5 Dariya News

ਸੂਬੇ ਵਿੱਚ ਹੋਮਿਓਪੈਥੀ ਇਲਾਜ ਵਿਧੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ-ਅਨਿਲ ਜੋਸ਼ੀ

ਡਾਕਟਰ ਭਾਈਚਾਰੇ ਨੂੰ ਗਰੀਬ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ ਦਾ ਸੱਦਾ, ਸ਼ਹਿਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ

5 Dariya News (ਅਜੇ ਪਾਹਵਾ)

ਲੁਧਿਆਣਾ 08-May-2016

ਪੰਜਾਬ ਸਰਕਾਰ ਦੇ ਸਥਾਨਕ ਸਰਕਾਰ, ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਹੋਮਿਓਪੈਥੀ ਇਲਾਜ਼ ਵਿਧੀ ਨੂੰ ਪ੍ਰਚੱਲਿਤ ਕੀਤਾ ਜਾਵੇਗਾ, ਇਸ ਮੰਤਵ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਹੋਮਿਓਪੈਥੀ ਕੌਂਸਲ ਅਤੇ ਇੰਟਰਨੈਸ਼ਨਲ ਅਕਾਦਮੀ ਆਫ਼ ਐਡਵਾਂਸਡ ਹੋਮਿਓਪੈਥੀ ਦੇ ਯੂਨਿਟ ਆਫ਼ ਫਾਊਂਡੇਸ਼ਨ ਫਾਰ ਵਾਇਟਲ ਨੂੰ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ। ਅੱਜ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਉਪਰੋਕਤ ਸੰਸਥਾਵਾਂ ਵੱਲੋਂ 'ਦਾ ਸਿੰਪਲੀਸਿਟੀ ਆਫ਼ ਹੋਮਿਓਪੈਥੀ' ਦੇ ਸਿਰਲੇਖ ਹੇਠ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਹੋਮਿਓਪੈਥੀ ਇਲਾਜ਼ ਵਿਧੀ ਨੂੰ ਸੂਬੇ ਵਿੱਚ ਉਤਸ਼ਾਹਿਤ ਕਰਨ ਲਈ ਦ੍ਰਿੜ ਯਤਨਸ਼ੀਲ ਹੈ, ਇਸੇ ਮਨਸ਼ੇ ਤਹਿਤ ਹੀ ਪੰਜਾਬ ਹੋਮਿਓਪੈਥੀ ਕੌਂਸਲ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਚੀਜ਼ ਨੂੰ ਉਤਸ਼ਾਹਿਤ ਕਰਨ ਤੋਂ ਪਹਿਲਾਂ ਲੋੜ ਹੁੰਦੀ ਹੈ ਕਿ ਉਸ ਪ੍ਰਤੀ ਲੋਕਾਂ ਦਾ ਵਿਸ਼ਵਾਸ਼ ਪੈਦਾ ਕੀਤਾ ਜਾਵੇ। ਇਸ ਲਈ ਅੱਜ ਲੋੜ ਹੈ ਕਿ ਲੋਕਾਂ ਵਿੱਚ ਹੋਮਿਓਪੈਥੀ ਦੀ ਇਲਾਜ਼ ਵਿਧੀ ਬਾਰੇ ਵਿਸ਼ਵਾਸ਼ ਪੈਦਾ ਕੀਤਾ ਜਾਵੇ। 

ਉਨ੍ਹਾਂ ਹੋਮਿਓਪੈਥੀ ਨਾਲ ਸੰਬੰਧਤ ਡਾਕਟਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਲੋੜਵੰਦ ਅਤੇ ਗਰੀਬ ਲੋਕਾਂ ਦੀ ਸਹਾਇਤਾ ਲਈ ਮੁਫ਼ਤ ਮੈਡੀਕਲ ਕੈਂਪ ਲਗਾਉਣ ਲਈ ਅੱਗੇ ਆਉਣ ਤਾਂ ਜੋ ਲੋਕ ਇਸ ਇਲਾਜ ਵਿਧੀ ਵੱਲ ਆਕਰਸ਼ਿਤ ਹੋਣ। ਉਨ੍ਹਾਂ ਇਸ ਮੌਕੇ ਕੌਂਸਲ ਨੂੰ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਇਸ ਉਪਰੰਤ ਸਥਾਨਕ ਵਾਰਡ ਨੰਬਰ-55 ਅਤੇ ਕਿਚਲੂ ਨਗਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇੱਕ ਨੁਕਾਤੀ ਪ੍ਰੋਗਰਾਮ ਸੂਬੇ ਦਾ ਸਰਬਪੱਖੀ ਵਿਕਾਸ ਕਰਾਉਣਾ ਹੈ, ਜਿਸ ਲਈ ਲਗਾਤਾਰ ਯਤਨ ਜਾਰੀ ਹਨ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ-55 ਵਿੱਚ ਪੈਂਦੀ ਪੰਜ ਪੀਰ ਸੜਕ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ 42 ਲੱਖ ਰੁਪਏ ਤੋਂ ਵਧੇਰੇ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ, ਜੋ ਕਿ ਸਾਰੀ ਸੜਕ ਉੱਚੀ ਅਤੇ ਸੀਮਿੰਟ ਨਾਲ ਬਣੇਗੀ। 

ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਸੀਵਰੇਜ ਸਿਸਟਮ ਨੂੰ ਸੁਧਾਰਿਆ ਗਿਆ ਹੈ ਅਤੇ ਇਸੇ ਵਾਰਡ ਵਿੱਚ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕੀਤੇ ਜਾਣਗੇ, ਜਿਸ ਨਾਲ ਵਾਰਡ ਦੀ ਕਾਇਆ ਕਲਪ ਹੋ ਜਾਵੇਗੀ। ਇਸ ਤੋਂ ਇਲਾਵਾ ਹੈਬੋਵਾਲ ਡੇਅਰੀ ਕੰਪਲੈਕਸ ਦੀਆਂ ਸੜਕਾਂ ਵੀ ਜਲਦ ਹੀ ਬਣਾ ਦਿੱਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਨਵੀਂ ਬਣਨ ਵਾਲੀ ਸੜਕ ਅਤੇ ਸਥਾਨਕ ਕਿਚਲੂ ਨਗਰ ਵਿਖੇ 60 ਐੱਮ. ਐੱਮ. ਇੰਟਰਲਾਕਿੰਗ ਟਾਇਲਾਂ ਲਗਾਉਣ ਦੇ ਕੰਮ ਦੇ ਨੀਂਹ ਪੱਥਰ ਰੱਖੇ। ਦੋਹਾਂ ਸਮਾਗਮਾਂ ਦੌਰਾਨ ਪੰਜਾਬ ਯੋਜਨਾ ਬੋਰਡ ਦੇ ਉੱਪ ਚੇਅਰਮੈਨ ਪ੍ਰੋਫੈਸਰ ਸ੍ਰੀ ਰਾਜਿੰਦਰ ਭੰਡਾਰੀ, ਨਗਰ ਨਿਗਮ ਦੇ ਮੇਅਰ ਸ੍ਰ. ਹਰਚਰਨ ਸਿੰਘ ਗੋਹਲਵੜੀਆ, ਸੀਨੀਅਰ ਡਿਪਟੀ ਮੇਅਰ ਸ੍ਰੀ ਆਰ. ਡੀ. ਸ਼ਰਮਾ, ਜ਼ਿਲ੍ਹਾ ਭਾਜਪਾ ਪ੍ਰਧਾਨ ਸ੍ਰੀ ਪ੍ਰਵੀਨ ਬਾਂਸਲ, ਕੌਂਸਲਰ ਸ੍ਰ. ਗੁਰਦੀਪ ਸਿੰਘ ਨੀਟੂ, ਸ੍ਰੀ ਸੁਨੀਲ ਮੌਦਗਿੱਲ, ਡਾ. ਬਲਵਿੰਦਰ ਸਿੰਘ, ਡਾ. ਰੰਜਨ ਸ਼ੰਕਰਨ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।