5 Dariya News

ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਅਹਿਮ ਫ਼ੈਸਲੇ 'ਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਜਨਤਕ ਇਕਾਈ ਕਰਾਰ ਦਿੱਤਾ

5 Dariya News

ਚੰਡੀਗੜ੍ਹ 20-Jul-2016

ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਇਕ ਅਹਿਮ ਫ਼ੈਸਲਾ ਸੁਣਾਉਂਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਸੂਚਨਾ ਦੇ ਅਧਿਕਾਰ ਐਕਟ ਦੀ ਧਾਰਾ 2 (ਐਚ) (ਡੀ) (ਆਈ) ਤਹਿਤ ਜਨਤਕ ਇਕਾਈ ਕਰਾਰ ਦਿੱਤਾ ਹੈ।ਇਸ ਸਬੰਧੀ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਸ. ਐਸ.ਐੈਸ. ਚੰਨੀ ਵੱਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਗਿਆ ਕਿ ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਕੇਸ ਨੰਬਰ 1969 ਆਫ਼ 2007 ਅਨਿਲ ਸ਼ਰਮਾ ਪ੍ਰਧਾਨ ਕ੍ਰਿਕਟਰਜ਼ ਵੈਲਫ਼ੇਅਰਜ਼ ਐਸੋਸੀਏਸ਼ਨ ਬਨਾਮ ਮੁੱਖ ਸੂਚਨਾ ਅਫ਼ਸਰ ਦਫ਼ਤਰ ਪੰੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਨਿਪਟਾਰਾ ਕਰਦਿਆਂ 19-08-2008 ਨੂੰ ਸੂਚਨਾ ਦੇ ਅਧਿਕਾਰ ਐਕਟ ਦੀ ਧਾਰਾ 2 (ਐਚ) ਅਧੀਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਜਨਤਕ ਇਕਾਈ ਕਰਾਰ ਦਿੱਤਾ ਸੀ ਜਿਸ ਵਿਰੁਧ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਗਿਆ ਸੀ। ਇਸ ਕੇਸ ਦਾ ਨਿਪਟਾਰਾ ਕਰਦਿਆਂ ਹਾਈ ਕੋਰਟ ਦੇ ਸਿੰਗਲ ਜੱਜ ਨੇ 09-05-2011 ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਫ਼ੈਸਲੇ ਨੂੰ ਸਹੀ ਕਰਾਰ ਦਿੱਤਾ ਸੀ। 

ਇਸ ਉਪਰੰਤ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਨਵੇਂ ਸਿਰੇ ਤੋਂ ਐਲ.ਪੀ.ਏ. ਨੰਬਰ 1174 ਆਫ਼ 2011 ਦਾਇਰ ਕੀਤੀ ਗਈ ਸੀ ਜਿਸ ਦੀ ਸੁਣਵਾਈ ਦੌਰਾਨ ਡਬਲ ਬੈਂਚ ਨੇ 12-12-2013 ਨੂੰ ਫ਼ੈਸਲਾ ਸੁਣਾਉਂਦਿਆਂ ਪੰਜਾਬ ਰਾਜ ਸੂਚਨਾ ਕਮਿਸ਼ਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਿੰਗਲ ਜੱਜ ਵੱਲੋਂ ਸੁਣਾਏ ਗਏ ਫ਼ੈਸਲੇ ਨੂੰ ਰੱਦ ਕਰਦਿਆਂ ਪੰਜਾਬ ਰਾਜ ਸੂਚਨਾ ਕਮਿਸ਼ਨ ਨੂੰ ਇਸ ਮਸਲੇ 'ਤੇ ਨਵੇਂ ਸਿਰਿਉਂ ਫ਼ੈਸਲਾ ਸੁਣਾਉਣ ਦਾ ਹੁਕਮ ਦਿੱਤਾ ਸੀ।ਉਨ੍ਹਾਂ ਦੱਸਿਆ ਕਿ ਹੁਣ ਪੰਜਾਬ ਰਾਜ ਸੁਚਨਾ ਕਮਿਸ਼ਨ ਦੇ ਵੱਡੇ ਬੈਂਚ ਜਿਸ ਵਿੱਚ ਸ. ਐਸ.ਐਸ.ਚੰਨੀ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਅਤੇ ਸ੍ਰੀ ਯਸ਼ਵੀਰ ਮਹਾਜਨ, ਸ. ਏ.ਐਸ. ਚੰਦੂਰਾਈਆਂ, ਸ੍ਰੀ ਆਰ.ਐਸ. ਨਾਗੀ, ਅਤੇ ਸ੍ਰੀ ਚੰਦਰ ਪ੍ਰਕਾਸ਼ (ਸਾਰੇ ਸੂਚਨਾ ਕਮਿਸ਼ਨਰ) ਸ਼ਾਮਲ ਸਨ, ਨੇ ਸੁਣਵਾਈ ਦੌਰਾਨ ਦੋਹਾਂ ਪੱਖ ਵੱਲੋਂ ਆਪਣੇ-ਆਪਣੇ ਪੱਖ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਘੋਖ ਕਰਨ ਉਪਰੰਤ ਪਾਇਆ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਨਾ ਸਿਰਫ਼ ਮੋਹਾਲੀ ਵਿੱਚ ਪੰਜਾਬ ਸਰਕਾਰ ਤੋਂ ਰਿਆਇਤੀ ਦਰ 'ਤੇ ਜ਼ਮੀਨ ਹਾਸਲ ਕੀਤੀ ਹੈ, ਸਗਂੋ ਕ੍ਰਿਕਟ ਸਟੇਡੀਅਮ ਦੀ ਉਸਾਰੀ ਲਈ ਪੰਜਾਬ ਸਰਕਾਰ ਤੋਂ ਗ੍ਰਾਂਟ ਵੀ ਹਾਸਲ ਕੀਤੀ ਗਈ ਸੀ।

ਸ. ਚੰਨੀ ਨੇ ਕਿਹਾ ਕਿ ਮੁੱਦਈ ਵੱਲੋਂ ਕਮਿਸ਼ਨ ਕੋਲ ਪੇਸ਼ ਕੀਤੇ ਗਏ ਦਸਤਾਵੇਜ਼ ਜਿਸ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਤਤਕਾਲੀ ਪ੍ਰਧਾਨ ਸ੍ਰੀ ਆਈ.ਐਸ. ਬਿੰਦਰਾ ਵੱਲੋਂ ਸੀ.ਬੀ.ਆਈ. ਨੂੰ ਦਿੱਤੇ ਗਏ ਬਿਆਨ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਕੋਈ ਨਿੱਜੀ ਸੰਸਥਾ ਨਹੀਂ ਹੈ, ਸਗੋਂ ਇਹ ਇਕ ਜਨਤਕ ਇਕਾਈ ਹੈ, ਜੋ ਪੰਜਾਬ ਰਾਜ ਵਿੱਚ ਕ੍ਰਿਕਟ ਖੇਡ ਦੇ ਪ੍ਰਚਾਰ, ਪਸਾਰ ਅਤੇ ਪ੍ਰ੍ਰਬੰਧ ਲਈ ਜ਼ਿੰਮੇਵਾਰ ਹੈ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ।ਕੇਸ ਦਾ ਨਿਪਟਾਰਾ ਕਰਦਿਆਂ ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਜਨਤਕ ਇਕਾਈ ਕਰਾਰ ਦੇਣ ਸਬੰਧੀ ਸੁਣਾਏ ਗਏ ਇਕ ਫ਼ੈਸਲੇ ਵਿੱਚ ਤੈਅਸ਼ੁਦਾ ਮਾਪਦੰਡਾਂ ਅਨੁਸਾਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਸੂਚਨਾ ਦੇ ਅਧਿਕਾਰ ਐਕਟ  ਦੀ ਧਾਰਾ 2 (ਐਚ) (ਡੀ) (ਆਈ) ਤਹਿਤ ਜਨਤਕ ਇਕਾਈ ਕਰਾਰ ਦਿੱਤੀ ਜਾਂਦੀ ਹੈ। ਇਸ ਫ਼ੈਸਲੇ ਸਬੰਧੀ ਕਮਿਸ਼ਨ ਵੱਲੋਂ ਸੁਣਾਏ ਗਏ ਫ਼ੈਸਲੇ ਦੀ ਕਾਪੀ ਕਮਿਸ਼ਨ ਦੀ ਵੈਬਸਾਈਟ www.infocommpunjab.com 'ਤੇ ਵੀ ਵੇਖੀ ਜਾ ਸਕਦੀ ਹੈ।