5 Dariya News

ਪੰਜਾਬ ਫੁੱਟਬਾਲ ਐਸੋਸ਼ੀਏਸ਼ਨ ਦੀ ਟੀਮ ਪਹੁੰਚੀ ਕੋਨਿਫਾ ਵਿਸ਼ਵ ਫੁੱਟਬਾਲ ਕੱਪ ਦੇ ਫਾਈਨਲ 'ਚ

4 ਜੂਨ ਨੂੰ ਪਦਾਨੀਆ ਵਿੱਚ ਹੋਵੇਗਾ ਸੰਘਰਸ਼ਸ਼ੀਲ ਸੈਮੀਫਾਈਨਲ

5 Dariya News

ਚੰਡੀਗੜ੍ਹ 04-Jun-2016

ਪੰਜਾਬ ਫੁੱਟਬਾਲ ਐਸੋਸੀਏਸ਼ਨ ਕਲੱਬ ਦੀ ਟੀਮ ਰੂਸ ਦੇ ਅਬਖਾਜ਼ੀਆ (ਰੂਸ) ਵਿੱਚ ਹੋ ਰਹੇ ਕੋਨਿਫਾ ਵਿਸ਼ਵ ਫੁੱਟਬਾਲ ਕੱਪ ਦੇ ਫਾਈਨਲ ਵਿੱਚ ਪਹੁੰਚ ਗਈ ਹੈ ਜੋ ਕਿ ਕੱਲ 5 ਜੂਨ ਨੂੰ ਖੇਡਿਆ ਜਾਵੇਗਾ। ਅੱਜ ਸ਼ਾਮ ਖੇਡੇ ਗਏ ਸੈਮੀਫਾਈਨਲ ਮੈਚ ਵਿੱਚ ਪੰਜਾਬ ਦੀ ਟੀਮ ਨੇ ਉਤਰੀ ਇਟਲੀ ਦੇ ਪਦਾਨੀਆ ਕਲੱਬ ਨੂੰ ਸੈਮੀਫਾਈਨਲ ਵਿੱਚ 1-0 ਨਾਲ ਹਰਾ ਦਿੱਤਾ।ਅੱਜ ਇਕ ਬਿਆਨ ਵਿਚ ਪੰਜਾਬ ਫੁੱਟਬਾਲ ਐਸੋਸ਼ੀਏਸ਼ਨ ਕਲੱਬ ਦੇ ਸੰਸਥਾਪਕ ਸਰਦਾਰ ਹਰਪ੍ਰੀਤ ਸਿੰਘ ਯੂ.ਕੇ. ਨੇ ਕਿਹਾ ਕਿ ਕੰਫੈਡਰੇਸ਼ਨ ਆਫ ਇੰਡੀਪੈਂਡੈਂਟ ਫੁੱਟਬਾਲ ਐਸੋਸ਼ੀਏਸ਼ਨ (ਕੋਨਿਫਾ) ਵੱਲੋਂ ਕਰਵਾਇਆ ਜਾ ਰਿਹਾ ਵਿਸ਼ਵ ਕੋਨਿਫਾ ਫੁੱਟਬਾਲ ਕੱਪ ਰੂਸ ਦੇ ਅਬਖਾਜ਼ੀਆ ਸ਼ਹਿਰ ਵਿੱਚ ਚੱਲ ਜਾ ਰਿਹਾ ਹੈ ਜਿਸ ਵਿੱਚ ਵੱਖ ਵੱਖ ਮੁਲਕਾਂ ਤੇ ਕਲੱਬਾਂ ਦੀਆਂ 12 ਟੀਮਾਂ ਭਾਗ ਲੈ ਰਹੀਆਂ ਹਨ। ਦੱਸਣਯੋਗ ਹੈ ਕਿ ਸਾਲ 2013 ਵਿੱਚ ਸਥਾਪਤ ਕੋਨਿਫਾ ਸੰਘ ਵਿੱਚ ਉਨ੍ਹਾਂ ਫੁਟਬਾਲ ਐਸੋਸ਼ੀਏਸ਼ਨਾਂ ਨੂੰ ਹੀ ਮੈਂਬਰ ਬਣਾਇਆ ਗਿਆ ਸੀ ਜੋ ਕਿ ਫੀਫਾ ਨਾਲ ਨਹੀਂ ਜੁੜੀਆਂ ਹੋਈਆਂ। ਸ. ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਟੀਮ ਵੱਲੋਂ ਖੇਡਿਆ ਜਾ ਰਿਹਾ ਇਹ ਚੌਥਾ ਕੋਨਿਫਾ ਟੂਰਨਾਮੈਂਟ ਹੈ ਅਤੇ ਪੰਜਾਬ ਦੀ ਟੀਮ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਹੈ।  

ਉਨ੍ਹਾਂ ਕਿਹਾ ਕਿ ਪੰਜਾਬ ਦੀ ਟੀਮ ਇਸ ਤੋਂ ਪਹਿਲਾਂ ਸੈਂਮੀ ਨੂੰ 1-0 ਨਾਲ, ਸੋਮਾਲੀਲੈਂਡ ਨੂੰ 5-0 ਨਾਲ ਅਤੇ ਵੈਸਟ ਅਰਮੀਨੀਆ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚੀ ਹੈ। ਪੰਜਾਬ ਦੀ ਟੀਮ ਵਿੱਚ ਐਸ਼ ਮਲਹੋਤਰਾ, ਝਾਈ ਢਿੱਲੋਂ, ਅਰੁਣ ਪੁਰੇਵਾਲ, ਜਸਕਰਨ ਬਸੀ, ਤਰਲੋਚਨ ਸਿੰਘ, ਐਰੋਨ ਮਿਨਹਾਸ,  ਮੁਹੰਮਦ ਉਮਰ ਰਿਆਜ਼, ਅਮਰਵੀਰ ਸਿੰਘ ਸੰਧੂ (ਕੈਪਟਨ), ਕਰੁਨ ਸ਼ੰਕਰ, ਗੁਰਜੀਤ ਸਿੰਘ, ਅਮਰ ਪੁਰੇਵਾਲ ਰਾਜਨ ਗਿੱਲ, ਵਿੱਕੀ ਬੈਂਸ, ਜੋਰਦੀ ਸਿੰਘ ਸਲ, ਐਰੋਨ ਸਿੰਘ ਸੇਖੋਂ, ਐਰੋਨ ਢਿੱਲੋਂ, ਰਿਹਾਨ ਖਾਲਿਦ ਅਤੇ ਰਾਜਪਾਲ ਵਿਰਕ ਸ਼ਾਮਲ ਹਨ ਜਦਕਿ ਟੀਮ ਦੇ ਕੋਚ ਵੱਜੋਂ ਡੈਰਨ ਰਾਈਟ, ਫੀਜਉ ਥੈਰਾਪਿਸਟ ਭੁਪਿੰਦਰ ਕੌਰ ਅਤੇ ਇਸ ਟੀਮ ਦੇ ਮੈਨੇਜਰ ਰੁਬੇਨ ਹੈਜ਼ਲ ਅਤੇ ਅਮਰ ਅਲੀ ਸਹਾਇਕ ਮੈਨੇਜਰ ਹਨ।ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ ਦਾ ਮੁੱਖ ਮਕਸਦ ਸਮੂਹ ਮੁਲਕਾਂ ਵਿੱਚ ਮਕਬੂਲ ਫੁੱਟਬਾਲ ਵਰਗੀ ਮਹਾਨ ਖੇਡ ਰਾਹੀਂ ਪੰਜਾਬੀ ਸੱਭਿਆਚਾਰ, ਇਤਿਹਾਸ, ਵਿਰਾਸਤ ਅਤੇ ਵਿਰਸੇ ਨੂੰ ਦੁਨੀਆਂ ਸਾਹਮਣੇ ਪ੍ਰਦਰਸ਼ਤ ਕਰਨਾ ਹੈ। ਉਨਾਂ ਕਿਹਾ ਕਿ ਪੀ.ਐਫ.ਏ. ਵੱਲੋਂ ਵਿਸ਼ਵ ਪੰਜਾਬੀ ਭਾਈਚਾਰੇ ਦੀਆਂ ਇੱਛਾਂਵਾਂ ਦੀ ਪੂਰਤੀ ਲਈ ਅਗਲੇ 5 ਸਾਲਾਂ ਅੰਦਰ ਭਾਰਤ, ਪਾਕਿਸਤਾਨ, ਕੈਨੇਡਾ ਤੇ ਅਮਰੀਕਾ ਤੋਂ ਪੰਜਾਬੀ ਲੜਕਿਆਂ ਅਤੇ ਲੜਕੀਆਂ 'ਤੇ ਅਧਾਰਤ ਫੁੱਟਬਾਲ ਟੀਮਾਂ ਦਾ ਗਠਨ ਕੀਤਾ ਜਾਵੇਗਾ।