5 Dariya News

ਰਾਜਸੀ ਰੰਜਸ਼ ਕਾਰਨ 'ਜਰਖੜ ਹਾਕੀ ਅਕੈਡਮੀ' ਦੇ ਖੇਡ ਵਿੰਗ ਕੀਤੇ ਬੰਦ

50 ਗਰੀਬ ਖਿਡਾਰੀਆਂ ਦਾ ਭਵਿੱਖ ਖਤਰੇ ਵਿੱਚ, ਖਿਡਾਰੀਆਂ ਦੇ ਇਨਸਾਫ ਲਈ ਅਸੀਂ ਜਾਵਾਂਗੇ ਹਾਈਕੋਰਟ'ਚ - ਜਗਰੂਪ ਸਿੰਘ ਜਰਖੜ

5 Dariya News (ਅਜੇ ਪਾਹਵਾ)

ਲੁਧਿਆਣਾ 18-Jul-2016

ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਅਕਾਲੀ ਵਿਧਾਇਕ ਖੇਡ ਪਾਰਕਾਂ ਤੇ ਖੇਡ ਮੈਦਾਨ ਬਣਾ ਕੇ ਖੇਡਾਂ ਦੀ ਤਰੱਕੀ ਦੇ ਵੱਡੇ-ਵੱਡੇ ਦਾਅਵੇ ਜਿਤਾ ਰਹੇ ਹਨ ਅਤੇ ਦੂਜੇ ਪਾਸੇ ਕੁਝ ਅਕਾਲੀ ਵਿਧਾਇਕ ਵਧੀਆ ਤਰੀਕੇ ਨਾਲ ਚੱਲ ਰਹੇ ਖੇਡ ਸੈਂਟਰਾਂ ਨੂੰ ਰਾਜਸੀ ਰੰਜਿਸ਼ ਦੇ ਕਾਰਨ ਬੰਦ ਕਰਵਾਉਣ ਤੇ ਤੁਲੇ ਹੋਏ ਹਨ। ਅਜਿਹਾ ਹੀ ਕੁਝ ਪੰਜਾਬ ਦੀ ਚਰਚਿਤ ਅਤੇ ਕੌਮੀ ਪੱਧਰ ਤੇ ਨਤੀਜੇ ਦੇਣ ਵਾਲੀ ਜਰਖੜ ਹਾਕੀ ਅਕੈਡਮੀ ਨਾਲ ਹੋਇਆ। ਜਦੋਂ ਪੰਜਾਬ ਸਿੱਖਿਆ ਵਿਭਾਗ ਵੱਲੋਂ ਜਰਖੜ ਸਕੂਲ ਦੇ ਖੇਡ ਵਿੰਗ ਦੀ ਹਾਕੀ ਟੀਮ ਲਈ ਬੀਤੀ 15 ਜੁਲਾਈ ਨੂੰ ਜਰਖੜ ਸਟੇਡੀਅਮ ਵਿਖੇ ਅੰਡਰ 17 ਸਾਲ ਅਤੇ ਅੰਡਰ 19 ਸਾਲ ਦੇ ਖਿਡਾਰੀਆਂ ਦੇ ਚੋਣ ਕਮੇਟੀ ਵੱਲੋਂ ਚੋਣ ਟਰਾਇਲ ਲਏ ਜਾ ਰਹੇ ਸਨ ਤਾਂ ਵਿੱਚ ਵਿਚਾਲੇ ਹੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਚੋਣ ਟਰਾਇਲ ਰੋਕ ਦਿੱਤੇ ਅਤੇ ਪ੍ਰਬੰਧਕਾਂ ਨੂੰ ਕਿਹਾ ਕਿ ਸਾਨੂੰ ਕਿਸੇ ਰਾਜਸੀ ਦਬਾਅ ਕਾਰਨ ਜਰਖੜ ਖੇਡ ਵਿੰਗ ਦੇ ਚੋਣ ਟਰਾਇਲ ਰੱਦ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਜਰਖੜ ਹਾਕੀ ਅਕੈਡਮੀ ਸਾਲ 2006 ਤੋਂ ਕੌਮੀ ਪੱਧਰ ਤੇ ਵਧੀਆ ਨਤੀਜੇ ਦੇ ਰਹੀ ਹੈ, ਅਕੈਡਮੀ ਦੇ ਹੁਣ ਤੱਕ 80 ਖਿਡਾਰੀ ਕੌਮੀ ਪੱਧਰ ਤੇ ਅਤੇ 30 ਖਿਡਾਰੀ ਆਲ ਇੰਡੀਆ ਅੰਤਰ ਯੂਨੀਵਰਸਿਟੀ ਪੱਧਰ ਤੇ ਖੇਡ ਚੁੱਕੇ ਹਨ। ਹੁਣ ਤੱਕ 25 ਖਿਡਾਰੀ ਸਰਕਾਰੀ ਨੌਕਰੀਆਂ ਤੇ ਜਾ ਚੁੱਕੇ ਹਨ, ਪਿਛਲੇ 6 ਸਾਲਾਂ ਵਿੱਚ ਜਰਖੜ ਅਕੈਡਮੀ 4 ਵਾਰ ਸਟੇਟ ਚੈਂਪੀਅਨ ਬਣੀ ਅਤੇ ਇਸ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ "ਹਾਕੀ ਇੰਡੀਆ" ਨੇ ਇਸ ਨੂੰ ਮਾਨਤਾ ਦਿੱਤੀ। ਅਕੈਡਮੀ ਦੇ ਪ੍ਰਬੰਧਕਾਂ ਨੇ ਆਪਣੇ ਉਪਰਾਲਿਆਂ ਨਾਲ 40 ਲੱਖ ਦੀ ਲਾਗਤ ਨਾਲ ਨਵੀਂ ਐਸਟਰੋਟਰਫ ਦਾ ਨਿਰਮਾਣ ਕੀਤਾ ਹੈ ਅਤੇ ਜਰਖੜ ਸਟੇਡੀਅਮ ਜੋ ਕਿ 5 ਕਰੋੜ ਦੀ ਲਾਗਤ ਨਾਲ ਬਣਿਆ ਹੈ। ਪੰਜਾਬ ਦੇ ਖੇਡ ਖੇਤਰ ਦਾ ਇੱਕ ਅਜੂਬਾ ਹੈ। ਜਦ ਕਿ ਦੂਸਰੇ ਪਾਸੇ ਪੰਜਾਬ ਸਰਕਾਰ ਕੋਈ ਸਨਮਾਨ ਦੇਣ ਦੀ ਬਜਾਏ, ਇਸ ਖੇਡ ਸੈਂਟਰ ਨੂੰ ਬੰਦ ਕਰਨ ਦਾ ਐਵਾਰਡ ਸਾਨੂੰ ਦੇ ਰਹੀ ਹੈ। 

ਸ. ਜਰਖੜ ਨੇ ਆਖਿਆ ਕਿ ਇਹ ਸਾਰਾ ਕੁਝ ਅਕਾਲੀ ਦਲ ਦੇ ਹਲਕਾ ਗਿੱਲ ਤੋਂ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਆਪਣੀ ਕੋਈ ਰਾਜਸੀ ਰੰਜਿਸ਼ ਕਾਰਨ ਕਰ ਰਿਹਾ ਹੈ, ਉਨ੍ਹਾਂ ਆਖਿਆ ਕਿ ਭਾਵੇਂ ਸਰਕਾਰ ਖੇਡ ਸਹੂਲਤਾਂ ਨੂੰ ਬੰਦ ਕਰ ਦੇਵੇ ਪਰ ਜਰਖੜ ਹਾਕੀ ਅਕੈਡਮੀ ਕਦੇ ਬੰਦ ਨਹੀਂ ਹੋਵੇਗੀ, ਇਸ ਲਈ ਅਸੀਂ ਆਪਣੇ ਤਨ ਮਨ ਧਨ ਨਾਲ ਇਸ ਅਕੈਡਮੀ ਨੂੰ ਆਖਰੀ ਸਾਹ ਤੱਕ ਚਲਾਵਾਂਗੇ ਅਤੇ ਉਨ੍ਹਾਂ ਕਿਹਾ ਕਿ ਜਰਖੜ ਹਾਕੀ ਅਕੈਡਮੀ ਵਿੱਚ 100 ਦੇ ਕਰੀਬ ਗਰੀਬ ਘਰਾਂ ਨਾਲ ਸੰਬੰਧਤ ਬੱਚੇ ਹਾਕੀ ਟ੍ਰੇਨਿੰਗ ਲੈ ਰਹੇ ਹਨ। ਸਰਕਾਰ ਨੇ ਸਾਡੇ ਖੇਡ ਵਿੰਗ ਬੰਦ ਕਰਨ ਤੋਂ ਇਲਾਵਾ ਹਾਕੀ ਕੋਚਾਂ ਦੀ ਬਦਲੀ ਕਰ ਦਿੱਤੀ ਹੈ ਅਤੇ ਸੈਂਟਰ ਨੂੰ ਯਤੀਮ ਬਣਾ ਦਿੱਤਾ ਹੈ।ਉਨ੍ਹਾਂ ਆਖਿਆ ਉਹ ਇਨਸਾਫ ਲਈ ਮਾਨਯੋਗ ਅਦਾਲਤ ਹਾਈਕੋਰਟ ਵਿੱਚ ਬੱਚਿਆਂ ਦਾ ਕੇਸ ਲੈ ਕੇ ਜਾਣਗੇ ਅਤੇ ਜੇਕਰ ਸਰਕਾਰ ਨੇ ਫਿਰ ਵੀ ਇਨਸਾਫ ਨਾ ਦਿੱਤਾ ਤਾਂ ਉਹ ਬੱਚਿਆਂ ਦੇ ਮਾਪਿਆਂ ਨੂੰ ਨਾਲ ਲੈ ਕੇ ਹਲਕਾ ਵਿਧਾਇਕ ਅਤੇ ਹੋਰ ਅਕਾਲੀ ਆਗੂਆਂ ਦਾ ਘਿਰਾਉ ਕਰਨਗੇ ਅਤੇ ਧਰਨੇ ਦੇਣਗੇ। ਉਨਾਂਹ ਆਖਿਆ ਕਿ ਜੇਕਰ ਕਿਸੇ ਅਕਾਲੀ ਆਗੂ ਦੀ ਮੇਰੇ ਨਾਲ ਕੋਈ ਆਪਣੀ ਨਿੱਜੀ ਰਾਜਸੀ ਰੰਜਿਸ਼ ਕੱਢਣੀ ਹੈ, ਉਹ ਜੀਅ ਸਦਕੇ ਕੱਢ ਸਕਦਾ ਹੈ ਪਰ ਗਰੀਬ ਬੱਚਿਆਂ ਦਾ ਭਵਿੱਖ ਨਾ ਤਬਾਹ ਕੀਤਾ ਜਾਵੇ। ਜਰਖੜ ਅਕੈਡਮੀ ਦੀ ਹੋਈ ਹੰਗਾਮੀ ਮੀਟਿੰਗ ਵਿੱਚ ਇਸ ਮਾਮਲੇ ਦੀ ਘੋਰ ਨਿੰਦਾ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਸਰਪੰਚ ਦਪਿੰਦਰ ਸਿੰਘ, ਪਰਮਜੀਤ ਸਿੰਘ ਨੀਟੂ, ਸਰਪੰਚ ਬਲਜੀਤ ਸਿੰਘ ਗਿੱਲ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਜਰਖੜ ਖੇਡਾਂ ਦੇ ਮੁੱਖ ਸਰਪ੍ਰਸਤ ਬਾਈ ਸੁਰਜੀਤ ਸਿੰਘ ਸਾਹਨੇਵਾਲ, ਸ਼ਿੰਗਾਰਾ ਸਿੰਘ ਜਰਖੜ, ਤਜਿੰਦਰ ਸਿੰਘ, ਸੰਦੀਪ ਸਿੰਘ ਪੰਧੇਰ, ਮਾਸਟਰ ਸਿੰਗਾਰਾ ਸਿੰਘ, ਬਲਜੀਤ ਸਿੰਘ ਰਾਜੂ, ਮਨਮਿੰਦਰ ਸਿੰਘ ਹੈਪੀ, ਸੋਨੂੰ ਗਿੱਲ ਆਦਿ ਹੋਰ ਪ੍ਰਬੰਧਕ ਭਾਰੀ ਗਿਣਤੀ ਵਿੱਚ ਹਾਜਿਰ ਸਨ, ਨੇ ਪੰਜਾਬ ਸਰਕਾਰ ਤੋਂ ਜਰਖੜ ਖੇਡ ਸੈਂਟਰ ਬਚਾਉਣ ਲਈ ਇਨਸਾਫ ਦੀ ਗੁਹਾਰ ਲਾਈ ਅਤੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ।