ਸ਼੍ਰੋਮਣੀ ਕਮੇਟੀ ਤੇ ਤਪੋਵਨ ਟਰੱਸਟ ਸ਼੍ਰੀ ਗੰਗਾਨਗਰ ਵੱਲੋਂ ਲਗਾਇਆ ਗਿਆ ਐਡਵਾਂਸ ਕੈਂਸਰ ਜਾਂਚ ਕੈਂਪ
ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਜੜ੍ਹੋ ਖਾਤਮੇ ਲਈ ਸਮੂਹ ਧਾਰਮਕ, ਸਮਾਜਿਕ ਤੇ ਸਮਾਜ ਸੇਵੀ ਜੱਥੇਬੰਦੀਆਂ ਦੇ ਮੈਂਬਰ ਆਪਣੀ ਜੋਰਦਾਰ ਮੁਹਿੰਮ ਚਲਾਉਣ ਜੱਥੇ: ਅਵਤਾਰ ਸਿੰਘ
5 Dariya News (ਅਜੇ ਪਾਹਵਾ)
ਲੁਧਿਆਣਾ 10-Jun-2016
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਜੜ੍ਹੋ ਖਾਤਮੇ ਲਈ ਸਮੂਹ ਧਾਰਮਕ, ਸਮਾਜਿਕ ਤੇ ਸਮਾਜ ਸੇਵੀ ਜੱਥੇਬੰਦੀਆਂ ਦੇ ਮੈਂਬਰ ਸਾਂਝੇ ਰੂਪ ਵਿੱਚ ਆਪਣੀ ਜੋਰਦਾਰ ਮੁਹਿੰਮ ਚਲਾਉਣ, ਕਿਉਂਕਿ ਜੇਕਰ ਅਸੀ ਪੰਜਾਬ ਦੇ ਘਰ ਘਰ ਤੱਕ ਕੈਂਸਰ ਦੀ ਬਿਮਾਰੀ ਸਬੰਧੀ ਜਾਗਰੂਕਤਾ ਫੈਲਾਉਣ ਵਿੱਚ ਕਾਮਯਾਬ ਹੋ ਜਾਂਦੇ ਹਾਂ ਤਾਂ ਇਹ ਸਾਡੇ ਲਈ ਇੱਕ ਕ੍ਰਾਂਤੀਕਾਰੀ ਦਿਸ਼ਾ ਮਾਰਗ ਹੋਵੇਗਾ। ਅੱਜ ਗੁਰਦੁਆਰਾ ਮਾਤਾ ਗੁਜ਼ਰੀ ਸਾਹਿਬ (ਰਜਿ) ਦੁਸਹਿਰਾ ਗਰਾਊਂਡ ਸ਼ਿਮਲਾਪੂਰੀ ਵਿਖੇ ਸ਼੍ਰੋਮਣੀ ਗੁ:ਪ੍ਰਬੰਧਕ ਕਮੇਟੀ ਤੇ ਤਪੋਵਨ ਟਰੱਸਟ ਸ਼੍ਰੀ ਗੰਗਾਨਗਰ ਦੇ ਨਿੱਘੇ ਸਹਿਯੋਗ ਨਾਲ ਲਗਾਏ ਗਏ ਐਡਵਾਂਸ ਕੈਂਸਰ ਜਾਂਚ ਕੈਂਪ ਦਾ ਰਸਮੀ ਤੌਰ ਤੇ ਉਦਘਾਟਨ ਕਰਨ ਉਪਰੰਤ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਜੱਥੇ: ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰੇ ਸਾਹਿਬਾਨ ਦੇ ਯੋਗ ਪ੍ਰਬੰਧ ਦੇ ਨਾਲ-ਨਾਲ ਸੰੰਗਤਾ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾ ਦੇਣ ਲਈ ਵੀ ਪੂਰੀ ਤਰ੍ਹਾਂ ਤੱਤਪਰ ਹੈ, ਖਾਸ ਕਰਕੇ ਕੈਂਸਰ ਦੀ ਮਾਰ ਹੇਠ ਧੁਖ ਰਹੇ ਪੰਜਾਬ ਦੇ ਲੋਕਾਂ ਨੂੰ ਨਾ-ਮੁਰਾਦ ਬਿਮਾਰੀ ਦਾ ਇਲਾਜ਼ ਕਰਵਾਉਣ ਲਈ ਹੁਣ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਬਿਨਾਂ ਕਿਸੇ ਭੇਦ ਭਾਵ ਤੇ ਜਾਤ -ਧਰਮ ਤੋਂ ਉਪਰ ਉੱਠ ਕੇ ਕਰੋੜਾ ਰੁਪਏ ਦੀ ਸਹਾਇਤਾ ਰਾਸ਼ੀ ਵੰਡੀ ਜਾ ਚੁੱਕੀ ਹੈ, ਉੱਥੇ ਕੈਂਸਰ ਪੀੜਤਾ ਦਾ ਯੋਗ ਇਲਾਜ ਕਰਨ ਹਿੱਤ ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ ਸ਼੍ਰੀ ਅੰਮ੍ਰਿਤਸਰ ਵਿਖੇ ਕਈ ਆਧੁਨਿਕ ਮਸ਼ੀਨਾ ਲਗਾਈਆ ਗਈਆਂ ਹਨ।
ਜਿੱਥੇ ਕੈਂਸਰ ਦੇ ਮਰੀਜ਼ ਕੀਮੋਥਰੈਪੀ, ਰੇਡੀਓੁਥਰੈਪੀ ਆਦਿ ਟੈਸਟ ਬਹੁਤ ਵਾਜਬ ਤਰ੍ਹਾਂ ਦੇ ਕਰਵਾਉਂਦੇ ਹਨ। ਇਸ ਦੌਰਾਨ ਉਨ੍ਹਾਂ ਨੇ ਤਪੋਵਨ ਟਰੱਸਟ ਸ਼੍ਰੀ ਗੰਗਾਨਗਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਸੁਖਵਿੰਦਰ ਕੌਰ ਸੌਖੀ ਤੇ ਕੌਂਸਲਰ ਜਗਬੀਰ ਸਿੰਘ ਸੋਖੀ ਦੇ ਵੱਲੋਂ ਕੈਂਸਰ ਦੀ ਬਿਮਾਰੀ ਦੇ ਪ੍ਰਤੀ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਸਾਂਝੀ ਜਾਗਰਤੀ ਮੁਹਿੰਮ ਦੀ ਜੋਰਦਾਰ ਸ਼ਲਾਘਾ ਕਰਦਿਆ ਕਿਹਾ ਕਿ ਸੱਚੇ ਦਿਲੋਂ ਕੀਤੇ ਗਏ ਸੇਵਾ ਕਾਰਜ ਹਮੇਸ਼ਾ ਹੀ ਸਮੁੱਚੇ ਸਮਾਜ ਲਈ ਪ੍ਰੇਣਾ ਦਾ ਸਰੋਤ ਬਣਦੇ ਹਨ। ਐਡਵਾਂਸ ਕੈਂਸਰ ਜਾਂਚ ਕੈਂਪ (ਮੋਬਾਈਲ ਵੈਨ) ਦੀ ਆਰੰਭਤਾ ਮੋਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਸ਼੍ਰੋਮਣੀ ਕਮੇਟੀ ਦੇ ਮੈਂਬਰ ਬੀਬੀ ਸੁਖਵਿੰਦਰ ਕੌਰ ਸੋਖੀ ਤੇ ਕਾਂਸਲਰ ਜਗਬੀਰ ਸਿੰਘ ਸੋਖੀ ਨੇ ਸਾਂਝੇ ਤੋਰ ਤੇ ਕਿਹਾ ਕਿ ਕੈਂਸਰ ਦੀ ਭਿਆਨਕ ਬਿਮਾਰੀ ਕਾਰਨ ਹਰ ਸਾਲ ਸਮੁੱਚੇ ਵਿਸ਼ਵ ਅੰਦਰ ਲਗਭਗ 76 ਲੱਖ ਦੇ ਕਰੀਬ ਮੋਤਾਂ ਹੁੰਦੀਆਂ ਹਨ ਖਾਸ ਕਰਕੇ ਭਾਰਤ ਵਿੱਚ ਹਰ ਇੱਕ 17 ਵੇ ਮਿੰਟ ਅੰਦਰ ਇੱਕ ਕੈਂਸਰ ਪੀੜਤ ਮਰੀਜ਼ ਮਰਦਾ ਹੈ । ਸੋ ਅੱਜ ਵੇਲਾ ਰਹਿੰਦਿਆ ਕੈਂਸਰ ਦੀ ਜੰਗ ਨੂੰ ਜਿੱਤਣ ਲਈ ਆਓ ਇੱਕ ਮੁੱਠ ਹੋਈਏ ਅਤੇ ਪੰਜਾਬ ਨੂੰ ਬਿਮਾਰੀਆਂ ਦੀ ਦਲ ਦਲ ਵਿੱਚੋਂ ਕੱਢਣ ਲਈ ਰਣ-ਤੱਤੇ ਵਿੱਚ ਜੂਝਣ ਲਈ ਦ੍ਰਿੜ ਸੰਕਲਪ ਲਈਏ। ਇਸ ਮੋਕੇ ਤਪੋਵਨ ਟਰੱਸਟ ਸ੍ਰੀ ਗੰਗਾਨਗਰ ਵੱਲੋਂ ਭੇਜੀ ਗਈ ਕੈਂਸਰ ਜਾਂਚ ਮੋਬਾਈਲ ਵੈਨ ਅੰਦਰ ਡਾਕਟਰਾਂ ਦੀ ਟੀਮ ਵੱਲੋਂ ਪ੍ਰਮੁੱਖ ਸ਼ਖਸ਼ੀਅਤਾਂ ਤੇ ਸਥਾਨਕ ਇਲਾਕਾ ਨਿਵਾਸੀਆਂ ਦੇ ਖੁਨ ਦੀ ਜਾਂਚ ਪੜਤਾਲ ਕੀਤੀ ਗਈ। ਇਸ ਮੋਕੇ ਤੇ ਹੋਰਨਾ ਤੋ ਇਲਾਵਾ ਗੁਰਪ੍ਰੀਤ ਸਿੰਘ ਬੱਬਲ ਪ੍ਰਧਾਨ ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ 1, ਡਾ. ਪਰਮਜੀਤ ਸਿੰਘ ਸਰੋਆ ਨਿੱਜੀ ਸਹਾਇਕ ਪ੍ਰਧਾਨ ਸ਼੍ਰੋਮਣੀ ਕਮੇਟੀ, ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ, ਡਾ. ਜਗਦੇਵ ਸਿੰਘ, ਕੁਲਵਿੰਦਰ ਸਿੰਘ ਸੋਖੀ, ਬੇਅੰਤ ਸਿੰਘ ਮਠਾੜੂ, ਬਲਬੀਰ ਸਿੰਘ , ਬੂਟਾ ਸਿੰਘ ਪ੍ਰਧਾਨ ਗੁਰਦੁਆਰਾ ਮਾਤਾ ਗੁਜ਼ਰੀ ਸਾਹਿਬ (ਰਜਿ), ਸੁਖਵਿੰਦਰ ਸਿੰਘ ਬਲਵੰਤ ਸਿੰਘ, ਜਸਬੀਰ ਸਿੰਘ, ਨਰਿੰਦਰ ਨੋਨਾ ਸਮੇਤ ਇਲਾਕੇ ਦੇ ਕਈ ਪ੍ਰਮੁੱਖ ਸ਼ਖਸ਼ੀਅਤਾਂ ਉਚੇਚੇ ਤੋਰ ਤੇ ਹਾਜ਼ਰ ਸਨ।