5 Dariya News

ਆਜ਼ਾਦੀ ਸੰਘਰਸ਼ ਦੇ ਪਹਿਲੇ ਸਿੱਖ ਸ਼ਹੀਦ ਬਾਬਾ ਮਹਾਰਾਜ ਸਿੰਘ ਦਾ ਬੱਤ ਢੁੱਕਵੀਂ ਜਗ੍ਹਾ 'ਤੇ ਸਥਾਪਤ ਕੀਤਾ ਜਾਵੇਗਾ

ਆਈ.ਟੀ.ਆਈ. ਮਲੌਦ ਦੀ ਸ਼ੁਰੂਆਤ ਆਗਾਮੀ ਵਿਦਿਅਕ ਵਰ੍ਹੇ ਤੋਂ ਹੋਵੇਗੀ , ਦੇਸ਼ ਦੀ ਅਜ਼ਾਦੀ ਦਾ ਸੰਘਰਸ਼ ਬਾਬਾ ਮਹਾਰਾਜ ਸਿੰਘ ਨੇ ਵਿੱਢਿਆ-ਡਾ. ਅਟਵਾਲ

5 Dariya News

ਰੱਬੋਂ ਉੱਚੀ/ਮਲੌਦ/ਪਾਇਲ 05-Jul-2016

ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਵਡਮੁੱਲਾ ਯੋਗਦਾਨ ਪਾ ਕੇ ਪਹਿਲੇ ਸਿੱਖ ਸ਼ਹੀਦ ਦਾ ਰੁਤਬਾ ਹਾਸਿਲ ਕਰਨ ਵਾਲੇ ਬਾਬਾ ਮਹਾਰਾਜ ਸਿੰਘ ਜੀ ਦਾ ਬੁੱਤ ਜਲਦ ਹੀ ਅਜਿਹੀ ਢੁੱਕਵੀਂ ਜਗ੍ਹਾ 'ਤੇ ਸਥਾਪਤ ਕੀਤਾ ਜਾਵੇਗਾ, ਜਿੱਥੋਂ ਰੋਜ਼ਾਨਾ ਹਜ਼ਾਰਾਂ ਲੋਕ ਇਸ ਮਹਾਨ ਸਿੱਖ ਸਖ਼ਸ਼ੀਅਤ ਦੇ ਦਰਸ਼ਨ ਕਰ ਸਕਣ ਅਤੇ ਸਿੱਖ ਇਤਿਹਾਸ ਦੇ ਜਾਂਬਾਜ਼ ਹੀਰੇ ਦੀ ਯਾਦ ਨੂੰ ਤਾਜ਼ਾ ਰੱਖਿਆ ਜਾ ਸਕੇ। ਇਹ ਐਲਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਅੱਜ ਪਾਇਲ ਨੇੜਲੇ ਪਿੰਡ ਰੱਬੋਂ ਉੱਚੀ ਵਿਖੇ ਬਾਬਾ ਮਹਾਰਾਜ ਸਿੰਘ ਜੀ ਦੇ 160ਵੇਂ ਸ਼ਹੀਦੀ ਦਿਵਸ ਸੰਬੰਧੀ ਕਰਵਾਏ ਗਏ ਸਮਾਗਮ ਦੌਰਾਨ ਕੀਤਾ।ਇਸ ਸੰਬੰਧੀ ਰੱਖੇ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਅਟਵਾਲ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਪਿੱਛਲੱਗੂ ਲੇਖਕਾਂ ਨੇ ਦੇਸ਼ ਦੇ ਆਜ਼ਾਦੀ ਸੰਘਰਸ਼ ਦੀ ਸ਼ੁਰੂਆਤ 1857 ਦੇ ਵਿਦਰੋਹ ਨੂੰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਤਿਹਾਸ ਗਵਾਹ ਹੈ ਕਿ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਬਾਬਾ ਮਹਾਰਾਜ ਸਿੰਘ ਨੇ ਉਸ ਵੇਲੇ ਹੀ ਸ਼ੁਰੂ ਕਰ ਦਿੱਤਾ ਸੀ, ਜਦੋਂ ਉਨ੍ਹਾਂ ਨੇ ਸਿੱਖ ਸਾਮਰਾਜ ਦੇ ਆਖ਼ਰੀ ਸਾਸ਼ਕ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਹਕੂਮਤ ਦੀ ਗ੍ਰਿਫ਼ਤ ਵਿੱਚੋਂ ਛੁਡਾਉਣ ਲਈ ਸੰਘਰਸ਼ ਵਿੱਢਿਆ ਸੀ। ਇਹ ਸਿੱਖ ਕੌਮ ਅਤੇ ਦੇਸ਼ ਦੀ ਬਦਕਿਸਮਤੀ ਹੀ ਸੀ ਕਿ ਬਾਬਾ ਮਹਾਰਾਜ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਬਣਾਈ ਗਈ ਯੋਜਨਾ ਦਾ ਅੰਗਰੇਜ ਹਕੂਮਤ ਨੂੰ ਪਤਾ ਲੱਗ ਗਿਆ ਅਤੇ ਉਨ੍ਹਾਂ ਨੇ ਬਾਬਾ ਮਹਾਰਾਜ ਸਿੰਘ ਜੀ ਨੂੰ ਕੈਦ ਕਰਕੇ ਸਿੰਘਾਪੁਰ ਭੇਜ ਦਿੱਤਾ ਅਤੇ ਲੱਖਾਂ ਤਸੀਹੇ ਦਿੱਤੇ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੀ 5 ਜੁਲਾਈ, 1856 ਨੂੰ ਉਥੇ ਹੀ ਸ਼ਹੀਦੀ ਹੋ ਗਈ। ਬਾਬਾ ਮਹਾਰਾਜ ਸਿੰਘ ਨੇ ਆਪਣੇ ਜੀਵਨ ਦੌਰਾਨ ਅੰਗਰੇਜ਼ਾਂ ਵਿਰੁਧ ਵੱਖ-ਵੱਖ ਧਿਰਾਂ ਨੂੰ ਇਕੱਠਿਆਂ ਕਰਨ 'ਤੇ ਬਹੁਤ ਜ਼ੋਰ ਲਗਾਇਆ।

ਡਾ. ਅਟਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿੱਥੇ ਸਾਡੇ ਦੇਸ਼ ਅਤੇ ਸਿੱਖ ਕੌਮ ਦੇ ਇਤਿਹਾਸ ਨੂੰ ਜੀਵਤ ਰੱਖਣ ਦੇ ਮਨਸ਼ੇ ਨਾਲ ਵੱਖ-ਵੱਖ ਯਾਦਗਾਰਾਂ ਉਸਾਰੀਆਂ ਹਨ ਉਥੇ ਹੀ ਬਾਬਾ ਮਹਾਰਾਜ ਸਿੰਘ ਜੀ ਦੇ ਵਡਮੁੱਲੇ ਯੋਗਦਾਨ ਨੂੰ ਵੀ ਅਣਗੌਲ਼ਿਆ ਨਹੀਂ ਕੀਤਾ ਜਾ ਸਕਦਾ ਹੈ। ਜਿਸ ਕਰਕੇ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਕਿਸੇ ਢੁੱਕਵੀਂ ਜਗ੍ਹਾ ਵਿਖੇ ਉਨ੍ਹਾਂ ਦਾ ਘੋੜੇ 'ਤੇ ਸਵਾਰ ਦ੍ਰਿਸ਼ ਵਾਲਾ ਬੁੱਤ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਡਾ. ਅਟਵਾਲ ਨੇ ਕਿਹਾ ਕਿ ਇਸ ਬੁੱਤ ਨੂੰ ਦੇਸ਼ ਦੇ ਪ੍ਰਸਿੱਧ ਬੁੱਤ ਘਾੜੇ (ਜਿਸ ਨੇ ਸੰਸਦ ਭਵਨ ਵਿੱਚ ਵੱਖ-ਵੱਖ ਬੁੱਤ ਬਣਾ ਕੇ ਸਥਾਪਤ ਕੀਤੇ ਹਨ) ਤੋਂ ਤਿਆਰ ਕਰਵਾਇਆ ਜਾਵੇਗਾ ਅਤੇ ਇਸ ਬੁੱਤ 'ਤੇ 95 ਲੱਖ ਰੁਪਏ ਤੋਂ ਵਧੇਰੇ ਦੀ ਲਾਗਤ ਆਵੇਗੀ। ਬੁੱਤ ਨੂੰ ਸਥਾਪਤ ਕਰਨ ਲਈ ਜਗ੍ਹਾ ਦੀ ਚੋਣ ਕਰਨ ਲਈ ਇਸ ਸਥਾਨ ਦੀ ਸੇਵਾ ਕਰ ਰਹੇ ਬਾਬਾ ਜਗਜੀਤ ਸਿੰਘ ਹਰਖੋਵਾਲ, ਜੋ ਕਿ ਇਸ ਮੌਕੇ ਹਾਜ਼ਰ ਸਨ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਸਲਾਹ ਕੀਤੀ ਜਾ ਰਹੀ ਹੈ। 

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬਾਬਾ ਮਹਾਰਾਜ ਸਿੰਘ ਜੀ ਦੀ ਯਾਦ ਵਿੱਚ ਕਸਬਾ ਮਲੌਦ ਵਿਖੇ ਬਣ ਰਹੀ ਆਈ. ਟੀ. ਆਈ. ਦੀ ਇਮਾਰਤ ਉਸਾਰੀ ਦੇ ਆਖ਼ਰੀ ਗੇੜ ਵਿੱਚ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਗਾਮੀ ਵਿਦਿਅਕ ਵਰ੍ਹੇ ਤੋਂ ਇਥੇ ਪੜਾਈ ਸ਼ੁਰੂ ਕਰਵਾ ਦਿੱਤੀ ਜਾਵੇ। ਇਸ ਮੌਕੇ ਪ੍ਰਮੁੱਖ ਸਖ਼ਸ਼ੀਅਤਾਂ ਵੱਲੋਂ ਬਾਬਾ ਮਹਾਰਾਜ ਸਿੰਘ ਜੀ ਦੇ ਜੀਵਨ ਬਾਰੇ ਦੋ ਕਿਤਾਬਾਂ ਦੀ ਘੁੰਡ ਚੁਕਾਈ ਵੀ ਕਰਵਾਈ।ਇਸ ਮੌਕੇ ਵੱਖ-ਵੱਖ ਰਾਗੀ, ਢਾਡੀ ਅਤੇ ਕਵੀਸ਼ਰੀ ਜੱਥਿਆਂ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਜਥੇਦਾਰ ਰਘਬੀਰ ਸਿੰਘ ਸਹਾਰਨਮਾਜਰਾ ਤੇ ਜਥੇਦਾਰ ਹਰਪਾਲ ਸਿੰਘ ਜੱਲ੍ਹਾ (ਦੋਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ), ਪ੍ਰਸਿੱਧ ਲੇਖਕ ਸ੍ਰੀ ਸ਼ਹਰਯਾਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਸ੍ਰ. ਗੁਰਦੀਪ ਸਿੰਘ ਪੰਧੇਰਖੇੜੀ, ਯੂਥ ਅਕਾਲੀ ਦਲ ਹਲਕਾ ਪਾਇਲ ਦੇ ਪ੍ਰਧਾਨ ਸ੍ਰ. ਗੁਰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।