5 Dariya News

ਹਰ ਵਿਅਕਤੀ ਨੂੰ ਡੇਂਗੂ ਤੋਂ ਬਚਣ ਦੇ ਲਈ ਚੇਤੰਨ ਰਹਿਣਾ ਚਾਹੀਦਾ ਹੈ :ਸੁਰਜੀਤ ਕੁਮਾਰ ਜਿਆਣੀ

5 Dariya News

ਚੰਡੀਗੜ੍ਹ 29-May-2016

ਹਰ ਵਿਅਕਤੀ ਨੂੰ ਡੇਂਗੂ ਤੋਂ ਬਚਣ ਦੇ ਲਈ ਚੇਤੰਨ ਰਹਿਣਾ ਚਾਹੀਦਾ ਹੈ ਕਿਉਂਕਿ ਡੇਂਗੂ ਨੇ ਭਾਰਤ ਵਿੱਚ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਡੇਂਗੂ ਦੇ ਕੇਸ ਦੀ ਰਿਪੋਰਟ ਕੀਤੀ ਗਈ ਹੈ। ਇਹ ਅਪੀਲ ਸਿਹਤ ਤੇ ਪਰਿਵਾਰ ਭ੍ਰਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਦੀ ਪ੍ਰਧਾਨਗੀ ਹੇਠ ਸਟੇਟ ਟਾਸਕ ਫੋਰਸ ਮੀਟਿੰਗ ਦੌਰਾਨ ਕੀਤੀ। ਇਸ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸੱਕਤਰ ਸ੍ਰੀਮਤੀ ਵਿਨੀ ਮਹਾਜਨ, ਸਕੱਤਰ ਸਿਹਤ ਕਮ ਨੈਸ਼ਨਲ ਹੈਲਥ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਸ੍ਰੀ ਹੁਸਨ ਲਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਜਦੋਂਕਿ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਇਸ ਦੌਰਾਨ ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਦੱਖਣੀ ਭਾਰਤ ਦੇ ਕੁੱਝ ਰਾਜਾਂ ਵਿੱਚ ਡੇਂਗੂ ਦੇ ਕੇਸ ਸਾਹਮਣੇ ਆਉਣ ਲੱਗ ਪਏ ਹਨ। ਇਹ ਕੇਸ ਬਾਰਿਸ਼ ਆਉਣ ਤੋਂ ਬਾਅਦ ਸਾਹਮਣੇ ਆਏ ਹਨ ਅਤੇ ਏਡੀਜ਼ ਬਰੀਡ ਘਰਾਂ ਅਤੇ ਦਫ਼ਤਰਾਂ ਦੇ ਬਾਹਰ ਖ਼ੜ੍ਹੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਡੇਂਗੂ ਤੋਂ ਬਚਣ ਦੇ ਲਈ ਉਪਰਾਲੇ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ। 

ਸਿਹਤ ਮੰਤਰੀ ਨੇ ਦੱਸਿਆ ਕਿ ਡਿਪਾਰਟਮੈਂਟ ਆਫ ਲੋਕਲ ਗਵਰਨਮੈਂਟ ਵੱਲੋਂ ਵੀ ਸਿਹਤ ਵਿਭਾਗ ਦੀ ਮਦਦ ਦੇ ਨਾਲ ਉਨ੍ਹਾਂ ਘਰਾਂ, ਦਫ਼ਤਰਾਂ ਜਾਂ ਹੋਰ ਜਗ੍ਹਾਂ ਦੇ ਮਾਲਿਕ ਦੇ ਚਲਾਨ ਕੱਟੇ ਜਾਣਗੇ, ਜਿਥੇ ਏਡੀਜ਼ ਦਾ ਲਾਰਵਾ ਪਾਇਆ ਜਾਵੇਗਾ। ਜਿਥੇ ਮਲੇਰੀਆ ਤੇ ਡੇਂਗੂ ਦਾ ਖਤਰਾ ਲੱਗਦਾ ਹੈ, ਉਥੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਦਵਾਈ ਦਾ ਸਪਰੇ ਤੇ ਫੋਗਿੰਗ ਕਰਵਾਈ ਜਾਵੇਗੀ। ਇਸ ਮੀਟਿੰਗ ਦੌਰਾਨ ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਰਾਜ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਪ੍ਰਾਥਨਾ ਸਭਾ ਦੌਰਾਨ ਡੇਂਗੂ ਤੇ ਮਲੇਰੀਆ ਤੋਂ ਬਚਣ ਸਬੰਧੀ ਜਾਗਰੂਕ ਕੀਤਾ ਜਾਵੇ। ਇਸੇ ਤਰ੍ਹਾਂ ਟਰਾਂਸਪੋਰਟ ਤੇ ਰੋਡਵੇਜ਼ ਵਿਭਾਗ ਨੂੰ ਹਿਦਾਇਤਾਂ ਜਾਰੀ ਕੀਤੀਆਂ ਕਿ ਉਹ ਟਾਇਰਾਂ ਦੀ ਸਾਫ ਸਫਾਈ ਰੱਖਣ ਅਤੇ ਏਡੀਜ਼ ਦੇ ਲਾਰਵੇ ਨੂੰ ਕੰਟਰੋਲ ਕਰਨ ਲਈ ਕਦਮ ਚੁੱਕਣ। ਇਸ ਦੌਰਾਨ ਸਿਹਤ ਮੰਤਰੀ ਨੇ ਹਰ ਸ਼ੁਕਰਵਾਰ ਡਰਾਈ ਡੇ ਮਨਾਉਣ ਦੇ ਨਿਰਦੇਸ਼ ਦਿੱਤੇ ਅਤੇ ਹਰ ਸ਼ੁਕਰਵਾਰ ਨੂੰ ਕੂਲਰਾਂ, ਵਾਟਰ ਟੈਂਕਾਂ, ਰੈਫਰੀਜਰੇਟਰ ਟਰੇ ਅਤੇ ਹੋਰ ਵਾਟਰ ਕੰਟੇਨਰ ਨੂੰ ਸਾਫ ਕੀਤਾ ਜਾਵੇ। ਇਸੇ ਤਰ੍ਹਾਂ ਦੂਸਰੇ ਵਿਭਾਗਾਂ ਨੂੰ ਵੀ ਦਫ਼ਤਰਾਂ ਵਿੱਚ ਡੇਂਗੂ ਤੇ ਮਲੇਰੀਆ ਦੇ ਲਾਰਵਾ ਤੋਂ ਬਚਣ ਲਈ ਉਪਰਾਲੇ ਕੀਤੇ ਜਾਣ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਮਦਦ ਨਾਲ ਪੰਜਾਬ ਭਰ ਦੀਆਂ ਸਾਰੀਆਂ ਪੰਚਾਇਤਾਂ ਨੂੰ ਡੇਂਗੂ ਤੇ ਮਲੇਰੀਆ ਤੋਂ ਬਚਣ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਉਹ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰ ਸਕਣ। 

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸਾਰੇ ਵਿਭਾਗਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਸਾਲ ਬਾਰਿਸ਼ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੱਛਰਾਂ ਤੋਂ ਬਚਣ ਦੇ ਲਈ ਜ਼ਰੂਰੀ ਕਦਮ ਚੁੱਕੇ ਜਾਣ ਤਾਂ ਜੋ ਡੇਂਗੂ ਵਰਗੀ ਬਿਮਾਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਆਈਐਮਏ ਅਤੇ ਹੋਰ ਪ੍ਰਾਈਵੇਟ ਪ੍ਰੈਕਟਿਸ਼ਨਰ ਇਹ ਯਕੀਨੀ ਬਣਾਉਣ ਕਿ ਡੇਂਗੂ ਦੇ ਸ਼ੱਕੀ ਮਰੀਜਾਂ ਬਾਰੇ ਜਾਣਕਾਰੀ ਸਿਹਤ ਵਿਭਾਗ ਨਾਲ ਸਾਂਝੀ ਕੀਤੀ ਜਾਵੇ ਤਾਂਕਿ ਇਸ ਤੋਂ ਬਚਣ ਲਈ ਜ਼ਰੂਰੀ ਕਦਮ ਚੁੱਕੇ ਜਾ ਸਕਣ। ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਕਿ ਰੈਪਿਡ ਡਾਇਗਨੋਸਟਿਕ ਕਿੱਟ (ਆਰਡੀਕੇ) ਦੇ ਨਾਲ ਡੇਂਗੂ ਦੇ ਟੈਸਟ ਦੀ ਸਿਫਾਰਿਸ਼ ਨਾ ਕੀਤੀ ਜਾਵੇ ਅਤੇ ਡੇਂਗੂ ਪੰਜਾਬ ਦੇ ਵਿੱਚ ਨੋਟੀਫਾਈਡ ਕਰ ਲਿਆ ਗਿਆ ਹੈ। ਜੇਕਰ ਡੇਂਗੂ ਦੇ ਸ਼ੱਕੀ ਮਰੀਜਾਂ ਸਬੰਧੀ ਜਾਣਕਾਰੀ ਸਿਹਤ ਵਿਭਾਗ ਨੂੰ ਨਹੀਂ ਦਿੱਤੀ ਜਾਂਦੀ ਤਾਂ ਐਪੀਡੇਮਿਕ ਡਿਜ਼ੀਜ਼ ਐਕਟ ਦੇ ਤਹਿਤ ਸਜ਼ਾ ਹੋ ਸਕਦੀ ਹੈ।  ਪ੍ਰਮੁੱਖ ਸਕੱਤਰ ਨੇ ਅਪੀਲ ਕੀਤੀ ਹੈ ਕਿ ਹਰ ਵਿਅਕਤੀ ਹਰ ਸ਼ੁਕਰਵਾਰ ਨੂੰ ਡਰਾਈਡੇ ਮਨਾਏ ਅਤੇ ਕੂਲਰਾਂ, ਗੁਲਦਸਤਿਆਂ ਅਤੇ ਹੋਰ ਪਾਣੀ ਦੇ ਕੰਟੇਨਰਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸਾਫ ਕੀਤਾ ਜਾਵੇ ਤਾਂ ਜੋ ਡੇਂਗੂ ਦੇ ਮੱਛਰਾਂ ਤੋਂ ਬਚਿਆ ਜਾ ਸਕੇ। ਇਸ ਮੌਕੇ ਤੇ 2015 ਦੀ ਸਾਲਾਨਾ ਰਿਪੋਰਟ ਰਿਲੀਜ਼ ਕੀਤੀ ਗਈ।