5 Dariya News

ਦੇਸ਼ 'ਚੋਂ ਕਾਂਗਰਸ ਦੇ ਮੁਕੰਮਲ ਸਫਾਏ ਲਈ ਰਾਹੁਲ ਗਾਂਧੀ ਦਾ ਪ੍ਰਧਾਨ ਬਣਨਾ ਜ਼ਰੂਰੀ-ਬਿਕਰਮ ਸਿੰਘ ਮਜੀਠੀਆ

ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਗਠਜੋੜ ਦੀ ਜਿੱਤ ਲਈ ਬੀਬੀਆਂ ਅਤੇ ਨੌਜਵਾਨਾਂ ਵੱਡਾ ਯੋਗਦਾਨ ਪਾਉਣਗੇ-ਜਗੀਰ ਕੌਰ

5 Dariya News

ਬੇਗੋਵਾਲ 02-Jun-2016

ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗਾਂ ਦੇ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਦੇਸ਼ ਵਿੱਚੋਂ ਕਾਂਗਰਸ ਪਾਰਟੀ ਦੇ ਮੁਕੰਮਲ ਸਫਾਏ ਲਈ ਰਾਹੁਲ ਗਾਂਧੀ ਦਾ ਪਾਰਟੀ ਪ੍ਰਧਾਨ ਬਣਨਾ ਬਹੁਤ ਜ਼ਰੂਰੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਜਿਸ ਤਰ੍ਹਾਂ ਕਾਂਗਰਸ ਪਾਰਟੀ ਰਾਹੁਲ ਗਾਂਧੀ ਵੱਲੋਂ ਬਣਾਈ ਰਣਨੀਤੀ ਅਧੀਨ ਲੜ ਕੇ ਬੁਰੀ ਤਰ੍ਹਾਂ ਹਾਰੀ ਸੀ, ਹੁਣ ਉਸੇ ਤਰਜ਼ 'ਤੇ ਇਸ ਪਾਰਟੀ ਦੇ ਮੁਕੰਮਲ ਸਫਾਏ ਲਈ ਰਾਹੁਲ ਗਾਂਧੀ ਦਾ ਪਾਰਟੀ ਪ੍ਰਧਾਨ ਬਣ ਕੇ ਆਪਣਾ ਰਹਿੰਦਾ ਕੰਮ ਕਰਨਗੇ। ਕਾਂਗਰਸ ਪਾਰਟੀ ਦਾ ਬੇੜਾ ਦਿਨੋਂ ਦਿਨ ਗਰਕਦਾ ਜਾ ਰਿਹਾ ਹੈ, ਜਿਸ ਨੂੰ ਡੁੱਬਣ ਤੋਂ ਕੋਈ ਵੀ ਨਹੀਂ ਬਚਾ ਸਕਦਾ ਹੈ।ਅੱਜ ਸੰਤ ਬਾਬਾ ਪ੍ਰੇਮ ਸਿੰਘ ਮੁਰਾਲ੍ਹੇ ਵਾਲਿਆਂ ਦੇ ਬਰਸੀ ਸੰੰਬੰਧੀ ਚੱਲ ਰਹੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਮਜੀਠੀਆ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਪ੍ਰਧਾਨ ਬਣਦੇ ਹਨ, ਤਾਂ ਇਹ ਦੇਸ਼ ਵਾਸੀਆਂ ਖਾਸ ਕਰਕੇ ਪੰਜਾਬੀਆਂ ਲਈ ਵਧੀਆ ਖ਼ਬਰ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਦੇਸ਼ ਵਿੱਚੋਂ ਮੁਕੰਮਲ ਸਫਾਏ ਲਈ ਰਾਹੁਲ ਗਾਂਧੀ ਦਾ ਪ੍ਰਧਾਨ ਬਣਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਰਾਜਨੀਤੀ ਪੱਖੋਂ ਅਨਾੜੀ ਹੋਣ ਬਾਰੇ ਪਾਰਟੀ ਦੇ ਸੂਬਾ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਪ੍ਰਧਾਨ ਸ੍ਰ. ਪ੍ਰਤਾਪ ਸਿੰਘ ਬਾਜਵਾ ਸਮੇਂ-ਸਮੇਂ 'ਤੇ ਬੋਲ ਚੁੱਕੇ ਹਨ। ਰਾਹੁਲ ਗਾਂਧੀ ਦਾ ਕਾਬਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲੱਗ ਸਕਦਾ ਹੈ ਕਿ ਕਾਂਗਰਸ ਪਾਰਟੀ ਨੂੰ ਲਗਾਤਾਰ ਹਾਰਾਂ ਦਾ ਮੂੰਹ ਦੇਖਣਾ ਪੈ ਰਿਹਾ ਹੈ।

ਪ੍ਰਿਯੰਕਾ ਗਾਂਧੀ ਵਾਡਰਾ ਦੇ ਸਰਗਰਮ ਰਾਜਨੀਤੀ ਵਿੱਚ ਆਉਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਭਾਵੇਂ ਰਾਹੁਲ ਗਾਂਧੀ ਆ ਜਾਵੇ ਅਤੇ ਭਾਵੇਂ ਪ੍ਰਿਯੰਕਾ ਗਾਂਧੀ ਵਾਡਰਾ, ਕਾਂਗਰਸ ਪਾਰਟੀ ਦੇ ਡੁੱਬਦੇ ਬੇੜੇ ਨੂੰ ਹੁਣ ਕੋਈ ਵੀ ਨਹੀਂ ਬਚਾ ਸਕਦਾ ਹੈ। ਦੇਸ਼ ਵਿੱਚੋਂ ਕਾਂਗਰਸ ਪਾਰਟੀ ਦਾ ਨਾਮੋ ਨਿਸ਼ਾਨ ਮਿਟਦਾ ਹੈ ਤਾਂ ਇਸ ਦੀ ਸਭ ਤੋਂ ਵੱਧ ਖੁਸ਼ੀ ਪੰਜਾਬੀਆਂ ਨੂੰ ਹੋਵੇਗੀ ਕਿਉਂਕਿ ਇਸ ਪਾਰਟੀ ਨੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖੀ ਦਾ ਵੱਡਾ ਨੁਕਸਾਨ ਕੀਤਾ ਹੈ।ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰੰਦ ਕੇਜਰੀਵਾਲ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਪਾਣੀਆਂ ਦੇ ਮੁੱਦੇ 'ਤੇ ਉਸਨੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਪੰਜਾਬ ਵਿੱਚ ਜੋ ਬਿਆਨ ਦਿੱਤਾ, ਉਹ ਸੁਪਰੀਮ ਕੋਰਟ ਵਿੱਚ ਦਾਇਰ ਕੀਤੇ ਹਲਫ਼ਨਾਮੇ ਵਿੱਚ ਬਿਲਕੁਲ ਬਦਲ ਦਿੱਤਾ। ਸ੍ਰ. ਮਜੀਠੀਆ ਨੇ ਕੇਜਰੀਵਾਲ ਦੀ ਤੁਲਨਾ ਨਟਵਰ ਲਾਲ ਨਾਲ ਕਰਦਿਆਂ ਕਿਹਾ ਕਿ ਉਸਦੀ ਕਹਿਣੀ ਅਤੇ ਕਥਨੀ ਵਿੱਚ ਬਹੁਤ ਵੱਡਾ ਫਰਕ ਹੈ। ਉਨ੍ਹਾਂ ਸਾਬਕਾ ਵਿਧਾਇਕ ਸੁਖਪਾਲ ਸਿੰੰਘ ਖਹਿਰਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਹਰ ਵੇਲੇ ਆਰਾਮਪ੍ਰਸਤੀ ਦਾ ਜੀਵਨ ਬਤੀਤ ਕਰਨ ਵਾਲੇ ਖਾਸ ਵਿਅਕਤੀ ਆਮ ਆਦਮੀ ਕਿਵੇਂ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਉਨ੍ਹਾਂ ਖਾਸ ਬੰਦਿਆਂ ਦੇ ਸਮੂਹ ਦੀ ਪਾਰਟੀ ਹੈ, ਜੋ ਸਮੂਹ ਸੱਤਾ ਦਾ ਭੁੱਖਾ ਹੈ। ਉਨ੍ਹਾਂ ਸਰਬੱਤ ਖਾਲਸਾ ਦੇ ਨਾਮ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਲੋਕਾਂ ਨੂੰ ਪੰਜਾਬ ਦੇ ਅਮਨ ਸ਼ਾਂਤੀ ਵਾਲੇ ਮਾਹੌਲ ਨੂੰ ਵਿਗਾੜਨ ਵਾਲੇ ਸ਼ਰਾਰਤੀ ਅਨਸਰ ਕਿਹਾ।ਸ੍ਰ. ਮਜੀਠੀਆ ਨੇ ਕਿਹਾ ਕਿ ਕੋਈ ਸਮਾਂ ਹੁੰਦਾ ਸੀ, ਜਦੋਂ ਪੰਜਾਬ ਵਿੱਚ ਬਿਜਲੀ ਦੀ ਬਹੁਤ ਵੱਡੀ ਕਮੀ ਹੋਇਆ ਕਰਦੀ ਸੀ ਅਤੇ ਪੰਜਾਬ ਤਰੱੱਕੀ ਦੇ ਪੱਖ ਤੋਂ ਹੇਠਾਂ ਨੂੰ ਜਾ ਰਿਹਾ ਸੀ। ਪਰ ਹੁਣ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸੀ ਸੋਚ ਦੇ ਚੱਲਦਿਆਂ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਬਹੁਤ ਜਿਆਦਾ ਕੰਮ ਕੀਤਾ ਗਿਆ ਹੈ, ਜਿਸ ਦੀ ਬਦੌਲਤ ਸੂਬਾ ਅੱਜ ਬਿਜਲੀ ਸਰਪਲੱਸ ਸੂਬਾ ਬਣ ਗਿਆ ਹੈ ਅਤੇ ਵਿਸ਼ਵ ਪੱਧਰ 'ਤੇ ਨਾਮਣਾ ਮਿਲਿਆ ਹੈ। ਪੰਜਾਬ ਸਰਕਾਰ ਵੱਲੋਂ ਰਵਾਇਤੀ ਊਰਜਾ ਉਤਪਾਦਨ ਦੇ ਨਾਲ-ਨਾਲ ਸੌਰ ਊਰਜਾ ਉਤਪਾਦਨ 'ਤੇ ਵੀ ਤਵੱਜੋਂ ਦਿੱਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਮਜੀਠੀਆ ਨੇ ਸੰਤ ਬਾਬਾ ਪ੍ਰੇਮ ਸਿੰੰਘ ਮੁਰਾਲ੍ਹੇ ਵਾਲਿਆਂ ਵੱਲੋਂ ਦਿਖਾਏ ਰਸਤੇ 'ਤੇ ਚੱਲਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਸੰਤਾਂ ਨੇ ਹਮੇਸ਼ਾਂ ਸਾਂਝੇ ਪੰਜਾਬ ਦੀ ਵਕਾਲਤ ਕੀਤੀ ਅਤੇ ਪੰਜਾਬ ਦੇ ਹਰ ਪੱਖੋਂ ਵਿਕਾਸ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ ਕਿ ਲੁਬਾਣਾ ਭਾਈਚਾਰੇ ਦੀ ਸਿੱਖ ਪੰਥ ਅਤੇ ਪੰਜਾਬ ਨੂੰ ਵੱਡੀ ਦੇਣ ਹੈ। ਉਨ੍ਹਾਂ ਇਸ ਸਥਾਨ ਦੀ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਨਿਭਾਈਆਂ ਜਾ ਰਹੀਆਂ ਪੰਥਕ ਸੇਵਾਵਾਂ ਦੀ ਵੀ ਪ੍ਰਸੰਸ਼ਾ ਕੀਤੀ।ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲ੍ਹੇ ਵਾਲਿਆਂ ਦੇ ਜੀਵਨ ਬਾਰੇ ਦੱਸਿਆ ਅਤੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਅਕਾਲੀ ਭਾਜਪਾ ਗਠਜੋੜ ਨੂੰ ਹੀ ਵੋਟ ਪਾਉਣ ਅਤੇ ਪੰਜਾਬ 'ਤੇ ਮਾੜੀ ਨਜ਼ਰ ਰੱਖਣ ਵਾਲਿਆਂ ਨੂੰ ਨਕਾਰ ਦੇਣ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਵਿੱਚ ਇਸ ਵਾਰ ਬੀਬੀਆਂ ਅਤੇ ਨੌਜਵਾਨਾਂ ਦਾ ਵੱਡਾ ਸਹਿਯੋਗ ਰਹੇਗਾ। ਉਨ੍ਹਾਂ ਸ੍ਰ. ਮਜੀਠੀਆ ਅਤੇ ਹੋਰ ਸਖ਼ਸ਼ੀਅਤਾਂ ਦਾ ਸਨਮਾਨ ਵੀ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਅਕਾਲੀ ਦੇ ਦੋਆਬਾ ਜ਼ੋਨ ਦੇ ਇੰਚਾਰਜ ਸ੍ਰ. ਸਰਬਜੋਤ ਸਿੰਘ ਸਾਬੀ, ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਚੇਅਰਮੈਨ ਸ੍ਰ. ਯੁਵਰਾਜ ਭੁਪਿੰਦਰ ਸਿੰਘ, ਡਿਪਟੀ ਕਮਿਸ਼ਨਰ ਸ੍ਰ. ਜਸਕਿਰਨ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਸ੍ਰ. ਰਾਜਿੰਦਰ ਸਿੰਘ, ਸ੍ਰ. ਰਣਜੀਤ ਸਿੰਘ ਖੋਜੇਵਾਲ ਚੇਅਰਮੈਨ ਮਾਰਕੀਟ ਕਮੇਟੀ ਕਪੂਰਥਲਾ, ਪਰਮਜੀਤ ਸਿੰਘ ਰਾਏਪੁਰ,ਸ੍ਰ. ਜਰਨੈਲ ਸਿੰੰਘ ਡੋਗਰਾਂਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰੀਮਤੀ ਅਮ੍ਰਿਤਪਾਲ ਕੌਰ ਪ੍ਰਧਾਨ ਨਗਰ ਕੌਂਸਲ ਕਪੂਰਥਲਾ, ਸ੍ਰ. ਸਵਰਨ ਸਿੰਘ ਜੋਸ਼ ਚੇਅਰਮੈਨ ਮਾਰਕੀਟ ਕਮੇਟੀ ਭੁਲੱਥ, ਸੁੱਖਦੇਵ ਸਿੰਘ ਕਾਦੂਪੁਰ,ਹਰਦਿਆਲ ਸਿੰਘ ਝੀਤਾ, ਹਰਜੀਤ ਸਿੰਘ ਵਾਲੀਆ ਅਤੇ ਹੋਰ ਹਾਜ਼ਰ ਸਨ।