5 Dariya News

ਸਰਕਾਰ ਵਲੋਂ ਅਜ਼ਾਦੀ ਦਿਵਸ ਮੌਕੇ ਰਾਜ ਦੀਆਂ 66 ਪੰਚਾਇਤਾਂ ਨੂੰ 2.20 ਕਰੋੜ ਦੀ ਇਨਾਮ ਰਾਸ਼ੀ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ- ਸਿਕੰਦਰ ਸਿੰਘ ਮਲੂਕਾ

5 Dariya News

ਚੰਡੀਗੜ੍ਹ 18-Jul-2016

ਪੰਜਾਬ ਸਰਕਾਰ ਵਲੋਂ ਰਾਜ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਦੇ ਕੰਮਾਂ ਵੱਲ ਉਤਸ਼ਾਹਿਤ ਕਰਨ ਲਈ ਇੱਕ ਨਿਵੇਕਲੀ ਸਕੀਮ ਲਾਗੂ ਕੀਤੀ ਹੈ। ਇਸ ਨਿਵੇਕਲੀ ਸਕੀਮ ਤਹਿਤ ਰੁਪਏ 2.20 ਕਰੋੜ ਰੁਪਏ ਦੀ ਰਾਸ਼ੀ ਉਪਲਬਧ ਕੀਤੀ ਗਈ ਹੈ।ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਰਾਜ ਦੇ ਹਰ ਜ਼ਿਲ੍ਹੇ ਦੀਆਂ ਤਿੰਨ-ਤਿੰਨ ਪੰਚਾਇਤਾਂ ਨੂੰ ਹਰ ਪੱਖੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਅਤੇ ਰਾਜ ਦੇ ਸਰਵਪੱਖੀ ਵਿਕਾਸ ਕਰਵਾਉਣ ਵਾਲੀਆਂ 66 ਗਰਾਮ ਪੰਚਾਇਤਾਂ ਭਾਵ ਪਹਿਲੇ ਸਥਾਨ ਤੇ ਆਉਣ ਵਾਲੀਆਂ 22 ਪੰਚਾਇਤਾਂ ਨੂੰ ਰੁਪਏ 5 ਲੱਖ, ਦੂਜੇ ਸਥਾਨ ਤੇ ਆਉਣ ਵਾਲੀਆਂ 22 ਪੰਚਾਇਤਾਂ ਨੂੰ 3 ਲੱਖ ਅਤੇ ਤੀਜੇ ਸਥਾਨ ਤੇ ਆਉਣ ਵਾਲੀਆਂ 22 ਪੰਚਾਇਤਾਂ ਨੂੰ 2 ਲੱਖ ਰੁਪਏ ਦੇ ਇਨਾਮ ਦੀ ਰਾਸ਼ੀ ਨਾਲ 15 ਅਗਸਤ, 2016 ਨੂੰ ਰਾਜ ਪੱਧਰੀ ਸਮਾਗਮ ਵਿਚ ਸਨਮਾਨਿਤ ਕੀਤਾ ਜਾਵੇਗਾ। ਸ੍ਰ. ਮਲੂਕਾ ਨੇ ਦੱਸਿਆ ਕਿ ਰਾਜ ਦੇ ਸਮੂਹ ਜ਼ਿਲਾ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਸਬੰਧਤ ਜ਼ਿਲਿਆਂ ਦੇ ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨਾਲ ਤਾਲਮੇਲ ਕਰਕੇ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣ ਵਾਲੀਆਂ ਤਿੰਨ ਗਰਾਮ ਪੰਚਾਇਤਾਂ  ਦੀ ਚੋਣ ਕਰ ਲੈਣ।ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਤਹਿਤ ਪਿੰਡਾਂ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਵਿਚ ਅੱਗੇ ਆਉਣ ਵਾਲੀਆਂ ਪੰਚਾਇਤਾਂ ਨੂੰ ਹਰ ਸਾਲ ਹੀ ਸਨਮਾਨਿਤ ਕੀਤਾ ਜਾਵੇਗਾ।