5 Dariya News

ਖੂਨਦਾਨ, ਲੋੜ ਅਤੇ ਪੂਰਤੀ ਨਾਲ ਸੰਬੰਧਤ ਮੋਬਾਈਲ ਐਪ 'ਆਈਰਕਤ' ਜਾਰੀ

ਮੋਬਾਈਲ ਐਪ 'ਆਈਰਕਤ' ਕਈ ਕੀਮਤੀ ਜਾਨਾਂ ਬਚਾਉਣ ਵਿੱਚ ਸਹਾਈ ਸਿੱਧ ਹੋਵੇਗਾ-ਜਿਆਣੀ

5 Dariya News (ਅਜੇ ਪਾਹਵਾ)

ਲੁਧਿਆਣਾ 26-May-2016

ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ 'ਆਈਰਕਤ' ਨਾਮ ਦਾ ਮੋਬਾਈਲ ਐਪ (ਐਪਲੀਕੇਸ਼ਨ) ਲਾਂਚ ਕੀਤਾ, ਜੋ ਕਿ ਖੂਨਦਾਨੀਆਂ ਅਤੇ ਬਲੱਡ ਬੈਂਕਾਂ ਦੀ ਭਾਲ ਵਿੱਚ ਬਹੁਤ ਸਹਾਈ ਸਿੱਧ ਹੋਵੇਗਾ। ਵਿਅਕਤੀਗਤ ਤੌਰ 'ਤੇ ਨਾਵਾਂ, ਸੰਪਰਕ ਅਤੇ ਥਾਵਾਂ ਨਾਲ ਯੁਕਤ ਇਹ ਐਪ ਲੋਕਾਂ ਨੂੰ ਖੂਨਦਾਨੀਆਂ ਦਾ ਬਲੱਡ ਗਰੁੱਪ, ਸੰਪਰਕ ਅਤੇ ਸਥਾਨ ਲੱਭਣ ਵਿੱਚ ਬਹੁਤ ਸਹਾਇਤਾ ਕਰੇਗਾ।ਇਸ ਸੰਬੰਧੀ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਜਿਆਣੀ ਨੇ ਕਿਹਾ ਕਿ ਦਿਨੋਂ ਦਿਨ ਸਮਾਜ ਬਦਲ ਰਿਹਾ ਹੈ। ਚਾਰੇ ਪਾਸੇ ਤਕਨੀਕ ਦਾ ਬੋਲਬਾਲਾ ਹੈ, ਜੋ ਕਿ ਲੋਕਾਂ ਨੂੰ ਉਨ੍ਹਾਂ ਦੇ ਜੀਵਨ ਵਿੱਚ ਕਾਫੀ ਸਹਾਈ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਜ਼ਮਾਨੇ ਵਿੱਚ ਲੋੜਵੰਦਾਂ ਨੂੰ ਖੂਨਦਾਨੀਆਂ ਦੀ ਭਾਲ ਵਿੱਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। 

ਪਰ ਇਸ ਮੋਬਾਈਲ ਐਪ 'ਆਈਰਕਤ' ਨਾਲ ਇਹ ਸਮੱਸਿਆ ਵੱਡੇ ਪੱਧਰ 'ਤੇ ਹੱਲ ਹੋ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਐਪ ਦਾ ਲਾਹਾ ਲੈਣ, ਜਿਸ ਦੀ ਵਰਤੋਂ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਕਿਹਾ ਕਿ ਇਹ ਮੋਬਾਈਲ ਐਪ ਗੂਗਲ ਪਲੇਅ ਸਟੋਰ 'ਤੋਂ ਬਿਲਕੁਲ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ, ਜਦਕਿ ਆਈ ਓ ਐੱਸ ਐਪਲ ਆਈਫੋਨ 'ਤੇ ਵੀ ਇਹ ਜਲਦ ਉਪਲਬਧ ਹੋਵੇਗਾ। ਇੱਕ ਵਾਰ ਇਹ ਐਪ ਡਾਊਨਲੋਡ ਕਰਨ ਉਪਰੰਤ ਵਿਅਕਤੀ ਨੂੰ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ। ਜਦਕਿ ਬਾਕੀ ਵਰਤੋਂਕਰਤਾ ਵਿਅਕਤੀ ਅਜਿਹੇ ਖੂਨਦਾਨੀਆਂ ਨੂੰ ਲੋੜ ਪੈਣ 'ਤੇ ਲੱਭ ਕੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਐਪ ਲੋਕੇਸ਼ਨ ਬੇਸਿਡ ਹੈ, ਜਿਸ ਨਾਲ ਕਿ ਖੂਨਦਾਨੀ ਦਾ ਸਥਾਨ ਵੀ ਨਾਲ ਹੀ ਪਤਾ ਲੱਗ ਜਾਇਆ ਕਰੇਗਾ। ਲੋੜਵੰਦ ਵਿਅਕਤੀ ਖੂਨਦਾਨੀ ਨੂੰ ਕਾਲ ਕਰਕੇ ਜਾਂ ਐੱਸ. ਐੱਮ. ਐੱਸ. ਭੇਜ ਕੇ ਸੰਪਰਕ ਕਰ ਸਕਦਾ ਹੈ। ਸ੍ਰੀ ਭਗਤ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਐਪ ਦਾ ਵੱਧ ਤੋਂ ਵੱਧ ਲਾਹਾ ਲੈਣ।

ਇਸ ਐਪ ਨੂੰ 'ਈਕੁਐਸਰ' ਕੰਪਨੀ ਦੇ ਸ੍ਰ. ਮਨਦੀਪ ਸਿੰਘ ਅਤੇ ਸ੍ਰ. ਮਨਪ੍ਰੀਤ ਸਿੰਘ ਨੇ ਤਿਆਰ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਵੈਬਸਾਈਟ (www.redcrossludhiana.com) ਵੀ ਲਾਂਚ ਕੀਤੀ ਗਈ। ਇਸ ਮੌਕੇ ਖੂਨਦਾਨ ਖੇਤਰ ਨਾਲ ਜੁੜੀਆਂ ਕਈ ਗੈਰ ਸਰਕਾਰੀ ਸੰਸਥਾਵਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਯੋਜਨਾ ਬੋਰਡ ਦੇ ਉੱਪ ਚੇਅਰਮੈਨ ਸ੍ਰੀ ਰਾਜਿੰਦਰ ਭੰਡਾਰੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਵਿੰਦਰ ਅਰੋੜਾ, ਸੀਨੀਅਰ ਭਾਜਪਾ ਆਗੂ ਸ੍ਰੀ ਪ੍ਰਵੀਨ ਬਾਂਸਲ, ਵਧੀਕ ਡਿਪਟੀ ਕਮਿਸ਼ਨਰ ਮਿਸ ਅਪਨੀਤ ਰਿਆਤ, ਵਧੀਕ ਡਿਪਟੀ ਕਮਿਸ਼ਰਨਰ (ਜ) ਸ੍ਰ. ਰਿਸ਼ੀਪਾਲ ਸਿੰਘ, ਐੱਸ. ਡੀ. ਐੱਮ. ਮਿਸ ਡਾ. ਰਿਚਾ, ਸਹਾਇਕ ਕਮਿਸ਼ਨਰ (ਜ) ਮਿਸ ਕਨੂੰ ਥਿੰਦ, ਸਿਵਲ ਸਰਜਨ ਡਾ. ਰੇਨੂੰ ਛਤਵਾਲ ਅਤੇ ਹੋਰ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।