5 Dariya News

ਸ਼੍ਰੋਮਣੀ ਅਕਾਲੀ ਦਲ ਨੇ 'ਉੜਤਾ ਪੰਜਾਬ' ਦਾ ਬਿਨਾਂ ਸੈਂਸਰ ਕੀਤਾ ਪ੍ਰਿੰਟ ਲੀਕ ਕਰਨ ਦੇ ਮੁੱਦੇ ਦੀ ਜਾਂਚ ਮੰਗੀ

ਕਿਹਾ, ਇਸ ਘਟਨਾਕ੍ਰਮ ਪਿੱਛੇ ਉਨ੍ਹਾਂ ਸਿਆਸੀ ਪਾਰਟੀਆਂ ਦਾ ਹੱਥ ਜੋ ਪੰਜਾਬ ਨੂੰ ਬਦਨਾਮ ਕਰਨ 'ਤੇ ਤੁਲੀਆਂ

5 Dariya News

ਚੰਡੀਗੜ੍ਹ 17-Jun-2016

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਉਹ ਕਿਸੇ ਵੀ ਕਲਾ ਦੀ ਨਕਲ ਜਾਂ ਪ੍ਰਾਇਰੇਸੀ ਦੇ ਸਖਤ ਖਿਲਾਫ ਹਨ ਅਤੇ 'ਉੜਤਾ ਪੰਜਾਬ' ਫਿਲਮ ਦੇ ਬਿਨਾਂ ਸੈਂਸਰ ਕੀਤੇ ਪ੍ਰਿੰਟ ਦੇ ਲੀਕ ਕਰਨ ਦੇ ਮੁੱਦੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।ਇੱਥੋਂ ਜਾਰੀ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਹਰਚਰਨ ਬੈਂਸ ਨੇ ਕਿਹਾ ਕਿ ਅਸੀਂ ਫਿਲਮ ਦੇ ਬਿਨਾਂ ਸੈਂਸਰ ਲੀਕ ਕੀਤੇ ਪ੍ਰਿੰਟ ਦੀ ਜਾਂਚ ਦਾ ਸਮੱਰਥਨ ਕਰਦੇ ਹਾਂ ਅਤੇ ਕਿਹਾ ਕਿ ਇਹ ਇਕ ਬੇਹੱਦ ਸ਼ਰਮਨਾਕ ਅਤੇ ਨਿੰਦਣਯੋਗ ਕਾਰਾ ਹੈ। ਉਨ੍ਹਾਂ ਕਿਹਾ ਕਿ ਅਸੀਂ ਫਿਲਮ ਉਦਯੋਗ ਨਾਲ ਖੜ੍ਹੇ ਹਾਂ ਜੋ ਕਿ ਏਨੀ ਮਿਹਨਤ ਅਤੇ ਪੈਸੇ ਖਰਚ ਕੇ ਫਿਲਮਾਂ ਸਾਡੇ ਤੱਕ ਲਿਆਉਂਦੇ ਹਨ ਪਰ ਪਾਇਰੇਸੀ ਵਰਗੇ ਅਨੈਤਿਕ ਕਾਰਿਆਂ ਨਾਲ ਉਨ੍ਹਾਂ ਦੀ ਕੋਸ਼ਿਸ਼ ਵਿਅਰਥ ਚਲੀ ਜਾਂਦੀ ਹੈ।ਬੈਂਸ ਨੇ ਅੱਗੇ ਕਿਹਾ ਕਿ ਇਸ ਫਿਲਮ ਦੇ ਬਿਨਾਂ ਸੈਂਸਰ ਕੀਤੇ ਪ੍ਰਿੰਟ ਨਾਜਾਇਜ਼ ਢੰਗ ਨਾਲ ਨਸ਼ਰ ਕੀਤੇ ਜਾਣ ਦੀਆਂ ਖਬਰਾਂ ਨੂੰ ਪੰਜਾਬ ਦੇ ਇਕ ਸਿਆਸੀ ਆਗੂ ਦੇ ਦਾਅਵਿਆਂ ਦੇ ਸੰਦਰਭ ਵਿਚ ਵੇਖਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਮੁਤਾਬਿਕ ਉਸ ਨੇ ਕਿਹਾ ਸੀ ਕਿ ਉਹ ਫਿਲਮ ਦੇ ਬਿਨਾਂ ਸੈਂਸਰ ਕੀਤੇ ਪ੍ਰਿੰਟਾਂ ਨੂੰ ਮਜੀਠਾ ਸਮੇਤ ਪੰਜਾਬ ਦੇ ਪਿੰਡ-ਪਿੰਡ ਵਿਚ ਵਿਖਾਵੇਗਾ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉੜਤਾ ਪੰਜਾਬ ਦੀ ਪਾਇਰੇਸੀ ਦੇ ਮੁੱਦੇ  'ਤੇ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ ਜੋ ਕਿ ਖੁਦ, ਉਸ ਦੀ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਇਸ ਫਿਲਮ ਦੇ ਬਿਨਾਂ ਸੈਂਸਰ ਕੀਤੇ ਪ੍ਰਿੰਟਾਂ ਨੂੰ ਵਿਖਾਉਣ ਦੀ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਲੋਕ ਫਿਲਮ ਬਣਾਉਣ ਵਾਲਿਆਂ ਅਤੇ ਦਰਸ਼ਕਾਂ ਨੂੰ ਇਸ ਮੁੱਦੇ ਸਬੰਧੀ ਆਪਣਾ ਪੱਖ ਸਪੱਸ਼ਟ ਕਰਨ। ਉਨ੍ਹਾਂ ਅੱਗੇ ਕਿਹਾ ਕਿ ਇਸ ਫਿਲਮ ਦੇ ਬਿਨਾਂ ਸੈਂਸਰ ਕੀਤੇ ਪ੍ਰਿੰਟਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਸਿਆਸੀ ਪਾਰਟੀਆਂ ਦੇ ਗੈਰਸਿਧਾਂਤਕ ਲੋਕਾਂ ਦਾ ਹੱਥ ਹੈ ਜੋ ਕਿ ਕਿਸੇ ਵੀ ਤਰੀਕੇ ਸੱਤਾ ਪ੍ਰਾਪਤ ਕਰਨ ਲਈ ਤਰਲੋ-ਮੱਛੀ ਹੋ ਰਹੇ ਹਨ। ਇਹ ਪਾਰਟੀਆਂ ਪੰਜਾਬ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕਰ ਰਹੀਆਂ ਹਨ ਅਤੇ ਇਨ੍ਹਾਂ ਨੇ ਪੰਜਾਬ ਦੇ ਸਾਫ-ਸੁਥਰੇ ਅਕਸ ਨੂੰ ਢਾਹ ਲਾਉਣ ਦੀ ਧਾਰੀ ਹੋਈ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਦੇਸ਼ ਵਿਆਪੀ ਜੰਗ ਵਿੱਢੀ ਗਈ ਹੈ। 

ਬੈਂਸ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਕਿਸੇ ਕਲਾਕਾਰ ਦੀ ਰਚਨਾ ਨੂੰ ਨਾਜਾਇਜ਼ ਢੰਗ ਨਾਲ ਪੇਸ਼ ਕੀਤੇ ਜਾਣ ਖਿਲਾਫ ਹਮੇਸ਼ਾ ਹੀ ਆਵਾਜ਼ ਉਠਾਉਂਦੀ ਰਹੀ ਹੈ ਅਤੇ ਰਹੇਗੀ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਮੰਦਭਾਗੀ ਕਾਰਵਾਈ ਉਸ ਸਾਜਿਸ਼ ਦਾ ਹਿੱਸਾ ਹੈ ਜੋ ਕਿ ਕੁਝ ਗੈਰਇਖਲਾਕੀ ਸਿਆਸੀ ਪਾਰਟੀਆਂ ਵੱਲੋਂ ਰਚੀ ਜਾ ਰਹੀ ਹੈ ਜਿਨ੍ਹਾਂ ਵੱਲੋਂ ਪੰਜਾਬ ਦੇ ਹਿੱਤਾਂ ਦਾ ਨੁਕਸਾਨ ਕੀਤੇ ਜਾਣ ਤੋਂ ਸਭ ਲੋਕ ਜਾਣੂੰ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸਾਰੇ ਕਾਰੇ ਪਿੱਛੇ ਫਿਲਮ ਨੂੰ ਸਿਰਫ ਵਪਾਰਕ ਤੌਰ 'ਤੇ ਨੁਕਸਾਨ ਪਹੁੰਚਾਉਣਾ ਹੀ ਨਹੀਂ ਸਗੋਂ ਕੋਈ ਹੋਰ ਵੀ ਵੱਡੀ ਸਾਜਿਸ਼ ਲੱਗਦੀ ਹੈ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਕਿਸੇ ਨੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਜਾਣਬੁੱਝ ਕੇ ਫਿਲਮ ਦੇ ਬਿਨਾਂ ਸੈਂਸਰ ਪ੍ਰਿੰਟ ਨੂੰ ਲੀਕ ਕੀਤਾ ਹੈ।