5 Dariya News

ਪੀ.ਐਮ.ਟੀ. ਰਿਜ਼ਰਵ ਕੈਟਾਗਿਰੀ ਚੋਂ ਖਾਲਸਾ ਕਾਲਜੀਏਟ ਸਕੂਲ ਦੀਆਂ ਦੋ ਵਿਦਿਆਰਥਣਾਂ (ਸਕੀਆਂ ਭੈਣਾਂ) ਨਵਰੂਪ ਤੇ ਨਵਦੀਪ ਅਵੱਲ

5 Dariya News (ਅਸ਼ਵਨੀ ਸ਼ਰਮਾ)

ਗੜ੍ਹਸ਼ੰਕਰ 24-Jun-2016

ਬਾਬਾ ਫ਼ਰੀਦ ਯੂਨੀਵਰਸਿਟੀ  ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵਲੋਂ ਪ੍ਰੀ ਮੈਡੀਕਲ ਪ੍ਰਵੇਸ਼ ਪ੍ਰੀਖਿਆ 2016 ਦੇ ਐਲਾਨੇ ਨਤੀਜੇ ਵਿਚ ਬੀ.ਏ.ਐੱਮ. ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਤੋਂ ਹਾਲਹੀ 'ਚ 10+2 ਮੈਡੀਕਲ ਪਾਸ ਕਰਨ ਵਾਲੀਆਂ ਵਿਦਿਆਰਥਣਾਂ (ਸਕੀਆਂ ਭੈਣਾਂ) ਨਵਰੂਪ ਕੌਰ ਅਤੇ ਨਵਦੀਪ ਕੌਰ ਨੇ ਰਿਜ਼ਰਵ ਕੈਟਾਗਿਰੀ ਵਿਚੋਂ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ ਹੈ। ਗੜ੍ਹਸ਼ੰਕਰ ਨਿਵਾਸੀ ਡਾ. ਬਿੱਕਰ ਸਿੰਘ ਦੀਆਂ ਸਪੁੱਤਰੀਆਂ ਨਵਰੂਪ ਕੌਰ ਨੇ ਐੱਸ.ਸੀ. ਕੈਟਾਗਿਰੀ ਵਿਚ ਜਿਥੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ ਉਥੇ ਉਸਨੇ ਓਵਰਆਲ ਨਤੀਜੇ ਵਿਚ 39ਵਾਂ ਰੈਂਕ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਨਵਦੀਪ ਕੌਰ ਨੇ ਐੱਸ.ਸੀ. ਕੈਟਾਗਿਰੀ ਵਿਚ ਪੰਜਾਬ ਵਿਚੋਂ ਦੂਜਾ ਸਥਾਨ ਹਾਸਿਲ ਕਰਦਿਆਂ ਅਦਾਰੇ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਲੜਕੀਆਂ ਦੇ ਪਿਤਾ ਡਾ. ਬਿੱਕਰ ਸਿੰਘ ਅਨੁਸਾਰ ਐੱਮ.ਬੀ.ਬੀ.ਐੱਸ ਲਈ ਏਮਜ਼ ਦੇ ਦਿੱਤੇ ਟੈੱਸਟ ਵਿਚ ਨਵਰੂਪ ਕੌਰ ਨੇ ਐੱਸ.ਸੀ. ਕੈਟਾਗਿਰੀ ਵਿਚ 23ਵਾਂ ਅਤੇ ਜਨਰਲ ਕੈਟਾਗਿਰੀ ਵਿਚੋਂ 1820ਵਾਂ ਰੈਂਕ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਇਸ ਟੈੱਸਟ ਵਿਚ ਨਵਦੀਪ ਕੌਰ ਨੇ ਐੱਸ.ਸੀ. ਕੈਟਾਗਿਰੀ ਵਿਚ 32ਵਾਂ ਅਤੇ ਜਨਰਲ ਕੈਟਾਗਿਰੀ ਵਿਚ 2507ਵਾਂ ਰੈਂਕ ਹਾਸਿਲ ਕੀਤਾ ਹੈ। ਬੀ.ਏ.ਐੱਮ. ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰੀਤ ਮਹਿੰਦਰ ਪਾਲ ਸਿੰਘ ਨੇ ਦੋਵੇਂ ਬੱਚੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੰਦਿਆ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤਾ।