5 Dariya News

ਬਸਪਾ ਸਰਕਾਰ ਬਣਨ 'ਤੇ ਸਾਰੇ ਧਰਮਾਂ ਦਾ ਸਨਮਾਨ ਹੋਵੇਗਾ

ਮਾਲੇਰਕੋਟਲਾ 'ਚ ਕੁਰਾਨ ਦੀ ਬੇਅਦਬੀ ਦੀ ਬਸਪਾ ਨੇ ਕੀਤੀ ਨਿੰਦਾ

5 Dariya News (ਅਜੇ ਪਾਹਵਾ)

ਲੁਧਿਆਣਾ 27-Jun-2016

ਮਾਲੇਰਕੋਟਲਾ ਵਿਚ ਸ਼ੁੱਕਰਵਾਰ ਰਾਤ ਨੂੰ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਘਟਨਾ ਦੀ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਤੇ ਸਾਬਕਾ ਰਾਜਸਭਾ ਮੈਂਬਰ ਸ. ਅਵਤਾਰ ਸਿੰਘ ਕਰੀਮਪੁਰੀ ਨੇ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਮੰਦਭਾਗੀ ਹੈ। ਸ. ਕਰੀਮਪੁਰੀ ਨੇ ਕਿਹਾ ਕਿ ਅਕਾਲੀ-ਭਾਜਪਾ ਦੇ ਰਾਜ ਵਿਚ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਉਸ ਤੋਂ ਬਾਅਦ ਸ੍ਰੀ ਗੁਰੂ ਰਵਿਦਾਸ ਮੰਦਰ ਵਿਚ ਭੰਨਤੋੜ ਕੀਤੀ ਗਈ ਤੇ ਹੁਣ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਘਟਨਾ ਹੋ ਗਈ ਹੈ। ਸ. ਕਰੀਮਪੁਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਜਾਣਬੁੱਝ ਕੇ ਹਾਲਾਤਾਂ ਨੂੰ ਵਿਗਾੜ ਰਹੀ ਹੈ। ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਜਗ੍ਹਾ ਉਨ੍ਹਾਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਵਲੋਂ ਅੱਜ ਐਤਵਾਰ ਨੂੰ ਪਟਿਆਲਾ ਜੋਨ ਦਾ ਬਾਮਸੇਫ ਦਾ ਸਮਾਗਮ ਲੁਧਿਆਣਾ ਵਿਖੇ ਕੀਤਾ ਗਿਆ। ਇਹ ਸਮਾਗਮ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਸਮਰਪਿਤ ਕੀਤਾ ਗਿਆ। ਇਸ ਦੌਰਾਨ ਬਸਪਾ ਸੂਬਾ ਇੰਚਾਰਜ ਡਾ. ਮੇਘਰਾਜ ਸਿੰਘ, ਪ੍ਰਕਾਸ਼ ਭਾਰਤੀ, ਸੂਬਾ ਪ੍ਰਧਾਨ ਸ. ਅਵਤਾਰ ਸਿੰਘ ਕਰੀਮਪੁਰੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮਦਿਵਸ ਦੀਆਂ ਸਾਰਿਆਂ ਨੂੰ ਵਧਾਈ ਦਿੱਤੀ। 

ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦਲਿਤ ਮੁਲਾਜ਼ਮਾਂ ਨਾਲ ਭੇਦਭਾਵ ਕਰੀ ਹੈ। ਉਨ੍ਹਾਂ ਦੀ ਤਰੱਕੀ ਨਹੀਂ ਕੀਤੀ ਜਾ ਰਹੀ ਹੈ। ਇਸ ਕਰਕੇ ਮੁਲਾਜਮ ਬਸਪਾ ਨਾਲ ਜੁੜਨ। ਬਸਪਾ ਪੰਜਾਬ ਦੀ ਸੱਤਾ 'ਚ ਆ ਕੇ ਭੇਦਭਾਵ ਨੂੰ ਖਤਮ ਕਰੇਗੀ। ਇਸਦੇ ਨਾਲ-ਨਾਲ ਓਬੀਸੀ ਵਰਗਾਂ ਲਈ ਮੰਡਲ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਖਤਮ ਕੀਤਾ ਜਾਵੇਗਾ। ਕਿਸਾਨਾਂ ਨੂੰ ਖੁਦਕੁਸ਼ੀ ਦੇ ਸੰਕਟ 'ਚੋਂ ਕੱਢਿਆ ਜਾਵੇਗਾ। ਐਸਸੀ-ਓਬੀਸੀ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੂਰਾ ਲਾਭ ਦਿੱਤਾ ਜਾਵੇਗਾ। ਦਲਿਤ ਵਿਦਿਆਰਥੀਆਂ ਦੀ ਖੱਜਲ ਖੁਆਰੀ ਖਤਮ ਕੀਤਾ ਜਾਵੇਗੀ। ਇਸ ਤੋਂ ਇਲਾਵਾ ਡਰੱਗ ਮਾਫੀਆ ਨੂੰ ਜੇਲਾਂ ਵਿਚ ਸੁੱਟਿਆ ਜਾਵੇਗਾ ਤੇ ਨਸ਼ੇ ਦਾ ਪੰਜਾਬ 'ਚੋਂ ਪੂਰੀ ਤਰ੍ਹਾਂ ਖਾਤਮਾ ਕੀਤਾ ਜਾਵੇਗਾ। ਬਸਪਾ ਆਗੂਆਂ ਨੇ ਇਸ ਮੌਕੇ 'ਤੇ ਲੋਕਾਂ ਨੂੰ ਬਾਬਾ ਸਾਹਿਬ ਦੀ ਸੋਚ ਦਾ ਰਾਜ ਲਿਆਉਣ ਲਈ ਬਸਪਾ ਦੇ ਝੰਡੇ ਹੇਠਾਂ ਇਕੱਠੇ ਹੋਣ ਦਾ ਸੱਦਾ ਦਿੱਤਾ। ਇਸੇ ਤਰ੍ਹਾਂ ਫਗਵਾੜਾ ਵਿਚ ਵੀ ਜਲੰਧਰ ਜੋਨ ਦਾ ਬਾਮਸੇਫ ਦਾ ਸਮਾਗਮ ਕਰਵਾਇਆ ਗਿਆ। ਇਸਨੂੰ ਡਾ. ਮੇਘਰਾਜ ਸਿੰਘ, ਪ੍ਰਕਾਸ਼ ਭਾਰਤੀ ਤੇ ਸ. ਅਵਤਾਰ ਸਿੰਘ ਕਰੀਮਪੁਰੀ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸੰਬੋਧਿਤ ਕੀਤਾ। ਇਸ ਮੌਕੇ 'ਤੇ ਬਸਪਾ ਸੂਬਾ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ, ਬਲਵਿੰਦਰ ਬਿੱਟਾ, ਜੋਗਾ ਸਿੰਘ ਪਨੌਦੀਆਂ, ਡਾ. ਮੱਖਣ ਸਿੰਘ ਸਮੇਤ ਹੋਰ ਕਈ ਸੀਨੀਅਰ ਆਗੂ ਮੌਜੂਦ ਸਨ।