ਲੋਕ ਸੰਪਰਕ ਅਧਿਕਾਰੀ ਸੂਬਾ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਸਕਾਰਾਤਮਕ ਭੂਮਿਕਾ ਨਿਭਾਉਣ: ਬਿਕਰਮ ਸਿੰਘ ਮਜੀਠੀਆ
ਫੀਡਬੈਕ ਵਿਧੀ ਨੂੰ ਹੋਰ ਮਜ਼ਬੂਤ ਬਣਾਉਣ ਦੀ ਕੀਤੀ ਵਕਾਲਤ , ਲੋਕ ਸੰਪਰਕ ਅਧਿਕਾਰੀਆਂ ਨੂੰ ਸਰਕਾਰ ਦੀਆਂ ਅੱਖਾਂ ਅਤੇ ਕੰਨ ਦੱਸਿਆ
5 Dariya News
ਚੰਡੀਗੜ੍ਹ 19-Jul-2016
ਸੂਚਨਾ ਤੇ ਲੋਕ ਸੰਪਰਕ ਮੰਤਰੀ, ਪੰਜਾਬ, ਬਿਕਰਮ ਸਿੰਘ ਮਜੀਠੀਆ ਨੇ ਅੱਜ ਲੋਕ ਸੰਪਰਕ ਅਧਿਕਾਰੀਆਂ ਨੂੰ ਸੂਬਾ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਸਕਾਰਾਤਮਕ ਭੂਮਿਕਾ ਨਿਭਾਉਣ ਸੱਦਾ ਦਿੱਤਾ।ਵਿਭਾਗ ਦੇ ਜ਼ਿਲ੍ਹਾ ਪੱਧਰੀ ਅਤੇ ਮੁੱਖ ਦਫ਼ਤਰ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਨੇ ਅਧਿਕਾਰੀਆਂ ਨੂੰ ਸੂਬਾ ਸਰਕਾਰ ਦੇ ਪ੍ਰੋਗਰਾਮਾਂ ਅਤੇ ਨੀਤੀਆਂ ਸਦਕਾ ਲੋਕਾਂ ਦੇ ਜੀਵਨ 'ਤੇ ਪਏ ਪ੍ਰਭਾਵਾਂ ਅਤੇ ਆਏ ਬਦਲਾਵਾਂ ਦੀ ਅਸਲ ਫੀਡਬੈਕ ਭੇਜਣ ਲਈ ਕਿਹਾ।ਫੀਡਬੈਕ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਸ. ਮਜੀਠੀਆ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਕਾਰ ਦੀਆਂ ਵਿਕਾਸਮੁਖੀ ਅਤੇ ਲੋਕ ਹਿੱਤਕਾਰੀ ਨੀਤੀਆਂ ਨੂੰ ਲੋਕਾਂ ਅਤੇ ਸਮਾਜ ਦੇ ਸਮੂਹ ਵਰਗਾਂ ਤੱਕ ਪਹੁੰਚਾਉਣ ਤਾਂ ਜੋ ਸਰਕਾਰੀ ਸਕੀਮਾਂ ਸਬੰਧੀ ਲੋਕਾਂ ਦੀ ਰਾਏ ਸਰਕਾਰ ਤੱਕ ਪਹੁੰਚ ਸਕੇ ਅਤੇ ਸਰਕਾਰ ਲੋਕ ਭਾਵਨਾਵਾਂ ਅਨੁਸਾਰ ਸਕੀਮਾਂ ਵਿੱਚ ਲੋੜੀਂਦਾ ਫੇਰਬਦਲ ਕਰ ਸਕਣ। ਸ. ਮਜੀਠੀਆ ਨੇ ਅੱਗੇ ਕਿਹਾ ਕਿ ਲੋਕ ਸੰਪਰਕ ਅਧਿਕਾਰੀ ਸਰਕਾਰ ਦੀਆਂ ਅੱਖਾਂ ਤੇ ਕੰਨ ਹਨ ਅਤੇ ਸਰਕਾਰ ਤੇ ਲੋਕਾਂ ਦਰਿਮਿਆਨ ਇੱਕ ਪੁਲ ਦਾ ਕੰਮ ਕਰਦੇ ਹਨ। ਸਮੇਂ ਸਿਰ ਤਰੱਕੀਆਂ, ਆਈ.ਪੀ.ਆਰ.ਓਜ਼ ਅਤੇ ਏ.ਪੀ.ਆਰ.ਓਜ਼ ਦੀ ਸੀਨੀਆਰਤਾ ਨਿਰਧਾਰਿਤ ਕਰਨ, 4-9-14 ਲਾਗੂ ਕਰਨ ਅਤੇ ਤਨਖਾਹ ਵਿਚਲੀਆਂ ਬੇਨਿਯਮੀਆਂ ਦਰੁਸਤ ਕਰਨ ਸਬੰਧੀ ਅਧਿਕਾਰੀਆਂ ਦੀ ਮੰਗ 'ਤੇ ਸ. ਮਜੀਠੀਆ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਡਾਇਰੈਕਟਰ ਡਾ. ਸੇਨੂੰ ਦੁੱਗਲ ਨੂੰ ਇੱਕ ਮਹੀਨੇ ਦੇ ਸਮੇਂ ਦੌਰਾਨ ਨਿੱਜੀ ਦਿਲਚਸਪੀ ਲੈ ਕੇ ਇਨ੍ਹਾਂ ਮੁੱਦਿਆਂ ਦਾ ਹੱਲ ਕਰਨ ਲਈ ਕਿਹਾ।
ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਲੋਕ ਸੰਪਰਕ ਵਿਭਾਗ ਦੀ ਭਲਾਈ ਨਾਲ ਸਬੰਧਤ ਹੋਰ ਸਾਰੇ ਮੁੱਦੇ ਤਰਜੀਹੀ ਅਧਾਰ 'ਤੇ ਹੱਲ ਕੀਤੇ ਜਾਣਗੇ।ਮੰਤਰੀ ਨੇ ਇਸ ਮੌਕੇ ਅਧਿਕਾਰੀਆਂ ਨੂੰ ਆਪਣੇ ਫਰਜ਼ ਪੂਰੀ ਇਮਾਨਦਾਰੀ, ਲਗਨ ਅਤੇ ਪੇਸ਼ੇਵਰ ਢੰਗ ਨਾਲ ਨਿਭਾਉਣ ਦਾ ਸੱਦਾ ਦਿੱਤਾ। ਉਨ੍ਹਾਂ ਵਲੋਂ ਅਧਿਕਾਰੀਆਂ ਨੂੰ ਸੂਬਾ ਸਰਕਾਰ ਦੀਆਂ ਵਿਕਾਸ ਸਬੰਧੀ ਅਤੇ ਭਲਾਈ ਸਬੰਧੀ ਸਕੀਮਾਂ ਨੂੰ ਵਿਕਾਸ ਕਹਾਣੀਆਂ ਦੇ ਰੂਪ ਵਿੱਚ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ ਤਾਂ ਜੋ ਸਰਕਾਰ ਦੀਆਂ ਗਰੀਬ ਪੱਖੀ ਪੇਸ਼ਕਦਮੀਆਂ ਅਤੇ ਲੋਕ ਪੱਖੀ ਨੀਤੀਆਂ ਨੂੰ ਹੇਠਲੇ ਪੱਧਰ ਤੱਕ ਲੋਕਾਂ ਵਿੱਚ ਪ੍ਰਚਾਰਿਤ ਕੀਤਾ ਜਾ ਸਕੇ।ਸ. ਮਜੀਠੀਆ ਨੇ ਇਸ ਮੌਕੇ ਸੂਬਾ ਸਰਕਾਰ ਦੀਆਂ ਵਿਕਾਸਮੁਖੀ ਯੋਜਨਾਵਾਂ ਅਤੇ ਸਕੀਮਾਂ ਦੇ ਵੱਧ ਤੋਂ ਵੱਧ ਪ੍ਰਚਾਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਜੋ ਇਨ੍ਹਾਂ ਯੋਜਨਾਵਾਂ ਅਤੇ ਸਕੀਮਾਂ ਦਾ ਲਾਭ ਇਨ੍ਹਾਂ ਦੇ ਅਸਲ ਹੱਕਦਾਰਾਂ ਨੂੰ ਸਹੀ ਅਰਥਾਂ 'ਚ ਮਿਲ ਸਕੇ।ਇਸਤੋਂ ਪਹਿਲਾਂ ਵਿਭਾਗ ਦੇ ਡਾਇਰੈਕਟਰ ਡਾ. ਸੇਨੂੰ ਦੁੱਗਲ ਨੇ ਮੰਤਰੀ ਨੂੰ ਵਿਭਾਗ ਦੀਆਂ ਗਤੀਵਿਧੀਆਂ ਅਤੇ ਫੀਡਬੈਕ ਸਬੰਧੀ ਅਪਣਾਈ ਜਾਂਦੀ ਕਾਰਜਵਿਧੀ ਦੀ ਜਾਣਕਾਰੀ ਦਿੱਤੀ।