5 Dariya News

ਪੰਜਾਬ ਐਸ.ਸੀ ਕਮਿਸ਼ਨ ਨੇ ਪੀ-ਐਚ.ਡੀ. ਕਰ ਰਹੇ ਦਲਿਤ ਵਿਦਿਆਰਥੀ ਨਾਲ ਹੋਏ ਧੱਕੇ ਦੀਆਂ ਖ਼ਬਰਾਂ ਦਾ ਸੂ-ਮੋਟੋ ਨੋਟਿਸ ਲਿਆ

ਰਜਿਸਟਰਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ 30 ਦਿਨਾਂ 'ਚ ਮੰਗੀ ਰਿਪੋਰਟ

5 Dariya News

ਚੰਡੀਗੜ੍ਹ 18-Jun-2016

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਹਿੰਦੀ ਵਿਭਾਗ ਵਲੋਂ ਇੱਕ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਵਿਦਿਆਰਥੀ ਨੂੰ ਦਲਿਤ ਹੋਣ ਕਾਰਨ ਪੀ-ਐਚ.ਡੀ. ਕਰਨ ਤੋਂ ਰੋਕਣ ਦਾ ਨੋਟਿਸ ਲੈਂਦਿਆਂ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਮਾਮਲੇ ਬਾਬਤ 30 ਦਿਨਾਂ 'ਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਦੱਸਿਆ ਕਿ ਗਿੱਦੜਬਾਹਾ ਨਾਲ ਸਬੰਧਤ ਰਵੀ ਕੁਮਾਰ, ਜਿਸਨੇ ਆਪਣੀ ਐਮ.ਏ., ਐਮ.ਫਿਲ. ਦੀ ਪੜਾਈ ਮੁਕੰਮਲ ਕਰਕੇ ਅਤੇ ਯੂ.ਜੀ.ਸੀ. ਦੀ ਜੂਨੀਅਰ ਰਿਸਰਚ ਫੈਲੋਸ਼ਿਪ (ਜੇ.ਆਰ.ਐਫ.) ਪਾਸ ਕਰ ਲਈ ਸੀ ਅਤੇ ਇਸ ਉਪਰੰਤ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਅਧਿਆਪਕ ਡਾ. ਰਵੀ ਦੱਤ ਵਲੋਂ ਉਸਦਾ ਪੀ-ਐਚ.ਡੀ. ਦੀ ਪੜ੍ਹਾਈ ਲਈ ਨਿਯਮਾਂ ਅਨੁਸਾਰ ਨਿਗਰਾਨ/ਗਾਈਡ ਬਣਨਾ ਸਵੀਕਾਰ ਕਰ ਲਿਆ ਗਿਆ ਸੀ ਪਰ ਬਾਅਦ 'ਚ ਦਲਿਤ ਵਰਗ ਨਾਲ ਸਬੰਧਤ ਹੋਣ ਕਾਰਨ ਪੀ-ਐਚ.ਡੀ. ਕਰਨ ਤੋਂ ਰੋਕ ਦਿੱਤਾ ਗਿਆ। ਸ੍ਰੀ ਬਾਘਾ ਨੇ ਦੱਸਿਆ ਕਿ ਕਮਿਸ਼ਨ ਨੇ ਨਿਗਰਾਨ ਤੇ ਵਿਭਾਗ ਦੇ ਹੋਰਨਾਂ ਅਧਿਆਪਕਾਂ ਵਲੋਂ ਪੀੜਤ ਰਵੀ ਕੁਮਾਰ ਨੂੰ ਦਲਿਤ ਹੋਣ ਕਾਰਨ ਪੀ-ਐਚ.ਡੀ. ਕਰਨ ਤੋਂ ਰੋਕਣ/ਹੋਏ ਧੱਕੇ ਸਬੰਧੀ ਅਖ਼ਬਾਰਾਂ 'ਚ ਪ੍ਰਕਾਸ਼ਿਤ ਖ਼ਬਰਾਂ ਦਾ ਸੂ-ਮੋਟੋ ਨੋਟਿਸ ਲੈਂਦਿਆਂ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਮਾਮਲੇ ਬਾਬਤ ਸਮੁੱਚੀ ਰਿਪੋਰਟ 30 ਦਿਨਾਂ 'ਚ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਉਣ ਦੀ ਗੱਲ ਕਰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਬਾਘਾ ਨੇ ਕਿਹਾ ਕਿ ਕਮਿਸ਼ਨ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਕਾਨੂੰਨ ਅਨੁਸਾਰ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਯਕੀਨੀ ਬਣਾਈ ਜਾਵੇਗੀ।