ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ-ਹਲਕਾ ਆਤਮ ਨਗਰ ਦੀ ਸੰਗਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਉਪਰੰਤ ਵਾਪਸ ਪਰਤੀ
1000 ਤੋਂ ਵਧੇਰੇ ਸ਼ਰਧਾਲੂ ਹੀਰਾ ਸਿੰਘ ਗਾਬੜੀਆ ਦੀ ਅਗਵਾਈ ਵਿੱਚ ਹੋਏ ਸਨ ਰਵਾਨਾ
5 Dariya News (ਅਜੇ ਪਾਹਵਾ)
ਲੁਧਿਆਣਾ 07-Jul-2016
ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਅਧੀਨ ਹਲਕਾ ਆਤਮ ਨਗਰ ਤੋਂ ਰਵਾਨਾ ਹੋਈ ਸੰਗਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਉਪਰੰਤ ਦੇਰ ਸ਼ਾਮ ਲੁਧਿਆਣਾ ਵਿਖੇ ਪਰਤ ਆਈ। ਸੰਗਤ ਦਾ ਰੇਲਵੇ ਸਟੇਸ਼ਨ 'ਤੇ ਸਥਾਨਕ ਵਾਸੀਆਂ ਵੱਲੋਂ ਸ਼ਾਹਾਨਾ ਸਵਾਗਤ ਕੀਤਾ ਗਿਆ। ਇਸ 1000 ਤੋਂ ਵਧੇਰੇ ਸ਼ਰਧਾਲੂਆਂ ਵਾਲੀ ਸੰਗਤ ਦੀ ਅਗਵਾਈ ਸਾਬਕਾ ਮੰਤਰੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ. ਹੀਰਾ ਸਿੰਘ ਗਾਬੜੀਆ ਨੇ ਕੀਤੀ। ਇਹ ਯਾਤਰਾ ਲੰਘੀ 2 ਜੁਲਾਈ ਨੂੰ ਰਵਾਨਾ ਹੋਈ ਸੀ।ਦੱਸਣਯੋਗ ਹੈ ਕਿ 15 ਡੱਬਿਆਂ ਵਾਲੀ ਤੀਰਥ ਯਾਤਰਾ ਰੇਲ ਗੱਡੀ ਵਿੱਚ ਪੂਰੀ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਖਾਣੇ, ਰਹਿਣ-ਸਹਿਣ, ਆਉਣ-ਜਾਣ ਆਦਿ ਦੀਆਂ ਸਾਰੀਆਂ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਸ਼ਰਧਾਲੂਆਂ ਦੀ ਸਹੂਲਤ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਵੀ ਇਸ ਰੇਲ ਗੱਡੀ ਵਿਚ ਗਏ ਸਨ। ਰੇਲ ਗੱਡੀ ਵਿਚ ਸ਼ਰਧਾਲੂਆਂ ਨੂੰ ਆਡੀਓ ਸੀ.ਡੀਜ਼ ਰਾਹੀਂ ਸ਼ਬਦ ਵੀ ਸੁਣਾਏ ਗਏ। ਯਾਤਰਾ 'ਤੋਂ ਪਰਤਣ ਵੇਲੇ ਯਾਤਰੀਆਂ ਦਾ ਉਤਸ਼ਾਹ ਠਾਠਾਂ ਮਾਰ ਰਿਹਾ ਸੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਗਾਬੜੀਆ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦਾ ਇਸ ਯਾਤਰਾ ਯੋਜਨਾ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਅਮੀਰ ਵਿਰਸੇ ਦੀ ਸੰਭਾਲ ਅਤੇ ਇਸ ਦੀ ਪ੍ਰਫੁੱਲਤਾ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਡਿਊਟੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਤੋਂ ਜਾਣੂ ਕਰਵਾਈਏ। ਇਸ ਦੇ ਨਾਲ ਹੀ ਸੱਭਿਆਚਾਰਕ ਵਿਰਾਸਤ ਸੂਬੇ ਵਿਚ ਵਿਰਾਸਤੀ ਸੈਰ ਸਪਾਟੇ ਨੂੰ ਹੁਲਾਰਾ ਦੇਣ ਦਾ ਵੀ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਪੰਜਾਬ ਸਰਕਾਰ ਦੀ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਦੀ ਸੰਭਾਲ ਅਤੇ ਉਤਸ਼ਾਹਿਤ ਕਰਨ ਦੀ ਇਕ ਕੋਸ਼ਿਸ਼ ਹੈ।ਇਸ ਮੌਕੇ ਨਿਰਮਲ ਸਿੰਘ ਐੱਸ. ਐੱਸ., ਬਾਬਾ ਅਜੀਤ ਸਿੰਘ, ਯੂਥ ਅਕਾਲੀ ਆਗੂ ਸ੍ਰ. ਗੁਰਪ੍ਰੀਤ ਸਿੰਘ ਬੱਬਲ, ਸਤਿਨਾਮ ਸਿੰਘ ਕੈਲੇ, ਸੋਹਣ ਸਿੰਘ ਗੋਗਾ, ਨਿਰਮਲ ਸਿੰਘ ਬਿੱਟੂ, ਸਰੂਪ ਸਿੰਘ ਮਠਾੜੂ, ਦਲਵੀਰ ਸਿੰਘ ਫਤਿਹਾਬਾਦੀ, ਤਰਲੋਕ ਸਿੰਘ ਧੁੰਨਾਂ, ਮਧੂ ਵਰਮਾ, ਗੁਰਮੀਤ ਸਿੰਘ, ਰਾਧਾ ਰਾਣੀ, ਗੁਰਪ੍ਰੀਤ ਸਿੰਘ ਧਰਮਪੁਰਾ, ਸਵਰਨ ਸਿੰਘ ਮਹੌਲੀ ਕੌਂਸਲਰ, ਰਾਜਾ ਸਿੰਘ ਖੁੱਲਰ, ਰਵਿੰਦਰ ਵਰਮਾ, ਸਤਿਨਾਮ ਵਰਮਾ ਅਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਸ਼ਾਮਿਲ ਸਨ।