ਡਾ. ਦਾਭੋਲਕਰ ਦੀ ਸ਼ਹਾਦਤ ਨੂੰ ਨਿਵੇਕਲੇ ਢੰਗ ਰਾਹੀਂ ਕੀਤਾ ਜਾਵੇਗਾ ਯਾਦ
17 ਤੋਂ 24 ਜੁਲਾਈ ਤੱਕ 'ਮੈਗਜ਼ੀਨ ਹਫ਼ਤਾ' ਮਨਾਉਣਗੇ ਤਰਕਸ਼ੀਲ, 24 ਜੁਲਾਈ ਨੂੰ 'ਚਮਤਕਾਰਾਂ ਦੀ ਭਾਲ ਵਿੱਚ ਭਟਕਦੀ ਲੋਕਾਈ' ਵਿਸ਼ੇ 'ਤੇ ਹੋਵੇਗਾ ਸੈਮੀਨਾਰ
5 Dariya News
ਐਸ.ਏ.ਐਸ. ਨਗਰ (ਮੁਹਾਲੀ) 14-Jul-2016
ਕਰੀਬ ਤਿੰਨ ਸਾਲ ਪਹਿਲਾਂ ਮਹਾਂਰਾਸ਼ਟਰ ਦੇ ਪੂਨੇ 'ਚ ਕੱਟੜਵਾਦੀਆਂ ਵੱਲੋਂ ਕਤਲ ਕੀਤੇ ਗਏ ਡਾ. ਨਰਿੰਦਰ ਦਾਭੋਲਕਰ ਦੀ ਸ਼ਹਾਦਤ ਨੂੰ ਇਸ ਸਾਲ ਨਿਵੇਕਲੇ ਅੰਦਾਜ਼ ਵਿੱਚ ਯਾਦ ਕੀਤਾ ਜਾਵੇਗਾ। ਇਸ ਮੌਕੇ ਗਿਆਨ ਵਿਗਿਆਨ ਦਾ ਪ੍ਰਚਾਰ ਕਰ ਰਹੇ ਮੈਗਜ਼ੀਨ 'ਤਰਕਸ਼ੀਲ' ਨੂੰ ਘਰ-ਘਰ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਵੇਗਾ। ਇਸ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸੂਬਾ ਪੱਧਰ 'ਤੇ ਵੱਖ ਵੱਖ ਇਕਾਈਆਂ ਲਈ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਪ੍ਰੋਗਰਾਮ ਨੂੰ 'ਮੈਗਜ਼ੀਨ ਹਫ਼ਤੇ' ਦਾ ਨਾਂ ਦਿੱਤਾ ਗਿਆ ਹੈ ਅਤੇ ਇਹ 17 ਜੁਲਾਈ ਤੋਂ 24 ਜੁਲਾਈ ਤੱਕ ਚੱਲੇਗਾ। ਇਸ ਦੌਰਾਨ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਵੱਖ ਵੱਖ ਤਰੀਕਿਆਂ ਰਾਹੀਂ ਲੋਕਾਂ ਨੂੰ ਅੰਧਵਿਸ਼ਵਾਸ਼ਾਂ ਵਿਰੁੱਧ ਜਾਗਰੂਕ ਕਰਨਗੇ ਅਤੇ ਲੋਕਾਂ ਨੂੰ 'ਤਰਕਸ਼ੀਲ' ਮੈਗਜ਼ੀਨ ਪੜਨ ਲਈ ਪ੍ਰੇਰਿਤ ਕਰਨਗੇ। ਇਸ ਦੌਰਾਨ ਹਰੇਕ ਇਕਾਈ ਵੱਲੋਂ ਮੈਗਜ਼ੀਨ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾਵੇਗਾ। ਇਸ ਸਬੰਧੀ ਸੁਸਾਇਟੀ ਦੀ ਇਕਾਈ ਮੋਹਾਲੀ ਦੀ ਮੀਟਿੰਗ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿਖੇ ਹੋਈ ਜਿਸ ਵਿੱਚ ਸੁਸਾਇਟੀ ਦੇ ਚੰਡੀਗੜ੍ਹ ਜ਼ੋਨ ਦੇ ਮੁਖੀ ਲੈਕਚਰਾਰ ਗੁਰਮੀਤ ਖਰੜ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਤਰਕਸ਼ੀਲ ਆਗੂ ਜਰਨੈਨ ਕ੍ਰਾਂਤੀ ਨੇ ਦੱਸਿਆ ਕਿ ਪੂਰੇ ਹਫ਼ਤੇ ਦੌਰਾਨ ਸੁਸਾਇਟੀ ਵੱਲੋਂ ਘਰੋਂ ਘਰੀਂ, ਮਾਰਕੀਟਾਂ ਜਾਂ ਹੋਰ ਸਾਧਨਾਂ ਰਾਹੀਂ ਲੋਕਾਂ ਨੂੰ ਅੰਧਵਿਸ਼ਵਾਸ਼ਾਂ ਵਿਰੁੱਧ ਜਾਗਰੂਕ ਕੀਤਾ ਜਾਵੇਗਾ ਅਤੇ 'ਤਰਕਸ਼ੀਲ' ਮੈਗਜ਼ੀਨ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇਗਾ। ਉਹਨ੍ਹਾਂ ਕਿਹਾ ਕਿ ਮੁਹਿੰਮ ਦੇ ਆਖਰੀ ਦਿਨ ਯਾਨੀ 24 ਜੁਲਾਈ, 2016 ਨੂੰ ਬਾਲ ਭਵਨ, ਫੇਜ਼-4 ਵਿਖੇ 'ਚਮਤਕਾਰਾਂ ਦੀ ਭਾਲ ਵਿੱਚ ਭਟਕਦੀ ਲੋਕਾਈ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਜਾਵੇਗਾ ਜਿਸ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਪ੍ਰਧਾਨ ਮਾਸਟਰ ਰਜਿੰਦਰ ਭਦੌੜ ਲੋਕਾਂ ਨੂੰ ਸੰਬੋਧਨ ਕਰਨਗੇ। ਇਕਾਈ ਮੋਹਾਲੀ ਦੇ ਮੁਖੀ ਲੈਕਚਰਾਰ ਸੁਰਜੀਤ ਸਿੰਘ ਨੇ ਕਿਹਾ ਕਿ ਮਹਾਰਾਸ਼ਟਰ ਦੀ ਤਰਕਸ਼ੀਲ ਜੱਥੇਬੰਦੀ ਅੰਧਸ਼ਰਧਾ ਨਿਰਮੂਲਨ ਸੰਮਤੀ ਦੇ ਪ੍ਰਧਾਨ ਡਾ. ਨਰਿੰਦਰ ਦਾਭੋਲਕਰ ਦਾ 20 ਅਗਸਤ 2013 ਨੂੰ ਧਾਰਮਿਕ ਜਨੂੰਨੀਆਂ ਵੱਲੋਂ ਪੂਨੇ ਵਿਖੇ ਸੈਰ ਕਰਦਿਆਂ ਕਰਦਿਆਂ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਡਾ. ਦਾਭੋਲਕਰ ਦੇ ਕਾਤਲਾਂ ਨੂੰ ਹੁਣ ਤੱਕ ਸਜ਼ਾਵਾਂ ਤਾਂ ਭਾਵੇਂ ਨਹੀਂ ਦਿੱਤੀਆਂ ਗਈਆਂ ਪਰ ਉਹਨ੍ਹਾਂ ਦੇ ਮਿਸ਼ਨ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਆਪਣੇ ਯਤਨਾਂ ਰਾਹੀਂ ਜਾਰੀ ਰੱਖੇਗੀ।