5 Dariya News

ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਲੋਂ ਕੇਂਦਰੀ ਰੇਲਵੇ ਮੰਤਰੀ ਦਾ ਚੰਡੀਗੜ੍ਹ ਆਉਣ 'ਤੇ ਸਵਾਗਤ

ਫਿਰੋਜਪੁਰ ਤੇ ਪੱਟੀ ਵਿਚਾਰ ਨਵੇਂ ਰੇਲ ਲਿੰਕ ਨੂੰ ਪ੍ਰਵਾਨਗੀ ਦੇਣ ਲਈ ਕੀਤਾ ਧੰਨਵਾਦ , ਰੇਲਵੇ ਮੰਤਰੀ ਨੂੰ ਪੰਜਾਬ ਤੋਂ ਦੇਸ਼ ਭਰ 'ਚ ਸਥਿਤ ਧਾਰਮਿਕ ਸਥਾਨਾਂ ਲਈ ਵਿਸ਼ੇਸ਼ ਰੇਲ ਗੱਡੀਆਂ ਵਧਾਉਣ ਦੀ ਅਪੀਲ

5 Dariya News

ਚੰਡੀਗੜ੍ਹ 26-Jun-2016

ਪੰਜਾਬ ਦੇ ਖੁਰਾਕ ਦੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਅੱਜ ਕੇਂਦਰੀ ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਦੀ ਚੰਡੀਗੜ੍ਹ ਆਮਦ ਮੌਕੇ ਸੂਬੇ ਦੇ ਰੇਲ ਲਿੰਕ ਨੂੰ ਸੁਧਾਰਨ, ਹੋਰ ਮਜ਼ਬੂਤ ਕਰਨ ਅਤੇ ਨਵੇਂ ਰੇਲ ਲਿੰਕ ਉਸਾਰਨ ਦੇ ਨਾਲ-ਨਾਲ ਪੰਜਾਬ ਤੋਂ ਦੇਸ਼ ਭਰ 'ਚ ਸਥਿਤ ਵੱਖ-ਵੱਖ ਧਾਰਮਿਕ ਸਥਾਨਾਂ ਲਈ ਵਿਸ਼ੇਸ਼ ਰੇਲ ਗੱਡੀਆਂ ਵਧਾਉਣ ਆਦਿ ਮੁੱਦਿਆਂ ਸਬੰਧੀ ਚਰਚਾ ਕੀਤੀ।ਸ. ਕੈਰੋਂ ਨੇ ਕੇਂਦਰੀ ਰੇਲਵੇ ਮੰਤਰੀ ਸ੍ਰੀ ਪ੍ਰਭੂ ਦਾ ਚੰਡੀਗੜ੍ਹ ਆਉਣ 'ਤੇ ਸਵਾਗਤ ਕਰਦਿਆਂ ਉਨਾਂ ਵਲੋਂ ਫਿਰੋਜਪੁਰ ਤੇ ਪੱਟੀ ਵਿਚਕਾਰ ਨਵਾਂ ਰੇਲਵੇ ਲਿੰਕ ਸਥਾਪਿਤ ਕਰਨ ਅਤੇ ਵਪਾਰ ਦਾ ਨਵਾਂ ਰਾਹ ਤਲਾਸ਼ਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਵੇਂ ਰੇਲ ਲਿੰਕ ਦੇ ਉਸਰਨ ਨਾਲ ਪੱਟੀ ਸ਼ਹਿਰ ਵਿਖੇ ਮਾਲ-ਸਮਾਨ ਲਿਆਉਣ-ਲਿਜਾਣ ਆਦਿ ਦਾ ਪ੍ਰਬੰਧ ਸ਼ਹਿਰ ਦੇ ਇਕ ਪਾਸੇ ਤੋਂ ਬਿਨਾਂ ਕਿਸੇ ਰੁਕਾਵਟ ਦੇ ਹੋ ਸਕੇਗਾ। ਉਨ੍ਹਾਂ ਕਿਹਾ ਕਿ ਇਸ ਨਵੇਂ ਰੇਲ ਲਿੰਕ ਦੀ ਉਸਾਰੀ ਨਾਲ ਲੋਕਾਂ ਨੂੰ ਸਿੱਧਾ ਲਾਭ ਪਹੁੰਚੇਗਾ। ਸ. ਕੈਰੋਂ ਅਨੁਸਾਰ ਪੰਜਾਬ ਅਤੇ ਮੁੰਬਈ ਵਿਚਕਾਰ ਉਸਾਰੇ ਜਾਣ ਵਾਲੇ ਸਿੱਧੇ ਰੇਲ ਲਿੰਕ ਭੀੜ ਭੜੱਕੇ ਤੋਂ ਨਿਜਾਤ ਮਿਲੇਗੀ ਅਤੇ ਦਿੱਲੀ ਤੋਂ ਬਾਈਪਾਸ ਜਾਣ ਲਈ ਕਾਫੀ ਸਮੇਂ ਦੀ ਬੱਚਤ ਹੋਵੇਗੀ।

ਸ. ਕੈਰੋਂ ਨੇ ਪੰਜਾਬੀਆਂ ਦੀ ਧਾਰਮਿਕ ਸ਼ਰਧਾ ਭਾਵਨਾ ਨੂੰ ਮਹੱਤਵ ਦਿੰਦਿਆਂ ਕੇਂਦਰੀ ਰੇਲ ਮੰਤਰੀ ਨੂੰ ਪੰਜਾਬ ਤੋਂ ਦੇਸ਼ ਭਰ 'ਚ ਸਥਿਤ ਵੱਖ-ਵੱਖ ਧਾਰਮਿਕ ਸਥਾਨਾਂ ਲਈ ਰੇਲ ਨੈਟਵਰਕ ਨੂੰ ਸੁਧਾਰਨ ਅਤੇ ਵਿਸ਼ੇਸ਼ ਰੇਲ ਗੱਡੀਆਂ ਦਾ ਚਲਣ ਵਧਾਉਣ ਦੀ ਅਪੀਲ ਕੀਤੀ ਤਾਂ ਜੋ ਲੋਕੀਂ ਸੂਬੇ ਦੇ ਅੰਦਰ ਅਤੇ ਬਾਹਰ ਦੇਸ਼ ਭਰ ਦੇ ਧਾਰਮਿਕ ਸਥਾਨਾਂ 'ਤੇ ਜਾ ਕੇ ਆਪਣੀ ਸ਼ਰਧਾ ਭੇਂਟ ਕਰ ਸਕਣ।ਸੁਬੇ ਭਰ ਦੀਆਂ ਮੰਡੀਆਂ 'ਚ ਅਨਾਜ ਦੀ ਢੋ-ਢੁਆਈ ਦੇ ਚੰਗੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੀ ਮੰਗ ਕਰਦਿਆਂ ਸ. ਕੈਰੋਂ ਨੇ ਕੇਂਦਰੀ ਰੇਲ ਮੰਤਰੀ ਤੋਂ ਸੂਬੇ ਭਰ 'ਚ ਅਨਾਜ ਦੀ ਢੋ-ਢੂਆਈ ਲਈ ਗੱਡੀਆਂ ਨਾਲ ਵਾਧੂ ਰੇਲ ਡੱਬੇ ਜੋੜਨ ਦੀ ਅਪੀਲ ਕੀਤੀ ਤਾਂ ਜੋ ਸੂਬੇ ਦੇ ਲੋਕ ਬਿਨਾਂ ਕਿਸੇ ਮੁਸ਼ਕਿਲ ਦੇ ਆਪਣਾ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਲਿਜਾ ਸਕਣ।ਸ. ਕੈਰੋਂ ਵਲੋਂ ਚੁੱਕੇ ਗਏ ਮਸਲਿਆਂ ਨੂੰ ਸਹੀ ਤਰੀਕੇ ਹੱਲ ਕਰਨ ਲਈ ਕੇਂਦਰੀ ਮੰਤਰੀ ਨੇ ਉਤਰੀ ਰੇਲਵੇ ਦੇ ਉਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਅਤੇ ਇਸ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਨਾਲ ਤਾਲਮੇਲ ਕਰਨ ਦੀਆਂ ਹਦਾਇਤਾਂ ਦਿੱਤੀਆਂ।ਸ. ਕੈਰੋਂ ਨੇ ਪੱਟੀ ਰੇਲਵੇ ਸ਼ਟੇਸ਼ਨ ਜੋ ਕਿ 507 ਕੈਨਾਲ ਦੇ ਖੇਤਰ 'ਚ ਫੈਲਿਆ ਹੋਇਆ ਹੈ, ਵਿਖੇ ਪਾਰਕ ਬਣਾਉਣ ਅਤੇ ਇਸ ਥਾਂ ਨੂੰ ਯੋਗਾ ਕੇਂਦਰ ਵਜੋਂ ਸਥਾਪਿਤ ਕਰਨ ਅਤੇ ਸਜਾਵਟੀ ਰੁੱਖ ਲਗਾਉਣ ਅਤੇ ਕੂੜਾ ਕਰਕਟ ਆਦਿ ਦੀ ਸਫਾਈ ਦਾ ਪ੍ਰਬੰਧ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਵੀ ਕੀਤੀ। ਸ. ਕੈਰੋਂ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਸਵੱਛ ਭਾਰਤ ਯੋਜਨਾ ਤਹਿਤ ਕੇਂਦਰੀ ਰੇਲਵੇ ਮੰਤਰਾਲੇ ਅਤੇ ਜੰਗਲਾਤ ਵਿਭਾਗ, ਪੰਜਾਬ ਵਿਚਕਾਰ ਸਮਝੌਤਾ ਕਰਕੇ ਇਸ ਖੇਤਰ ਨੂੰ ਹੋਰ ਵੀ ਸਵੱਛ ਕੀਤਾ ਜਾ ਸਕਦਾ ਹੈ। ਮੰਤਰੀ ਨੇ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਜਿੱਥੇ ਸਥਾਨਕ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਨਿਜਾਤ ਮਿਲੇਗੀ, ਉਥੇ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ 'ਚ ਵੀ ਯੋਗਦਾਨ ਪਾਇਆ ਜਾ ਸਕੇਗਾ।