ਬਸਪਾ ਵੱਲੋਂ 7 ਜੂਨ ਨੂੰ ਦਿੱਤਾ ਜਾਵੇਗਾ ਦੋਵਾਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਜਿਲਾ ਪੱਧਰੀ ਧਰਨਾ : ਬਿੱਟਾ
5 Dariya News (ਅਜੇ ਪਾਹਵਾ)
ਲੁਧਿਆਣਾ 04-Jun-2016
ਬਹੁਜਨ ਸਮਾਜ ਪਾਰਟੀ ਦੀ ਇੱਕ ਅਹਿਮ ਮੀਟਿੰਗ ਪਟਿਆਲਾ ਜੋਨ ਦੇ ਕੋਆਡੀਨੇਟਰ ਬਲਵਿੰਦਰ ਬਿੱਟਾ ਦੀ ਪ੍ਰਧਾਨਗੀ 'ਚ ਜਮਾਲਪੁਰ ਵਿਖੇ ਹੋਈ ਜਿਸ ਵਿੱਚ ਹਲਕਾ ਸਾਹਨੇਵਾਲ ਦੇ ਇੰਚਾਰਜ ਰਾਜਿੰਦਰ ਮੂਲਨਿਵਾਸੀ ਵੀ ਪਹੁੰਚੇ। ਮੀਟਿੰਗ ਵਿੱਚ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੇ ਦਿੱਤੇ ਨਿਰਦੇਸ਼ਾਂ ਹੇਠ 7 ਜੂਨ ਨੂੰ ਡੇਹਲੋ ਵਿਖੇ ਦਿੱਤੇ ਜਾ ਰਹੇ ਜਿਲਾ ਪੱਧਰੀ ਧਰਨੇ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਸਬੰਧੀ ਗੱਲ ਕਰਦਿਆਂ ਸ: ਬਿੱਟਾ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਦਲਿਤਾਂ, ਪਿਛੜੇ ਵਰਗਾਂ ਅਤੇ ਗਰੀਬ ਵਿਰੋਧੀ ਨੀਤੀਆਂ ਦੇ ਖਿਲਾਫ ਡੇਹਲੋਂ ਵਿਖੇ ਏਹ ਧਰਨਾ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ, ਬੇਰੁਜਗਾਰੀ ਦੇ ਖਾਤਮੇ ਲਈ ਠੋਸ ਨੀਤੀ ਬਣਾਉਣ, ਕਿਸਾਨਾਂ ਤੇ ਮਜਦੂਰਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਉਨਾਂ ਨੂੰ ਕਰਜਾ ਮੁਕਤ ਕਰਵਾਉਣ, ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕਰਨ ਲਈ ਫੌਰੀ ਕਦਮ ਚੁੱਕਣ, ਅਨਿਆਂ ਦੇ ਖਿਲਾਫ ਮੁਹਿੰਮ ਚਲਾਉਣ, ਸਹਿਰਾਂ ਤੇ ਪਿੰਡਾਂ ਵਿੱਚ ਪਾਣੀ ਦੀ ਕਿੱਲਤ ਨੂੰ ਖਤਮ ਕਰਨ, ਸ਼ਹਿਰਾਂ ਵਿੱਚ ਹਾਊਸ ਟੈਕਸ ਅਤੇ ਬਿਜਲੀ ਦੇ ਬਿੱਲਾਂ ਵਿੱਚ ਵਾਧਾ, ਲਿੰਕ ਸੜਕਾਂ ਅਤੇ ਗਲੀਆਂ ਦੀ ਮਾੜੀ ਹਾਲਤ, ਚੱਪੜਚਿੜੀ ਵਿੱਚ ਸਾਮਲਾਟ ਜਮੀਨ ਸਬੰਧੀ ਦਲਿਤ ਪਰਿਵਾਰ ਨਾਲ ਧੱਕੇਸ਼ਾਹੀ, ਟੋਡਰਮਾਜਰਾ ਵਿੱਚ ਮਿਡਲ ਸਕੂਲ ਬੰਦ ਕਰਨ, ਕਿਸਾਨਾਂ ਨੂੰ ਬਿਜਲੀ ਪੂਰੀ ਦੇਣ ਦੀ ਮੰਗ, ਲੋੜਵੰਦਾਂ ਨੂੰ ਸ਼ਗਨ ਸ਼ਕੀਮ/ਬੁਢਾਪਾ ਪੈਨਸ਼ਨ ਨਾ ਮਿਲਣ ਅਤੇ ਵਿੱਦਿਆ ਦੇ ਅਧਿਕਾਰ ਨੂੰ ਲਾਗੂ ਕਰਵਾਉਣ ਜਿਹੇ ਮੁੱਦੇ ਗੰਭੀਰ ਬਣ ਚੁੱਕੇ ਹਨ ਜਿਨਾਂ ਦੇ ਫੌਰੀ ਹੱਲ ਲਈ ਬਸਪਾ ਯਤਨਸ਼ੀਲ ਹੈ। ਮੌਜੂਦਾ ਸਮੇਂ ਪੰਜਾਬ ਦੇ ਹਲਾਤ ਬਹੁਤ ਹੀ ਗੰਭੀਰ ਬਣੇ ਹੋਏ ਹਨ ਜਿਸਦੇ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਬਰਾਬਰ ਦੀਆਂ ਜਿੰਮੇਵਾਰ ਹਨ। ਏਨਾਂ ਨੂੰ ਹੱਲ ਕਰਵਾਉਣ ਤੋਂ ਫੇਲ ਹੋ ਚੁੱਕੀਆਂ ਸਰਕਾਰਾਂ ਨੂੰ ਹੁਣ ਸੱਤਾ ਰਹਿਣ ਦਾ ਕੋਈ ਅਧਿਕਾਰ ਨਹੀ ਹੈ। ਇਸ ਲਈ ਬਸਪਾ ਨੇ ਉਨਾਂ ਦਾ ਬੋਰੀਆ ਬਿਸਤਰਾ ਗੋਲ ਕਰਨ ਦਾ ਪ੍ਰੋਗਰਾਮ ਬਣਾਇਆ ਹੈ। ਸ੍ਰੀ ਬਿੱਟਾ ਨੇ ਦੱਸਿਆ ਕਿ ਬਸਪਾ ਵੱਲੋਂ ਸੁਰੂ ਕੀਤੀ ਪਿੰਡ ਪਿੰਡ ਚੱਲੋ, ਘਰ ਘਰ ਚੱਲੋ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਮੁਹਿੰਮ ਰਾਹੀਂ ਵੀ ਦੋਵਾਂ ਸਰਕਾਰਾਂ ਦਾ ਲੋਕ ਵਿਰੋਧੀ ਚੇਹਰਾ ਨੰਗਾ ਕੀਤਾ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਦੋਵਾਂ ਸਰਕਾਰਾਂ ਖਿਲਾਫ ਸਾਥ ਦੇਣ ਦੀ ਅਪੀਲ ਕਰਦਿਆਂ 7 ਜੂਨ ਨੂੰ ਡੇਹਲੋਂ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਸਮੂਲੀਅਤ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਜੋਨਲ ਕੋਆਡੀਨੇਟਰ ਮਾਸਟਰ ਰਾਮਾਨੰਦ, ਬਲਾਕ ਸੰਮਤੀ ਮੈਂਬਰ ਲਾਭ ਸਿੰਘ ਭਾਮੀਆਂ, ਵਿਧਾਨ ਸਭਾ ਸਾਹਨੇਵਾਲ ਦੇ ਪ੍ਰਧਾਨ ਕੇਵਲ ਸਿੰਘ ਭਾਮੀਆਂ, ਸੁਰਿੰਦਰ ਮੇਹਰਬਾਨ, ਦਰਸ਼ਨ ਸਿੰਘ, ਗੁਰਦੀਪ ਸਿੰਘ ਲਾਲਾ, ਮਹੀਲਾਲ, ਰਾਮਲੋਕ ਸਿੰਘ, ਜੱਖੂ ਲਾਲਾ, ਪਰਮਹੰਸ ਅਤੇ ਤੇਜਿੰਦਰ ਸਿੰਘ ਤੇਜੀ ਆਦਿ ਹਾਜਰ ਸਨ।