5 Dariya News

ਪੇਂਡੂ ਖੇਤਰ ਦਾ ਜਰਖੜ ਸਟੇਡੀਅਮ ਬਣੇਗਾ ਪੰਜਾਬ ਦਾ ਪਹਿਲਾ ਨੀਲੀ ਐਸਟਰੋਟਰਫ਼ ਵਾਲਾ ਮੈਦਾਨ

30 ਜੂਨ ਤੱਕ ਹੋ ਜਾਵੇਗਾ ਐਸਟਰੋਟਰਫ਼ ਦਾ ਨਿਰਮਾਣ ਮੁਕੰਮਲ

5 Dariya News (ਅਜੇ ਪਾਹਵਾ)

ਲੁਧਿਆਣਾ 07-May-2016

ਭਾਵੇਂ ਸਰਕਾਰਾਂ ਨੇ ਜਰਖੜ ਸਟੇਡੀਅਮ ਦੀ ਤਰੱਕੀ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਪਰ ਮਾਤਾ ਸਾਹਿਬ ਕੌਰ ਹਾਕੀ ਐਕਡਮੀ ਜਰਖੜ ਨੇ ਆਪਣੇ ਸਾਧਨਾਂ ਨਾਲ ਨਾ ਸਿਰਫ਼ ਪਿੰਡ ਜਰਖੜ ਵਿਖੇ ਲਗਭਗ 5 ਕਰੋੜ ਦੀ ਲਾਗਤ ਨਾਲ ਇੱਕ ਨਵੇਕਲੇ ਸਟੇਡੀਅਮ ਦਾ ਨਿਰਮਾਣ ਕੀਤਾ। ਸਗੋਂ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨੇ ਵੀ ਕੌਮੀ ਪੱਧਰ 'ਤੇ ਵਧੀਆ ਨਤੀਜੇ ਦੇ ਕੇ ਪੰਜਾਬ ਨੂੰ ਵੱਡਾ ਨਾਮਣਾ ਦਿੱਤਾ। ਹੁਣ ਜਰਖੜ ਹਾਕੀ ਅਕੈਡਮੀ ਆਪਣੇ ਉਪਰਾਲਿਆਂ ਨਾਲ ਨੀਲੇ ਰੰਗ ਦੀ ਨਵੀਂ ਐਸਟਰੋਟਰਫ ਲਗਾਉਣ ਜਾ ਰਹੀ ਹੈ। ਜਿਸ ਨਾਲ ਪਿੰਡ ਜਰਖੜ ਪੰਜਾਬ ਦਾ ਹੀ ਨਹੀਂ ਸਗੋਂ ਹਿੰਦੁਸਤਾਨ ਦਾ ਪਹਿਲਾਂ ਅਜਿਹਾ ਪਿੰਡ ਹੋਵੇਗਾ ਜਿਥੇ ਆਧੁਨਿਕ ਸਹੂਲਤਾਂ ਨਾਲ ਲੈਸ ਨੀਲੇ ਰੰਗ ਦੀ ਨਵੀਂ ਐਸਟਰੋਟਰਫ਼ ਲੱਗੇਗੀ।ਜਰਖੜ ਅਕੈਡਮੀ ਦੇ ਡਾਇਰੈਕਟਰ ਸ. ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕੰਵਲ ਸਿੰਘ ਨੇ ਦੱਸਿਆ ਕਿ 7-ਏ-ਸਾਈਡ ਨਵੀਂ ਲੱਗਣ ਵਾਲੀ ਐਸਟਰੋਟਰਫ਼ 160 . 90 ਫੁੱਟ ਦੀ ਹੋਵੇਗੀ। ਇਸ ਸਬੰਧੀ ਨਵੀਂ ਦਿੱਲੀ ਦੇ ਇੱਕ ਕੰਪਨੀ ਦਿਵਿਆ ਇੰਟਰਪ੍ਰਾਈਜ਼ਿਜ ਨਾਲ ਫਾਈਨਲ ਇਕਰਾਰਨਾਮਾ ਕੀਤਾ ਹੈ। 

ਉਕਤ ਕੰਪਨੀ ਚੀਨ ਤੋਂ ਨੀਲੇ ਅਤੇ ਹਰੇ ਰੰਗ ਦੀਆਂ ਪੱਟੀਆਂ ਨਾਲ ਲੈਸ ਐਸਟਰੋਟਰਫ਼ ਨੂੰ ਬਣਾਏਗੀ। ਜੂਨ ਮਹੀਨੇ ਦੇ ਅੰਤ ਤੱਕ ਇਹ ਐਸਟਰੋਟਰਫ਼ ਤਿਆਰ ਹੋ ਕੇ ਲੱਗ ਜਾਵੇਗੀ। ਇਸ ਐਸਟਰੋਟਰਫ਼ 'ਤੇ 35 ਤੋਂ 40 ਲੱਖ ਰੁਪਏ ਦਾ ਖਰਚਾ ਆਵੇਗਾ। ਜੋ ਅਕੈਡਮੀ ਦੇ ਪ੍ਰਬੰਧਕ ਆਪਣੇ ਹੀ ਉਪਰਾਲਿਆਂ ਨਾਲ ਕਰ ਰਹੇ ਹਨ। ਅਕੈਡਮੀ ਦੇ ਪ੍ਰਧਾਨ ਜੋਗਿੰਦਰ ਸਿੰਘ ਗਰੇਵਾਲ ਅਤੇ ਰੋਬਿਨ ਸਿੱਧੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਐਸਟਰੋਟਰਫ਼ ਦੇ ਆਲੇ-ਦੁਆਲੇ ਇੱਕ ਵਧੀਆ ਸਟੇਡੀਅਮ ਦੀ ਉਸਾਰੀ ਵਿਚ ਵੀ ਵਾਧਾ ਕੀਤਾ ਜਾ ਰਿਹਾ ਹੈ। ਸਟੇਡੀਅਮ ਦੇ ਚਾਰ ਪਾਸੇ ਰੋਡ-ਟੂ-ਉਲੰਪਿਕ ਬਲਾਕ ਦੀ ਉਸਾਰੀ ਕੀਤੀ ਜਾ ਰਹੀ ਹੈ। ਇਹ ਰੋਡ-ਟੂ-ਉਲੰਪਿਕ ਖਿਡਾਰੀਆਂ ਦੀ ਫਿਟਨੈਸ ਅਤੇ ਦੌੜਨ ਤੋਂ ਇਲਾਵਾ ਦਰਸ਼ਕਾਂ ਦੇ ਇਕ ਤੋਂ ਦੂਜੇ ਗਰਾਊਂਡਾਂ ਵਿਚ ਜਾਣ ਲਈ ਸਹਾਈ ਹੋਵੇਗੀ। ਰੋਡ ਟੂ ਉਲੰਪਿਕ ਦੇ ਇੱਕ ਪੁੱਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ। 

ਉਕਤ ਟਰਫ਼ ਲੱਗਣ ਤੋਂ ਇਲਾਵਾ ਇੱਕ ਹੋਰ 7-ਏ-ਸਾਈਡ ਐਸਟਰੋਟਰਫ਼ ਦਾ ਬੇਸ ਬਣਾਇਆ ਜਾਵੇਗਾ। ਜਿਸ ਦੀ ਉਸਾਰੀ ਵੀ ਅਗਲੇ ਮਹੀਨੇ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਜਰਖੜ ਹਾਕੀ ਅਕੈਡਮੀ ਵਿਚ ਇਕ ਵਕਤ 100 ਦੇ ਕਰੀਬ ਗਰੀਬ ਘਰਾਂ ਨਾਲ ਸਬੰਧਿਤ ਬੱਚੇ ਹਾਕੀ ਦੀ ਟ੍ਰੇਨਿੰਗ ਲੈ ਰਹੇ ਹਨ। ਉਨ੍ਹਾਂ ਨੇ ਦਾਨੀ ਸੱਜਣਾਂ ਨੂੰ ਅਪੀਲ ਵੀ ਕੀਤੀ ਕਿ ਐਸਟਰੋਟਰਫ਼ ਦੇ ਨਿਰਮਾਣ ਅਤੇ ਅਕੈਡਮੀ ਲਈ ਵਿੱਤੀ ਸਹਾਇਤਾ ਦੀ ਅਪੀਲ ਵੀ ਕੀਤੀ ਤਾਂ ਜੋ ਨਵੀਂ ਐਸਟਰੋਟਰਫ਼ ਦਾ ਨਿਰਮਾਣ ਸਫ਼ਲਤਾ ਪੂਰਵਕ ਨੇਪਰੇ ਚੜ੍ਹ ਸਕੇ। ਪ੍ਰਧਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਅਕੈਡਮੀ ਦਾ ਸਾਲਾਨਾ ਅਜਲਾਸ 15 ਮਈ ਨੂੰ ਹੋਵੇਗਾ। ਜਿਸ ਵਿਚ ਅਕੈਡਮੀ ਦੇ ਪੁਰਾਣੇ ਢਾਂਚੇ ਨੂੰ ਭੰਗ ਕਰਕੇ ਨਵੀਂ ਟੀਮ ਦਾ ਵਿਸਥਾਰ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿਚ ਸਮੂਹ ਮੈਂਬਰਾਂ ਨੇ ਅਕੈਡਮੀ ਦੇ ਵਾਈਸ ਚੇਅਰਮੈਨ ਜਗਜੀਤ ਸਿੰਘ ਸੰਧੂ ਦੀ ਬੇਵਕਤੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।