ਪ੍ਰੋ. ਕਪਤਾਨ ਸਿੰਘ ਸੋਲੰਕੀ ਵੱਲੋਂ ਅਧਿਕਾਰੀਆਂ ਨੂੰ ਚੰਗੀਆਂ ਪ੍ਰਸਾਸ਼ਕੀ ਸੇਵਾਵਾਂ ਯਕੀਨੀ ਬਣਾਉਣ ਦੀ ਅਪੀਲ
5 Dariya News (ਅਜੇ ਪਾਹਵਾ)
ਲੁਧਿਆਣਾ 12-Jun-2016
ਅੱਜ ਦੇ ਲੋਕ ਅਧਿਕਾਰੀਆਂ ਤੋਂ ਚੰਗੀਆਂ ਪ੍ਰਸਾਸ਼ਕੀ ਸੇਵਾਵਾਂ ਦੀ ਉਮੀਦ ਰੱਖਦੇ ਹਨ। ਇਸ ਲਈ ਅੱਜ ਲੋੜ ਹੈ ਕਿ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਾਉਣ ਲਈ ਅਧਿਕਾਰੀ ਜਿੰਮੇਵਾਰੀ ਨਾਲ ਸੌਖਾ ਅਤੇ ਆਸਾਨ ਸਿਸਟਮ ਈਜ਼ਾਦ ਕਰਨ। ਇਹ ਵਿਚਾਰ ਪੰਜਾਬ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਅੱਜ ਸਥਾਨਕ ਕੁੰਦਨ ਵਿੱਦਿਆ ਮੰਦਰ ਵਿਖੇ ਸੰਕਲਪ ਸੰਸਥਾ ਵੱਲੋਂ ਨਵੇਂ ਚੁਣੇ ਗਏ ਆਈ. ਏ. ਐੱਸ. ਅਧਿਕਾਰੀਆਂ ਦੇ ਸਨਮਾਨ ਲਈ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪ੍ਰਸਾਸ਼ਕੀ ਸੇਵਾਵਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਕਿ ਲੋਕਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਵੇ ਕਿ ਇਹ ਸੇਵਾਵਾਂ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਮਿਲ ਰਹੀਆਂ ਹਨ। ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਤੇਜ਼ ਪ੍ਰਣਾਲੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੰਮ ਵਿੱਚ ਇਕੱਲੇ ਤੁਸੀਂ ਹੀ ਗੰਭੀਰ ਨਾ ਹੋਵੋ ਸਗੋਂ ਆਪਣੇ ਸਟਾਫ਼ ਨੂੰ ਵੀ ਗੰਭੀਰ ਹੋਣ ਲਈ ਪ੍ਰੇਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਲੋਕਾਂ ਦੀ ਸਹੂਲਤ ਲਈ ਬਹੁਤ ਕੰਮ ਕਰ ਰਹੀਆਂ ਹਨ, ਪਰ ਵੱਡੀ ਭੂਮਿਕਾ ਅਧਿਕਾਰੀਆਂ ਨੇ ਅਦਾ ਕਰਨੀ ਹੁੰਦੀ ਹੈ। ਸਰਕਾਰਾਂ ਲੋਕਾਂ ਦੇ ਜੀਵਨ ਵਿੱਚ ਹਾਂ-ਪੱਖੀ ਤਬਦੀਲੀਆਂ ਲਿਆਉਣ ਅਤੇ ਸਭ ਨੂੰ ਬਰਾਬਰ ਮੌਕੇ ਮੁਹੱਈਆ ਕਰਾਉਣ ਲਈ ਦ੍ਰਿੜ ਸੰਕਲਪ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਮੁੱਖ ਰੱਖ ਕੇ ਤਿਆਰ ਕੀਤੀਆਂ ਜਾਂਦੀਆਂ ਯੋਜਨਾਵਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਦਿਨ ਰਾਤ ਇੱਕ ਕਰਨ।ਇਸ ਮੌਕੇ ਸੰਕਲਪ ਸੰਸਥਾ ਵੱਲੋਂ ਸਿਖ਼ਲਾਈ ਲੈ ਕੇ ਆਈ. ਏ. ਐੱਸ. ਪ੍ਰੀਖਿਆ ਪਾਸ ਕਰਨ ਵਾਲੇ ਸ੍ਰ. ਹਰਸਿਮਰਨ ਸਿੰਘ ਅਤੇ ਆਈ. ਪੀ. ਐੱਸ. ਪ੍ਰੀਖਿਆ ਪਾਸ ਕਰਨ ਵਾਲੀ ਮਿਸ ਸੁਰਭੀ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਰਾਜ ਸਭਾ ਸ੍ਰੀ ਸ਼ਵੇਤ ਮਲਿਕ, ਸ੍ਰ. ਐੱਮ. ਪੀ. ਸਿੰਘ ਪ੍ਰਮੁੱਖ ਸਕੱਤਰ ਰਾਜਪਾਲ, ਸ੍ਰ. ਨਗਿੰਦਰ ਸਿੰਘ ਜੁਆਇੰੰਟ ਡਾਇਰੈਕਟਰ, ਸ੍ਰੀ ਨਰਿੰਦਰ ਮਿੱਤਲ ਪ੍ਰਧਾਨ ਸੰਕਲਪ, ਸ੍ਰੀ ਮਹਿੰਦਰਪਾਲ ਗੁਪਤਾ ਚੇਅਰਮੈਨ ਤੇਰਾ ਪੰਥ ਜੈਨ ਸਭਾ, ਸ੍ਰੀ ਸੰਤੋਸ਼ ਤਨੇਜਾ, ਸ੍ਰੀ ਕੁਲਦੀਪ ਜੈਨ, ਸ੍ਰੀ ਰਮੇਸ਼ ਜਗੋਤਾ, ਸ੍ਰੀ ਵੀ.ਕੇ. ਗੋਇਲ, ਸ੍ਰੀ ਕੇਵਲ ਕ੍ਰਿਸ਼ਨ ਗੁਪਤਾ, ਸ੍ਰੀ ਰਮੇਸ਼ ਅਗਰਵਾਲ, ਸ੍ਰੀ ਨਵਰਤਨ ਸੁਰਾਣਾ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।