5 Dariya News

ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ :ਹਲਕਾ ਪਾਇਲ ਦੀ ਸੰਗਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਉਪਰੰਤ ਵਾਪਸ ਪਰਤੀ

ਸਪੀਕਰ ਪੰਜਾਬ ਵਿਧਾਨ ਸਭਾ ਅਤੇ ਹਲਕਾ ਵਿਧਾਇਕ ਚਰਨਜੀਤ ਸਿੰਘ ਅਟਵਾਲ ਨੇ ਅੱਜ ਸ਼ਰਧਾਲੂਆਂ ਦਾ ਦੋਰਾਹਾ ਰੇਲਵੇ ਸਟੇਸ਼ਨ 'ਤੇ ਸੁਆਗਤ ਕੀਤਾ

5 Dariya News (ਅਜੇ ਪਾਹਵਾ)

ਲੁਧਿਆਣਾ 06-Jun-2016

ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਅਧੀਨ ਦੋਰਾਹਾ (ਹਲਕਾ ਪਾਇਲ) ਤੋਂ ਰਵਾਨਾ ਹੋਈ ਸੰਗਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਉਪਰੰਤ ਅੱਜ ਸ਼ਾਮ ਵਾਪਸ ਦੋਰਾਹਾ ਪਰਤ ਆਈ ਹੈ। ਸੰਗਤ ਦਾ ਸਥਾਨਕ ਰੇਲਵੇ ਸਟੇਸ਼ਨ 'ਤੇ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਹਲਕਾ ਵਿਧਾਇਕ ਸ੍ਰ. ਚਰਨਜੀਤ ਸਿੰਘ ਅਟਵਾਲ ਅਤੇ ਸਥਾਨਕ ਵਾਸੀਆਂ ਵੱਲੋਂ ਸ਼ਾਹਾਨਾ ਸਵਾਗਤ ਕੀਤਾ ਗਿਆ। ਇਸ 1000 ਤੋਂ ਵਧੇਰੇ ਸ਼ਰਧਾਲੂਆਂ ਵਾਲੀ ਸੰਗਤ ਨੂੰ ਲੰਘੀ 1 ਜੂਨ ਨੂੰ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਹਲਕਾ ਵਿਧਾਇਕ ਸ੍ਰ. ਚਰਨਜੀਤ ਸਿੰਘ ਅਟਵਾਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ।ਦੱਸਣਯੋਗ ਹੈ ਕਿ 15 ਡੱਬਿਆਂ ਵਾਲੀ ਤੀਰਥ ਯਾਤਰਾ ਰੇਲ ਗੱਡੀ ਵਿੱਚ ਪੂਰੀ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਖਾਣੇ, ਰਹਿਣ-ਸਹਿਣ, ਆਉਣ-ਜਾਣ ਆਦਿ ਦੀਆਂ ਸਾਰੀਆਂ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਸ਼ਰਧਾਲੂਆਂ ਦੀ ਸਹੂਲਤ ਲਈ ਸਾਬਕਾ ਵਿਧਾਇਕ ਸ੍ਰ. ਇੰਦਰ ਇਕਬਾਲ ਸਿੰਘ ਅਟਵਾਲ, ਜੱਥੇਦਾਰ ਰਘਬੀਰ ਸਿੰਘ ਸਹਾਨਮਾਜਰਾ, ਜੱਥੇਦਾਰ ਗੁਰਜੀਤ ਸਿੰਘ ਪੰਧੇਰ ਖੇੜੀ ਚੇਅਰਮੈਨ ਮਾਰਕੀਟ ਕਮੇਟੀ ਮਾਲੌਦ, ਜੱਥੇਦਾਰ ਮਨਜੀਤ ਸਿੰਘ ਮਦਨੀਪੁਰ ਪ੍ਰਧਾਨ ਐਸ.ਸੀ. ਵਿੰਗ ਸ੍ਰੋਮਣੀ ਅਕਾਲੀ ਦਲ, ਸ੍ਰ. ਸੋਹਣ ਸਿੰਘ ਭੰਗੂ ਪ੍ਰਧਾਨ ਬੀ.ਸੀ. ਵਿੰਗ ਹਲਕਾ ਪਾਇਲ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਵੀ ਇਸ ਰੇਲ ਗੱਡੀ ਵਿਚ ਗਏ ਸਨ। 

ਰੇਲ ਗੱਡੀ ਵਿਚ ਸ਼ਰਧਾਲੂਆਂ ਨੂੰ ਆਡੀਓ ਸੀ.ਡੀਜ਼ ਰਾਹੀਂ ਸ਼ਬਦ ਵੀ ਸੁਣਾਏ ਗਏ। ਯਾਤਰਾ 'ਤੋਂ ਪਰਤਣ ਵੇਲੇ ਯਾਤਰੀਆਂ ਦਾ ਉਤਸ਼ਾਹ ਠਾਠਾਂ ਮਾਰ ਰਿਹਾ ਸੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸ੍ਰ. ਇੰਦਰ ਇਕਬਾਲ ਸਿੰਘ ਅਟਵਾਲ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦਾ ਇਸ ਯਾਤਰਾ ਯੋਜਨਾ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਅਮੀਰ ਵਿਰਸੇ ਦੀ ਸੰਭਾਲ ਅਤੇ ਇਸ ਦੀ ਪ੍ਰਫੁੱਲਤਾ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਡਿਊਟੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਤੋਂ ਜਾਣੂ ਕਰਵਾਈਏ। ਇਸ ਦੇ ਨਾਲ ਹੀ ਸੱਭਿਆਚਾਰਕ ਵਿਰਾਸਤ ਸੂਬੇ ਵਿਚ ਵਿਰਾਸਤੀ ਸੈਰ ਸਪਾਟੇ ਨੂੰ ਹੁਲਾਰਾ ਦੇਣ ਦਾ ਵੀ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ ਸਰਕਾਰ ਦੀ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਦੀ ਸੰਭਾਲ ਅਤੇ ਉਤਸ਼ਾਹਿਤ ਕਰਨ ਦੀ ਇਕ ਕੋਸ਼ਿਸ਼ ਹੈ।