱਧਰ ਉਚਾ ਚੁੱਕਿਆ ਜਾ ਸਕਦਾ ਹੈ ਅਤੇ ਖੇਤੀ ਵਿੱਚ ਹੋਣ ਵਾਲੇ ਘਾਟੇ ਨੂੰ ਸੀਮਤ ਕੀਤਾ ਜਾ ਸਕਦਾ ਹੈ। ਇਸ ਸਮਾਰੋਹ ਵਿੱਚ ਫਾਜ਼ਿਲਕਾ ਦੀ ਅਗਾਂਵਧੂ ਕਿਸਾਨ  ਕਰਮਜੀਤ ਕੌਰ(ਕੀਨੂੰ ਕੂਇਨ), ਮੋਹਾਲੀ ਦੇ ਅਗਾਂਹਵਧੂ ਦਲਵਿੰਦਰ ਸਿੰਘ,ਪਟਿਆਲਾ ਦੇ ਸਿਮਰਨਜੀਤ ਸਿੰਘ, ਅੰਮ੍ਰਿਤਸਰ ਦੇ ਜਗਮੋਹਨ ਸਿੰਘ,ਫਿਰੋਜ਼ਪੁਰ ਦੇ ਬੂਟਾ ਸਿੰਘ, ਚੰਡੀਗੜ੍ਹ ਦੇ ਰਾਹੁਲ ਮਹਾਜਨ ਅਤੇ ਜਗਦੀਪ ਸਿੰਘ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ।