5 Dariya News

ਪਿੰਡ ਢੈਪਈ ਵਿਖੇ ਉਜਾੜ ਅਤੇ ਟੋਭੇ ਵਾਲੀ ਜਗ੍ਹਾ 'ਤੇ ਬਣਾਇਆ ਵਿਲੱਖਣ 'ਸਪੋਰਟਸ ਪਾਰਕ'

ਉਦਘਾਟਨ ਭਲਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਕਰਨਗੇ, ਦਿਹਾਤੀ ਖੇਤਰ ਵਿੱਚ ਆਪਣੀ ਤਰ੍ਹਾਂ ਦਾ ਦੇਸ਼ ਦਾ ਪਹਿਲਾ 'ਸਪੋਰਟਸ ਪਾਰਕ' ਹੋਣ ਦਾ ਦਾਅਵਾ

5 Dariya News (ਅਜੇ ਪਾਹਵਾ)

ਢੈਪਈ 23-Jul-2016

ਪਿੰਡ ਢੈਪਈ ਵਿਖੇ ਜਿਸ ਥਾਂ 'ਤੇ ਕਦੇ ਗੰਦੇ ਪਾਣੀ ਵਾਲਾ ਟੋਭਾ ਹੋਇਆ ਕਰਦਾ ਸੀ ਅਤੇ ਉਜਾੜ ਪਏ ਥਾਂ ਵਿੱਚੋਂ ਸੱਪ ਅਤੇ ਹੋਰ ਜ਼ਹਿਰੀਲੇ ਜੀਵ ਨਿਕਲ ਕੇ ਸਥਾਨਕ ਲੋਕਾਂ ਦਾ ਜਾਨੀ ਨੁਕਸਾਨ ਕਰਦੇ ਸਨ, ਹੁਣ ਉਸ ਜਗ੍ਹਾ 'ਤੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਉੱਦਮ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਾਨਦਾਰ 'ਸਪੋਰਟਸ ਪਾਰਕ' ਦਾ ਨਿਰਮਾਣ ਕਰ ਦਿੱਤਾ ਗਿਆ ਹੈ। ਇਸ ਅਤਿ ਆਧੁਨਿਕ ਸਪੋਰਟਸ ਪਾਰਕ ਦਾ ਉਦਘਾਟਨ ਵਿਧਾਇਕ ਇਯਾਲੀ ਵੱਲੋਂ ਮਿਤੀ 25 ਜੁਲਾਈ, 2016 ਨੂੰ ਸ਼ਾਮ 5 ਵਜੇ ਕੀਤਾ ਜਾ ਰਿਹਾ ਹੈ। ਇਹ ਸਪੋਰਟਸ ਪਾਰਕ ਸੰਤ ਬਾਬਾ ਮੀਂਹਾਂ ਸਿੰਘ ਸਿਆੜ੍ਹ ਵਾਲਿਆਂ ਦੀ ਯਾਦ ਵਿੱਚ ਤਿਆਰ ਕੀਤਾ ਗਿਆ ਹੈ।ਇਸ ਸਪੋਰਟਸ ਪਾਰਕ ਦਾ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਵਿਧਾਇਕ ਸ੍ਰ. ਇਯਾਲੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਦਾਖਾ ਵਿੱਚ ਕੁੱਲ 60 ਸਪੋਰਟਸ ਪਾਰਕ ਅਤੇ 16 ਵਾਲੀਬਾਲ ਦੇ ਆਧੁਨਿਕ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ। ਖੇਡ ਪਾਰਕਾਂ ਵਿੱਚੋਂ ਪਿੰਡ ਗੁੱਜਰਵਾਲ ਵਿਖੇ ਖੇਡ ਪਾਰਕ ਬਣਾ ਕੇ ਲੋਕਾਂ ਦੀ ਸਹੂਲਤ ਲਈ ਖੋਲ੍ਹਿਆ ਜਾ ਚੁੱਕਾ ਹੈ, ਜਦਕਿ ਪਿੰਡ ਢੈਪਈ ਦਾ ਖੇਡ ਮੈਦਾਨ ਮਿਤੀ 25 ਜੁਲਾਈ ਨੂੰ ਲੋਕ ਅਰਪਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਮਹੀਨੇ ਵਿੱਚ ਪਿੰਡ ਚਚਰਾੜੀ, ਜਾਂਗਪੁਰ, ਸਹੌਲੀ, ਰੁੜਕਾ, ਧੂਰਕੋਟ, ਲਤਾਲਾ, ਭੱਟੀਆਂ ਢਾਹਾਂ, ਭੂੰਦੜੀ, ਦਾਖਾ ਅਤੇ ਭਰੋਵਾਲ ਕਲਾਂ ਵਿੱਚ ਵੀ ਖੇਡ ਮੈਦਾਨ ਤਿਆਰ ਹੋ ਜਾਣਗੇ। ਜਦਕਿ ਬਾਕੀ ਰਹਿੰਦੇ ਸਾਰੇ ਮੈਦਾਨ ਅਗਲੇ ਤਿੰਨ ਮਹੀਨੇ ਵਿੱਚ ਤਿਆਰ ਕਰਕੇ ਲੋਕ ਅਰਪਣ ਕਰਨ ਦਾ ਟੀਚਾ ਹੈ। 

ਪਿੰਡ ਢੈਪਈ ਸਥਿਤ ਇਸ 4 ਏਕੜ ਰਕਬੇ ਵਿੱਚ ਤਿਆਰ ਕੀਤੇ ਗਏ ਖੇਡ ਪਾਰਕ ਵਿੱਚ ਫੁੱਟਬਾਲ ਮੈਦਾਨ, ਹਾਕੀ ਮੈਦਾਨ, ਬਾਸਕਿਟਬਾਲ, ਵਾਲੀਬਾਲ, ਬੈਡਮਿੰਟਨ, ਸਕੇਟਿੰਗ ਟਰੈਕ, ਅਥਲੈਟਿਕਸ ਟਰੈਕ, ਓਪਨ ਜਿੰਮ, ਬੱਚਿਆਂ ਦੇ ਖੇਡਣ ਅਤੇ ਮਨੋਰੰਜਨ ਲਈ ਝੂਲੇ, ਓਪਨ ਏਅਰ ਜਿੰਮ, ਸਪਰਿੰਕਲ ਸਿਸਟਮ, ਸੈਰ ਲਈ ਫੁੱਟਪਾਥ, ਹੱਟਸ, ਬੈਠਣ ਲਈ ਬੈਂਚ, ਫੁੱਟਲਾਈਟਸ, ਫਲੱਡ ਲਾਈਟਸ ਅਤੇ ਚਾਰੇ ਪਾਸਿਆਂ ਤੋਂ ਤਾਰ (ਫੇਂਸਿੰਗ) ਲਗਵਾਈ ਗਈ ਹੈ। ਇਹ ਖੇਡ ਪਾਰਕ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਇਸ ਵਿੱਚ ਮੀਂਹ ਨਾਲ ਜਾਂ ਕਿਸੇ ਹੋਰ ਕਾਰਨ ਕਰਕੇ ਪਾਣੀ ਖੜ੍ਹਾ ਨਹੀਂ ਹੋਵੇਗਾ ਕਿਉਂਕਿ ਪਾਣੀ ਦੀ ਨਿਕਾਸੀ ਪਿੰਡ ਵਿੱਚ ਹੀ ਆਧੁਨਿਕ ਤਰੀਕੇ ਨਾਲ ਤਿਆਰ ਕੀਤੇ ਟੋਭੇ ਨਾਲ ਜੋੜੀ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ 'ਤੇ ਇਹ 'ਸਪੋਰਟਸ ਪਾਰਕ' ਤਿਆਰ ਕੀਤਾ ਗਿਆ ਹੈ, ਉਥੇ ਕਿਸੇ ਵੇਲੇ ਗੰਦੇ ਪਾਣੀ ਦਾ ਟੋਭਾ ਹੋਇਆ ਕਰਦਾ ਸੀ ਅਤੇ ਇਸ ਦੇ ਨਾਲ ਪਈਆਂ ਟੋਇਆਂ ਵਾਲੀ ਜ਼ਮੀਨ ਵਿੱਚੋਂ ਜ਼ਹਿਰੀਲੇ ਜਾਨਵਰ ਨਿਕਲ ਕੇ ਲੋਕਾਂ ਦੇ ਘਰਾਂ ਵਿੱਚ ਵੜ ਜਾਂਦੇ ਸਨ ਅਤੇ ਲੋਕਾਂ ਦਾ ਜਾਨੀ ਨੁਕਸਾਨ ਕਰਦੇ ਸਨ। ਹੁਣ ਇਸ ਖੇਡ ਮੈਦਾਨ ਦੇ ਬਣ ਜਾਣ ਨਾਲ ਇਹ ਇੱਕ ਸਵਰਗ ਦੇ ਵਿੱਚ ਬਦਲ ਗਿਆ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਪਿੰਡ ਢੈਪਈ ਅਤੇ ਹੋਰ ਪਿੰਡਾਂ ਵਿੱਚ ਤਿਆਰ ਕੀਤੇ ਜਾ ਰਹੇ ਇਹ ਸਪੋਰਟਸ ਪਾਰਕ ਦੇਸ਼ ਦੇ ਦਿਹਾਤੀ ਖੇਤਰ ਵਿੱਚ ਬਣਾਏ ਆਪਣੀ ਤਰ੍ਹਾਂ ਦੇ ਪਹਿਲੇ ਪਾਰਕ ਹਨ, ਜਿਸ ਦੀ ਨੇੜੇ-ਤੇੜੇ ਹੋਰ ਕਿਤੇ ਕੋਈ ਮਿਸਾਲ ਨਹੀਂ ਮਿਲਦੀ। 

ਉਨ੍ਹਾਂ ਦੱਸਿਆ ਕਿ ਇਸ ਖੇਡ ਪਾਰਕ ਵਿੱਚ 1 ਸਾਲ ਉਮਰ ਦੇ ਬੱਚੇ ਤੋਂ ਲੈ ਕੇ 80 ਸਾਲ ਤੱਕ ਦੇ ਬਜ਼ੁਰਗ ਸਰੀਰਕ ਕਸਰਤ, ਖੇਡ ਅਤੇ ਮਨੋਰੰਜਨ ਕਰਕੇ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਣਗੇ। ਇਹ ਖੇਡ ਪਾਰਕ ਹਰੇਕ ਵਰਗ ਦੇ ਲੋਕਾਂ ਲਈ ਸਹਾਈ ਸਿੱਧ ਹੋਣਗੇ। ਇਨ੍ਹਾਂ ਮੈਦਾਨਾਂ ਦੀ ਵਰਤੋਂ ਹਰੇਕ ਵਿਅਕਤੀ ਕਰ ਸਕਦਾ ਹੈ। ਪਹਿਲਾਂ ਜੋ ਨੌਜਵਾਨ ਖੇਡ ਮੈਦਾਨਾਂ ਦੀ ਅਣਹੋਂਦ ਕਾਰਨ ਖੇਡਾਂ ਤੋਂ ਦੂਰ ਹੋ ਗਏ ਸਨ, ਹੁਣ ਉਹ ਮੁੜ ਖੇਡਾਂ ਨਾਲ ਜੁੜਨ ਲੱਗੇ ਹਨ। ਸਵੇਰੇ ਸ਼ਾਮ ਔਰਤਾਂ ਅਤੇ ਮਰਦ ਵੱਡੀ ਗਿਣਤੀ ਵਿੱਚ ਇਥੇ ਸੈਰ ਕਰਦੇ ਹਨ, ਜਿਸ ਦੀ ਬਦੌਲਤ ਲੋਕ ਸਿਹਤਮੰਦ ਹੋ ਰਹੇ ਹਨ। ਇਸ ਮੌਕੇ ਦੇਖਿਆ ਗਿਆ ਕਿ ਪਿੰਡ ਦੀਆਂ ਔਰਤਾਂ ਅਤੇ ਬੱਚੇ ਜਿੱਥੇ ਓਪਨ ਜਿੰਮ ਵਿੱਚ ਕਸਰਤ ਕਰ ਰਹੇ ਸਨ, ਉਥੇ ਸ਼ਹਿਰ ਲੁਧਿਆਣਾ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਸਕੇਟਿੰਗ ਦੇ ਖਿਡਾਰੀ ਸਕੇਟਿੰਗ ਦਾ ਪ੍ਰਦਰਸ਼ਨ ਕਰ ਰਹੇ ਸਨ, ਜਿਨ੍ਹਾਂ ਤੋਂ ਪਿੰਡ ਦੇ ਸਿਖਾਂਦਰੂ ਬੱਚੇ ਗੁਰ ਵੀ ਸਿੱਖ ਰਹੇ ਸਨ। ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਵਿੱਚ ਰੁੱਝੇ ਪਿੰਡ ਦੇ ਸਰਪੰਚ ਸ੍ਰ. ਬਦਨ ਸਿੰਘ ਦੇ ਸਪੁੱਤਰ ਸ੍ਰ. ਜਸਪਾਲ ਸਿੰਘ ਅਤੇ ਹੋਰ ਪਿੰਡ ਵਾਸੀਆਂ ਨਾਲ ਵਿਧਾਇਕ ਇਯਾਲੀ ਨੇ ਵਿਚਾਰਾਂ ਕੀਤੀਆਂ। ਇਸ ਮੌਕੇ ਸ੍ਰ. ਹਰਬੀਰ ਸਿੰਘ ਇਯਾਲੀ, ਸ੍ਰ. ਹਰਕਿੰਦਰ ਸਿੰਘ ਇਯਾਲੀ, ਸ੍ਰ. ਗੁਰਪ੍ਰੀਤ ਸਿੰਘ, ਸ੍ਰ. ਮਨਪ੍ਰੀਤ ਸਿੰਘ ਮਨੀ, ਵਿਸ਼ੂ ਅਤੇ ਹੋਰ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।