5 Dariya News

ਉੜਤਾ ਪੰਜਾਬ ਮਾਮਲੇ ਨਾਲ ਪੰਜਾਬ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ: ਹਰਚਰਨ ਬੈਂਸ

5 Dariya News

ਚੰਡੀਗੜ੍ਹ 13-Jun-2016

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕੌਮੀ ਮਾਮਲਿਆਂ ਬਾਰੇ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਅੱਜ ਫਿਰ ਸਪੱਸ਼ਟ ਕੀਤਾ ਹੈ ਕਿ ਫਿਲਮ ਉੜਤਾ ਪੰਜਾਬ ਮਸਲੇ ਨਾਲ ਪੰਜਾਬ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਸੂਬਾ ਸਰਕਾਰ ਨੇ ਹਮੇਸ਼ਾਂ ਇਹੀ ਕਿਹਾ ਹੈ ਕਿ ਇਹ ਮਸਲਾ ਫਿਲਮ ਦੇ ਨਿਰਮਾਤਾ, ਜਿਨ੍ਹਾਂ 'ਚ ਇਕ ਆਮ ਆਦਮੀ ਪਾਰਟੀ ਦਾ ਆਗੂ ਸਮੀਰ ਨਾਇਰ ਵੀ ਹੈ, ਅਤੇ ਸੈਂਸਰ ਬੋਰਡ ਦੇ ਵਿਚਕਾਰ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਫਿਲਮ ਅਜਿਹੀਆਂ ਬੇਸ਼ੁਮਾਰ ਫਿਲਮਾਂ ਵਿਚੋਂ ਇਕ ਹੈ ਜਿਨਾਂ ਦਾ ਨਿਰਮਾਣ ਦੇਸ਼ ਵਿਚ ਨਿਰੋਲ ਵਪਾਰਕ ਪੱਖ ਨੂੰ ਰੱਖਦੇ ਹੋਏ ਕੀਤਾ ਜਾਂਦਾ ਹੈ। 

ਸ੍ਰੀ ਬੈਂਸ ਨੇ ਅੱਗੇ ਕਿਹਾ ਕਿ ਕਿਉਂ ਜੋ ਫਿਲਮ ਹਾਲੇ ਰਿਲੀਜ਼ ਨਹੀਂ ਹੋਈ ਇਸੇ ਲਈ ਸਰਕਾਰ ਵੱਲੋਂ ਫਿਲਮ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਉਹ ਅਜਿਹੀ ਕਿਸੇ ਵੀ ਕੋਸ਼ਿਸ਼ ਦੇ ਪੱਖ ਵਿਚ ਹਨ ਜਿਸ ਨਾਲ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਜਾ ਰਹੀ ਦੇਸ਼ ਦੀ ਜੰਗ ਨੂੰ ਸਮਾਜਿਕ ਜਾਂ ਮਨੋਵਿਗਿਆਨਕ ਸਮਰਥਨ ਮਿਲਦਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਇਹ ਫਿਲਮ ਪੰਜਾਬ ਨੂੰ ਨਸ਼ਿਆਂ ਦੀ ਧਰਤੀ ਵੱਜੋਂ ਪੇਸ਼ ਕੀਤੀ ਜਾ ਰਹੀ ਗਲਤ ਧਾਰਨਾ, ਜੋ ਕਿ ਕੁਝ ਮੌਕਾਪ੍ਰਸਤ ਗੈਰ-ਪੰਜਾਬੀ ਵਿਅਕਤੀਆਂ, ਸਿਆਸੀ ਦਲਾਂ ਅਤੇ ਆਗੂਆਂ ਵੱਲੋਂ ਫੈਲਾਈ ਜਾ ਰਹੀ ਹੈ ਜਿਸ ਨਾਲ ਬਹਾਦਰ ਪੰਜਾਬੀਆਂ ਦੇ ਅਕਸ ਨੂੰ ਢਾਹ ਲੱਗਦੀ ਹੈ, ਨੂੰ ਗਲਤ ਸਾਬਤ ਕਰਕੇ ਪੰਜਾਬ ਦੀ ਸਹੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਉਹ ਇਸ ਫਿਲਮ ਦੀ ਹਮਾਇਤ ਕਰਨਗੇ।

ਉਨ੍ਹਾਂ ਕਿਹਾ ਕਿ ਇਸ ਪੜਾਅ ਉੱਤੇ ਸਰਕਾਰੀ ਦਖਲ ਦੀਆਂ ਗੱਲਾਂ ਨਿਰੋਲ ਕਿਆਸਅਰਾਈਆਂ ਹਨ। ਸ੍ਰੀ ਬੈਂਸ ਅਨੁਸਾਰ “ਨਾ ਤਾਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਨਾ ਹੀ ਪਾਰਟੀ ਆਗੂ ਜਾਂ ਸਰਕਾਰ ਵਿਚੋਂ ਕੋਈ ਵੀ ਸਿਆਸੀ ਤੇ ਪ੍ਰਸ਼ਾਸ਼ਨਿਕ ਪੱਧਰ ਦਾ ਵਿਅਕਤੀ ਅਜੇ ਤੱਕ ਇਸ ਫਿਲਮ ਨੂੰ ਵੇਖ ਸਕਿਆ ਹੈ। ਇਸ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਫਿਲਮ ਪੰਜਾਬ  ਅਤੇ ਪੰਜਾਬੀਆਂ ਦੀ ਕਲਪਿਤ ਅਤੇ ਸਰਾਸਰ ਨਕਾਰਾਤਮਕ ਤਸਵੀਰ ਪੇਸ਼ ਕਰਕੇ ਅਤੇ ਪੰਜਾਬੀਆਂ ਦੇ ਜਜ਼ਬਾਤਾਂ ਨੂੰ ਠੋਕਰ ਮਾਰ ਕੇ ਸੂਬੇ ਦੇ ਸ਼ਾਂਤ ਮਾਹੌਲ ਨੂੰ ਸੱਟ ਮਾਰਨ ਦੀ ਕੋਸ਼ਿਸ਼ ਹੈ ਜਾਂ ਨਹੀਂ।