5 Dariya News

ਸਿੱਖਿਆ ਵਿਭਾਗ ਵੱਲੋਂ ਆਮ ਬਦਲੀਆਂ ਬੰਦ: ਬਲਬੀਰ ਸਿੰਘ ਢੋਲ

ਡੀ.ਈ.ਓਜ਼ ਤੇ ਸਕੂਲ ਮੁਖੀਆਂ ਨੂੰ ਹੁਣ ਤੱਕ ਜਾਰੀ ਹੋਈਆਂ ਬਦਲੀਆਂ ਇੰਨ-ਬਿੰਨ ਲਾਗੂ ਕਰਨ ਦੇ ਨਿਰਦੇਸ਼

5 Dariya News

ਚੰਡੀਗੜ੍ਹ 06-Jul-2016

ਸਿੱਖਿਆ ਵਿਭਾਗ ਵੱਲੋਂ ਆਮ ਬਦਲੀਆਂ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਬਦਲੀਆਂ ਦੇ ਚਾਹਵਾਨ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਹੁਣ ਬਦਲੀ ਸਬੰਧੀ ਦਫਤਰ ਨਾ ਆਉਣ। ਇਹ ਖੁਲਾਸਾ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕਰਦਿਆਂ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ ਨੇ ਦੱਸਿਆ ਕਿ ਸਰਕਾਰ ਵੱਲੋਂ ਬਦਲੀਆਂ ਸਬੰਧੀ ਬਣਾਈ ਨੀਤੀ ਅਨੁਸਾਰ 30 ਜੂਨ ਤੱਕ ਬਦਲੀਆਂ ਕੀਤੀਆਂ ਜਾਣੀਆਂ ਸਨ ਅਤੇ ਇਸ ਅੰਤਿਮ ਤਾਰੀਕ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।ਡੀ.ਪੀ.ਆਈ. ਸ੍ਰੀ ਢੋਲ ਨੇ ਕਿਹਾ ਕਿ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ (ਡੀ.ਈ.ਓਜ਼) ਅਤੇ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਬਦਲੀਆਂ ਦੀ ਨੀਤੀ ਤਹਿਤ ਹੁਣ ਤੱਕ ਹੋਈਆਂ ਬਦਲੀਆਂ ਨੂੰ 100 ਫੀਸਦੀ ਇੰਨ-ਬਿੰਨ ਲਾਗੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕੁਝ ਅਧਿਆਪਕਾਂ ਵੱਲੋਂ ਇਹ ਸ਼ਿਕਾਇਤ ਆਈ ਹੈ ਕਿ ਉਨ੍ਹਾਂ ਦੀ ਬਦਲੀ ਨੂੰ ਡੀ.ਈ.ਓ/ਸਕੂਲ ਮੁਖੀ ਵੱਲੋਂ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਡੀ.ਪੀ.ਆਈ. ਨੇ ਕਿਹਾ ਕਿ ਜੇਕਰ ਕੋਈ ਡੀ.ਈ.ਓ. ਜਾਂ ਸਕੂਲ ਮੁਖੀ ਬਦਲੀ ਵਾਲੇ ਅਧਿਆਪਕ ਨੂੰ ਰਿਲੀਵਿੰਗ ਜਾਂ ਜੁਆਇਨਿੰਗ ਨਾ ਕਰਵਾ ਕੇ ਬਦਲੀਆਂ ਨੂੰ ਲਾਗੂ ਨਹੀਂ ਕਰਦਾ ਤਾਂ ਉਸ ਵਿਰੁੱਧ ਅਨੁਸ਼ਾਸਣੀ ਕਾਰਵਾਈ ਕੀਤੀ ਜਾਵੇਗੀ।ਸ੍ਰੀ ਢੋਲ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਬਦਲੀ ਲਈ ਪੂਰਾ ਸਮਾਂ ਦਿੱਤਾ ਗਿਆ ਸੀ ਅਤੇ ਸਿਰਫ ਸਟੇਸ਼ਨ ਖਾਲੀ ਨਾ ਹੋਣ ਵਾਲੇ ਕੇਸਾਂ ਵਿੱਚ ਬਦਲੀਆਂ ਨਹੀਂ ਹੋ ਸਕੀਆਂ, ਇਸ ਲਈ ਸਮੂਹ ਅਧਿਆਪਕਾਂ ਜਾਂ ਮੁਲਾਜ਼ਮਾਂ ਨੂੰ ਤਾਕੀਦ ਕੀਤੀ ਜਾ ਰਹੀ ਹੈ ਕਿ ਉਹ ਹੁਣ ਬਦਲੀ ਲਈ ਕਿਸੇ ਦਫਤਰ ਗੇੜਾ ਮਾਰ ਕੇ ਆਪਣਾ ਅਤੇ ਵਿਭਾਗ ਦਾ ਸਮਾਂ ਅਜਾਈਂ ਨਾ ਗੰਵਾਉਣ।