ਸਰਕਾਰ ਨੇ ਪਸ਼ੂ ਮੰਡੀਆਂ ਤੋਂ ਕਮਾਏ 100.21 ਕਰੋੜ -ਸਿੰਕਦਰ ਸਿੰਘ ਮਲੂਕਾ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ 12 ਅਤਿ ਆਧੁਨਿਕ ਪਸ਼ੂ ਮੇਲਾ ਗਰਾਉਡਾਂ ਤੇ ਖਰਚੇ 70 ਕਰੋੜ
5 Dariya News
ਚੰਡੀਗੜ੍ਹ 16-Jun-2016
ਪੰਜਾਬ ਸਰਕਾਰ ਨੂੰ ਦੋ ਸਾਲਾਂ (2015-16 ਅਤੇ 2016-17) ਦੋਰਾਨ ਪਸ਼ੂ-ਮੰਡੀਆਂ ਦੀ ਆਕਸ਼ਨ ਤੋਂ ਤਕਰੀਬਨ 100.21 ਕਰੋੜ ਰੁਪਏ ਦੀ ਆਮਦਨ ਹੋਈ।ਇਸ ਗੱਲ ਦੀ ਜਾਣਕਾਰੀ ਦਿੰਦੇ ਪੰਜਾਬ ਦ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਿੰਕਦਰ ਸਿੰਘ ਮਲੂਕਾ ਨੇ ਦੱਸਿਆ ਕਿ ਪਿਛਲੇ ਸਾਲ ਪਸ਼ੂ ਮੰਡੀਆਂ ਦੀ ਨੀਲਾਮੀ ਤੋਂ 48.65 ਕਰੋੜ ਰੁਪਏ ਦੀ ਆਮਦਨ ਸੀ ਜ਼ੋ ਇਸ ਸਾਲ ਛੇ ਪ੍ਰਤੀਸ਼ਤ ਦੇ ਵਾਧੇ ਨਾਲ 51.56 ਕਰੋੜ ਰੁਪਏ ਹੋ ਗਈ।ਮੰਤਰੀ ਨੇ ਦੱਸਿਆ ਕਿ ਇਨਾਂ ਪਸ਼ੂ- ਮੇਲਿਆਂ ਦਾ ਮੁੱਖ ਮੰਤਵ ਰਾਜ ਵਿਚ ਪਸ਼ੂਆਂ ਦੇ ਵਪਾਰੀਆਂ ਅਤੇ ਖਰੀਦਦਾਰਾਂ ਵਲੋਂ ਮੌਕੇ ਤੇ ਵਧੀਆ ਨਸਲ ਦੇ ਪਸ਼ੁਆਂ ਦਾ ਸੌਦਾ ਕਰ ਸਕਣ ਅਤੇ ਇਨ੍ਹਾਂ ਪਸ਼ੂ ਮੇਲਿਆਂ ਵਿਚ ਨਵੀਨਤਮ ਜਾਣਕਾਰੀ ਦੇਣ ਦੇ ਨਾਲ-ਨਾਲ ਕਿਸਾਨਾਂ ਦੀ ਆਰਥਿਕ ਹਾਲਤ ਵਿਚ ਵੀ ਸੁਧਾਰ ਕਰਨਾ ਹੈ।ਸਰਕਾਰ ਵਲੋਂ ਪਸ਼ੂ ਮੇਲਿਆਂ ਨੂੰ ਆਕਰਸ਼ਿਤ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂਕਿ ਕਿਸਾਨਾਂ ਦੀ ਇਨ੍ਹਾਂ ਮੇਲਿਆਂ ਵਿਚ ਹੋਰ ਵਧੇਰੇ ਦਿਲਚਸਪੀ ਵੱਧ ਸਕੇ। ਇਨਾਂ ਪਸ਼ੂ ਮੇਲਿਆਂ ਵਿਚ ਬਹੂ ਗਿਣਤੀ ਵਿਚ ਹਰ ਕਿਸਮ ਦੇ ਚੰਗੇ ਪਸ਼ੂ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਰਾਜ ਦੇ ਕਿਸਾਨ ਹੋਰ ਰਾਜਾਂ ਦੇ ਪਸ਼ੂ ਮੇਲਿਆਂ ਵਿਚ ਵੇਚ ਕੇ ਵੱਧ ਲਾਭ ਉਠਾ ਸਕਦੇ ਹਨ।ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਾਉਣ ਲਈ 12 ਅਤਿ ਆਧੁਨਿਕ ਪਸ਼ੂ ਮੇਲਾ ਗਰਾਉਡਾਂ ਤੇ 70 ਕਰੋੜ ਰੁਪਏ ਖਰਚ ਕੀਤੇ ਗਏ।
ਰਾਜ ਦੇ 12 ਆਧੁਨਿਕ ਪਸ਼ੂ ਮੇਲਾ ਗਰਾਉਡ ਵੱਲਾ (ਅੰਮ੍ਰਿਤਸਰ), ਨੱਬੀਪੁਰ ( ਸ੍ਰੀ ਫ਼ਤਹਿਗੜ੍ਹ ਸਾਹਿਬ), ਕਿਲਿਆਂਵਾਲੀ ( ਸ੍ਰੀ ਮੁਕਤਸਰ ਸਾਹਿਬ), ਸੁਭਾਨਪੁਰ ( ਕਪੂਰਥਲਾ), ਜਗਰਾਉਂ (ਲੁਧਿਆਣਾ), ਨਾਭਾ ( ਪਟਿਆਲਾ), ਧਨੋਲਾ ( ਬਰਨਾਲਾ), ਦਾਊਂ ਮਾਜਰਾ (ਮੋਹਾਲੀ), ਚੜਿੱਕ ( ਮੋਗਾ), ਮੌੜ ( ਬਠਿੰਡਾ), ਬਟਾਲਾ ( ਗੁਰਦਾਸਪੁਰ) ਅਤੇ ਰਾਮਪੁਰਾ ( ਬਠਿੰਡਾ) ਵਿਖੇ ਵਿਕਸਿਤ ਕੀਤੇ ਜਾ ਚੁੱਕੇ ਹਨ।ਉਨ੍ਹਾਂ ਅੱਗੇ ਦੱਸਿਆ ਕਿ ਸਲਾਨਾ ਆਕਸ਼ਨ ਕਰਾਉਣ ਉਪਰੰਤ ਰਾਜ ਦੇ 40 ਪਸ਼ੂ ਮੇਲੇ ਗਰਾਂਉਡਾਂ ਵਿਚ ਪੰਦਰੀ ਦਿਨੀਂ, ਮਹੀਨਾਵਾਰ ਅਤੇ ਸਲਾਨਾ ਪਸ਼ੂ ਮੇਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ।ਇਨ੍ਹਾਂ ਪਸ਼ੂ ਮੇਲਿਆਂ ਵਿਚ ਆਉਣ ਵਾਲੇ ਵਪਾਰੀਆਂ ਅਤੇ ਪਸ਼ੂਆਂ ਦੇ ਖਰੀਦਦਾਰਾਂ ਦੇ ਜਾਨ ਮਾਲ ਦੀ ਪੂਰੀ ਹਿਫ਼ਾਜਿਤ ਕੀਤੀ ਜਾਂਦੀ ਹੈ।ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਨਾਲ-ਨਾਲ ਕੰਟਰੈਕਟਰਾਂ ਵਲੋਂ ਵੀ ਵਪਾਰੀਆਂ, ਖਰੀਦਦਾਰਾਂ ਅਤੇ ਪਸ਼ੂਆਂ ਲਈ ਹਰ ਕਿਸਮ ਦੀਆਂ ਸਹੂਲਤਾਂ ਜਿਵੇਂ ਬਿਜਲੀ,ਪੀਣ ਵਾਲਾ ਸਾਫ਼-ਸੁਥਰਾ ਪਾਣੀ, ਟੈਂਟ ਅਤੇ ਪਸ਼ੂਆਂ ਲਈ ਚਾਰਾ ਮੁਹੱਈਆ ਕਰਵਾਇਆ ਜਾਂਦਾ ਹੈ ਤਾਂਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਝੇਲਣੀ ਪਵੇ। ਉਨ੍ਹਾਂ ਦੱਸਿਆ ਕਿ ਇਹ ਪਸ਼ੂ-ਮੇਲੇ ਆਮ ਤੌਰ ਤੇ ਰੇਲਵੇ ਸਟੇਸ਼ਨਾਂ ਅਤੇ ਮੁੱਖ ਸੜਕਾਂ ਦੇ ਨੇੜੇ ਲਗਾਏ ਜਾਂਦੇ ਹਨ ਅਤੇ ਰਾਤ ਵੇਲੇ ਪੁਲਿਸ ਦਾ ਪ੍ਰਬੰਧ ਹੋਣ ਕਰਕੇ ਚੋਰੀ ਦਾ ਡਰ ਨਹੀਂ ਰਹਿੰਦਾ।