5 Dariya News

ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਖੇਡ ਵਿੰਗ ਬੰਦ ਹੋਣ ਤੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਭੇਜਿਆ ਕਾਨੂੰਨੀ ਨੋਟਿਸ

ਖਿਡਾਰੀਆਂ ਦੇ ਇਨਸਾਫ ਲਈਆਖਰੀ ਦਮ ਤੱਕ ਲੜਾਈ ਲੜਾਂਗੇ- ਜਰਖੜ

5 Dariya News (ਅਜੇ ਪਾਹਵਾ)

ਲੁਧਿਆਣਾ 24-Jul-2016

ਮਾਨਯੋਗ ਹਾਈ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਦੇ ਸਮੂਹ ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਖੇਡ ਵਿੰਗ ਬੰਦ ਹੋਣ ਤੇ ਪੰਜਾਬ ਸਰਕਾਰ, ਸਿੱਖਿਆ ਮੰਤਰੀ ਪੰਜਾਬ, ਹਲਕਾ ਗਿੱਲ ਦੇ ਵਿਧਾਇਕ ਅਤੇ ਸਿੱਖਿਆ ਵਿਭਾਗ ਦੇ ਸਬੰਧਤ ਅਧਿਕਾਰੀਆ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਅਤੇ ਆਪਣੇ ਨਾਲ ਇਨਸਾਫ ਦੀ ਮੰਗ ਕਰਦਿਆ ਜਰਖੜ ਸਕੂਲ ਦੀ ਖੇਡ ਵਿੰਗ ਮੁੜ ਚਾਲੂ ਕਰਨ ਦੀ ਮੰਗ ਕੀਤੀ ਹੈ।ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਹਾਈਕੋਰਟ ਦੇ ਸੀਨੀਅਰ ਵਕੀਲ ਕੁਲਵੰਤ ਸਿੰਘ ਬੋਪਾਰਾਏ ਰਾਂਹੀ  ਸਰਕਾਰ ਅਤੇ ਉਕਤ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਕਿ ਖੇਡ ਵਿੰਗ ਬੰਦ ਕਰਨ ਦੀ ਕੀ ਵਜ੍ਹਾ ਹੈ ਜਦਕਿ ਪਿਛਲੇ ਅੱਠ ਸਾਲ ਤੋਂ ਜਰਖੜ ਖੇਡ ਵਿੰਗ ਕੌਮੀ ਪੱਧਰ ਤੇ ਵਧੀਆ ਨਤੀਜੇ ਅਤੇ ਆਪਣਾ ਵਧੀਆ ਅਨੁਸ਼ਾਸਨ ਦਰਸਾ ਰਹੇ ਹਨ।ਜਰਖੜ ਨੇ ਆਖਿਆ ਕਿ ਜੇਕਰ ਕਾਨੂੰਨੀ ਨੋਟਿਸ ਉੱਪਰ ਸਰਕਾਰ ਨੇ ਕੋਈ ਅਮਲ ਨਾ ਕੀਤਾ ਤਾਂ ਅਗਲੇ ਦਿਨਾਂ ਵਿੱਚ ਮਾਨਯੋਗ ਅਦਾਲਤ ਹਾਈਕੋਰਟ ਵਿੱਚ ਜਰਖੜ ਅਕੈਡਮੀ ਵੱਲੋਂ ਰਿੱਟ ਪਟੀਸ਼ਨ ਦਾਇਰ ਕੀਤੀ ਜਾਵੇਗੀ। ਉਹਨਾਂ ਆਖਿਆ ਕਿ ਕੁੱਝ ਰਾਜਸੀ ਰੰਜ਼ਿਸਾਂ ਕਾਰਨ ਸਾਡੇ ਰਾਜਨੀਤਿਕ ਆਗੂ ਉਭਰਦੇ ਹਾਕੀ ਖਿਡਾਰੀਆਂ ਦਾ ਭੱਵਿਖ ਤਬਾਹ ਕਰਨ ਤੇ ਤੁਲੇ ਹੋਏ ਹਨ ਪਰ ਉਹ ਖਿਡਾਰੀਆ ਦੇ ਇਨਸਾਫ ਲਈ ਆਖਰੀ ਦਮ ਤੱਕ ਲੜਾਈ ਲੜਣਗੇ। 

ਉਹਨਾਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਬੱਚਿਆਂ ਦੇ ਭੱਵਿਖ ਲਈ ਉਹ ਜਰਖੜ ਅਕੈਡਮੀ ਨੂੰ ਪੂਰਨ ਸਹਿਯੋਗ ਦੇਣ। ਉਹਨਾਂ ਅੱਗੇ ਆਖਿਆ ਕਿ ਭਾਵੇਂ ਸਰਕਾਰ ਖੇਡ ਵਿੰਗ ਅਤੇ ਹੋਰ ਖੇਡ ਸਹੂਲਤਾਂ ਬੰਦ ਵੀ ਕਰ ਦੇਵੇ ਪਰ ਜਰਖੜ ਹਾਕੀ ਸੈਂਟਰ ਕਦੇ ਬੰਦ ਨਹੀਂ ਹੋਵੇਗਾ। ਇਸ ਹਾਕੀ ਸੈਂਟਰ ਨੂੰ ਚਲਾਉਣ ਲਈ ਪਰਵਾਸੀ ਪੰਜਾਬੀਆਂ ਅਤੇ ਹੋਰ ਦਾਨੀਆਂ ਨੇ ਸਾਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ ਅਤੇ ਉਹਨਾਂ ਆਖਿਆ ਕਿ ਜਰਖੜ ਹਾਕੀ ਅਕੈਡਮੀ ਵੱਲੋਂ ਆਪਣੇ ਹੀਲੇ ਵਸੀਲਿਆਂ ਨਾਲ ਚੀਨ ਤੋਂ ਲਿਆਂਦੀ ਨੀਲੇ ਅਤੇ ਹਰੇ ਰੰਗ ਦੀ ਨਵੀਂ ਐਸਟਰੋਟਰਫ ਲਗਾਈ ਜਾ ਰਹੀ ਹੈ ਜੋ ਕਿ ਅਗਲੇ ਹਫਤੇ ਖਿਡਾਰੀਆਂ ਨੂੰ ਖੇਡਣ ਲਈ ਸਮਰਪਿਤ ਕਰ ਦਿੱਤੀ ਜਾਵੇਗੀ। ਇਸ ਐਸਟਰੋਟਰਫ ਦੇ ਲੱਗਣ ਨਾਲ ਪਿੰਡ ਜਰਖੜ ਪੰਜਾਬ ਦਾ ਅਜਿਹਾ ਪਹਿਲਾ ਪਿੰਡ ਹੋਵੇਗਾ ਜਿਥੇ ਨੀਲੇ ਅਤੇ ਹਰੇ ਰੰਗ ਦੀ ਐਸਟਰੋਟਰਫ ਲੱਗੀ ਹੋਵੇਗੀ। ਦੂਜੇ ਪਾਸੇ ਪੰਜਾਬ ਸਰਕਾਰ ਸਾਨੂੰ ਕੋਈ ਇਨਾਮ ਦੇਣ ਦੀ ਬਜਾਏ ਹਾਕੀ ਸੈਂਟਰ ਬੰਦ ਕਰਨ ਤੇ ਤੁਲੀ ਹੋਈ ਹੈ। ਉਹਨਾਂ ਆਖਿਆ ਕਿ ਜੇਕਰ ਸਰਕਾਰ ਨੇ ਖਿਡਾਰੀਆਂ ਨਾਲ ਇਨਸਾਫ ਨਾ ਕੀਤਾ ਤਾਂ ਅਕਾਲੀ ਆਗੂਆਂ ਦਾ ਤਾਂ ਘਿਰਾਓ ਕਰਨਗੇ ਹੀ ਸਗੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਘੇਰਨ ਲਈ ਮਜ਼ਬੂਰ ਹੋਣਗੇ।