5 Dariya News

ਪ੍ਰੋ. ਭੰਡਾਰੀ ਵੱਲੋਂ ਬਿਆਸ ਵਿਖੇ ਵਿਸ਼ਵ ਦਾ ਸਭ ਤੋਂ ਵੱਡਾ ਸੋਲਰ ਪ੍ਰਾਜੈਕਟ ਸਥਾਪਤ ਕਰਨ ਲਈ ਮੁੱਖ ਮੰਤਰੀ ਤੇ ਮਜੀਠੀਆ ਦੀ ਸ਼ਲਾਘਾ

'ਕਲੀਨ ਤੇ ਗਰੀਨ ਊਰਜਾ' ਨੂੰ ਸਮੇਂ ਦੀ ਸਭ ਤੋਂ ਵੱਡੀ ਲੋੜ ਦੱਸਿਆ

5 Dariya News

ਚੰਡੀਗੜ੍ਹ 18-May-2016

ਪੰਜਾਬ ਰਾਜ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਪ੍ਰੋ. ਰਾਜਿੰਦਰ ਭੰਡਾਰੀ ਨੇ ਬਿਆਸ ਸਥਿਤ ਡੇਰਾ ਬਾਬਾ ਜੈਮਲ ਸਿੰਘ ਵਿਖੇ ਵਿਸ਼ਵ ਦਾ ਸਭ ਤੋਂ ਵੱਡਾ ਇਕ ਛੱਤ ਵਾਲਾ ਸੋਲਰ ਊਰਜਾ ਪ੍ਰਾਜੈਕਟ ਸਥਾਪਤ ਕਰਨ ਲਈ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਨਵੀਂ ਤੇ ਨਵਿਆਉਣਯੋਗ ਸ੍ਰੋਤਾਂ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੂੰ ਮੁਬਾਰਕਬਾਦ ਦਿੰਦਿਆਂ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਬਦਲਵੇਂ ਸ੍ਰੋਤਾਂ ਤੋਂ ਊਰਜਾ ਪੈਦਾ ਕਰਨ ਦੀ ਦਿਸ਼ਾ ਵਿੱਚ ਇਹ ਵੱਡਾ ਕਦਮ ਹੈ ਕਿਉਂਕਿ 'ਕਲੀਨ ਤੇ ਗਰੀਨ ਊਰਜਾ' ਅਜੋਕੇ ਸਮੇਂ ਦੀ ਵੱਡੀ ਲੋੜ ਹੈ।ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਪ੍ਰੋ. ਭੰਡਾਰੀ ਨੇ ਕਿਹਾ ਕਿ ਸ. ਮਜੀਠੀਆ ਤੇ ਪੀ.ਐਸ.ਪੀ.ਸੀ.ਐਲ. ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਡੇਰੇ ਨਾਲ 25 ਸਾਲ ਬਿਜਲੀ ਖਰੀਦਣ ਦਾ ਸਮਝੌਤਾ ਕੀਤਾ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਦੀ ਇਸ ਨਿਵੇਕਲੀ ਪਹਿਲ ਨੂੰ ਦੇਸ਼ ਦੇ ਹੋਰਨਾਂ ਸੂਬਿਆਂ ਵੱਲੋਂ ਵੀ ਅਪਣਾਇਆ ਜਾਵੇਗਾ ਅਤੇ ਊਰਜਾ ਦੇ ਬਦਲਵੇਂ ਸ੍ਰੋਤਾਂ ਨੂੰ ਹੁਲਾਰਾ ਦਿੱਤਾ ਜਾਵੇਗਾ ਜਿਸ ਨਾਲ ਵਾਤਾਵਰਣ ਦੀ ਵੱਡੀ ਸੁਰੱਖਿਆ ਹੋਵੇਗੀ।ਪ੍ਰੋ. ਭੰਡਾਰੀ ਨੇ ਕਿਹਾ ਕਿ ਬਿਆਸ ਵਿਖੇ ਵਿਸ਼ਵ ਦਾ ਸਭ ਤੋਂ ਵੱਡਾ ਸੋਲਰ ਪ੍ਰਾਜੈਕਟ ਸਥਾਪਤ ਕਰ ਕੇ ਪੰਜਾਬ ਨੇ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਵੱਡਾ ਮਾਅਰਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ 82 ਏਕੜ ਜਗ੍ਹਾਂ ਵਿੱਚ 8 ਛੱਤਾਂ 'ਤੇ ਸਥਾਪਤ ਕੀਤੇ ਇਸ ਪ੍ਰਾਜੈਕਟ ਤੋਂ 19.5 ਮੈਗਾਵਾਟ ਬਿਜਲੀ ਪੈਦਾ ਹੋਵੇਗੀ। ਇਸ ਹਿਸਾਬ ਨਾਲ ਇਕ ਸਾਲ ਵਿੱਚ 27 ਮਿਲੀਅਨ ਬਿਜਲੀ ਦੇ ਯੂਨਿਟ ਪੈਦਾ ਹੋਣਗੇ ਜਿਸ ਨਾਲ 8000 ਸ਼ਹਿਰੀ ਘਰਾਂ ਦੀ ਲੋੜ ਪੂਰੀ ਹੋਵੇਗੀ।ਪ੍ਰੋ. ਭੰਡਾਰੀ ਨੇ ਰਾਧਾ ਸੁਆਮੀ ਸਤਿਸੰਗ ਬਿਆਸ ਦੀ ਵੀ ਤਾਰੀਫ ਕਰਦਿਆਂ ਕਿਹਾ ਕਿ 139 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰਾਜੈਕਟ ਸਥਾਪਤ ਕਰ ਕੇ ਇਸ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ।