5 Dariya News

ਵਿੱਤ ਤੇ ਯੋਜਨਾ ਭਵਨ ਸਤੰਬਰ ਮਹੀਨੇ ਤੱਕ ਮੁਕੰਮਲ ਬਣ ਕੇ ਹੋਵੇਗਾ ਤਿਆਰ : ਪਰਮਿੰਦਰ ਸਿੰਘ ਢੀਂਡਸਾ

ਵਿੱਤ ਮੰਤਰੀ ਨੇ ਸੈਕਟਰ 33 ਸਥਿਤ ਭਵਨ ਦਾ ਦੌਰਾ ਕਰ ਕੇ ਕੰਮ ਦਾ ਲਿਆ ਜਾਇਜ਼ਾ, 40 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਭਵਨ, 70 ਫੀਸਦੀ ਕੰਮ ਹੋਇਆ ਮੁਕੰਮਲ

5 Dariya News

ਚੰਡੀਗੜ੍ਹ 27-Apr-2016

ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਸੈਕਟਰ 33 ਵਿਖੇ ਬਣ ਰਹੇ 'ਵਿੱਤ ਤੇ ਯੋਜਨਾ ਭਵਨ' ਦਾ ਦੌਰਾ ਕਰਦਿਆਂ ਉਸਾਰੀ ਕੰਮਾਂ ਦਾ ਜਾਇਜ਼ਾ ਲਿਆ। ਭਵਨ ਦਾ ਪੂਰਾ ਦੌਰਾ ਕਰਨ ਉਪਰੰਤ ਉਥੇ ਹੀ ਸਬੰਧਤ ਅਧਿਕਾਰੀਆਂ ਨਾਲ ਕੰਮ ਦਾ ਜਾਇਜ਼ਾ ਲੈਣ ਉਪਰੰਤ ਸ.ਢੀਂਡਸਾ ਨੇ ਖੁਲਾਸਾ ਕੀਤਾ ਕਿ ਇਸ ਵੇਲੇ ਭਵਨ ਦੀ ਉਸਾਰੀ ਦਾ 70 ਫੀਸਦੀ ਕੰਮ ਮੁਕੰਮਲ ਹੋ ਗਿਆ ਅਤੇ ਸਿਵਲ ਕੰਮ ਪੂਰਾ ਮੁਕੰਮਲ ਹੈ। ਭਵਨ ਦਾ ਮੁਕੰਮਲ ਕੰਮ ਸਤੰਬਰ ਮਹੀਨੇ ਤੱਕ ਹੋ ਜਾਵੇਗਾ ਅਤੇ ਅਕਤੂਬਰ ਮਹੀਨੇ ਤੋਂ ਵਿੱਤ ਤੇ ਯੋਜਨਾ ਵਿਭਾਗ ਦੇ ਚੰਡੀਗੜ੍ਹ ਤੇ ਮੁਹਾਲੀ ਸਥਿਤ ਚੱਲ ਰਹੇ ਵੱਖ-ਵੱਖ ਦਫਤਰ ਇਕੋ ਛੱਤ ਹੇਠ ਕੰਮ ਕਰਨਗੇ ਜਿਸ ਨਾਲ ਲੋਕਾਂ ਦੀ ਖੱਜਲ ਖੁਆਰੀ ਵੀ ਘਟੇਗੀ ਅਤੇ ਵਿਭਾਗ ਦੀ ਕਾਰਜਕੁਸ਼ਲਤਾ ਵਿੱਚ ਵੀ ਵਾਧਾ ਹੋਵੇਗਾ।ਭਵਨ ਦਾ ਦੌਰਾ ਕਰਨ ਉਪਰੰਤ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਸ. ਢੀਂਡਸਾ ਨੇ ਦੱਸਿਆ ਕਿ ਸੈਕਟਰ 33-ਏ ਸਥਿਤ ਮੁੱਖ ਮਾਰਗ ਉਪਰ ਪੌਣੇ ਦੋ ਏਕੜ ਰਕਬੇ ਵਿੱਚ ਬਣ ਰਹੇ ਭਵਨ ਦੀ ਕੁੱਲ ਲਾਗਤ 40 ਕਰੋੜ ਰੁਪਏ ਆਵੇਗੀ। ਸੱਤ ਮੰਜ਼ਿਲਾ ਭਵਨ ਦੀ ਇਮਾਰਤ 'ਸਟੇਟ ਆਫ ਆਰਟ' ਹੋਵੇਗੀ ਜਿਸ ਵਿੱਚ ਵਿੱਤ ਤੇ ਯੋਜਨਾ ਵਿਭਾਗ ਦੇ ਸਮੂਹ ਦਫਤਰ ਸ਼ਿਫਟ ਹੋਣਗੇ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਡਾਇਰੈਕਟਰਾਂ, ਸਕੱਤਰ ਤੇ ਪ੍ਰਮੁੱਖ ਸਕੱਤਰ ਦੇ ਦਫਤਰਾਂ ਦੇ ਨਾਲ ਉਨ੍ਹਾਂ ਦਾ ਦਫਤਰ ਵੀ ਭਵਨ ਵਿੱਚ ਹੋਵੇਗਾ। ਇਹ ਭਵਨ 100 ਫੀਸਦੀ ਏਅਰ ਕੰਡੀਸ਼ਨਡ ਅਤੇ ਵਾਈ, ਫਾਈ ਦੀ ਸਹੂਲਤ ਨਾਲ ਲੈਸ ਹੋਵੇਗਾ।

ਸ. ਢੀਂਡਸਾ ਨੇ ਦੱਸਿਆ ਕਿ ਭਵਨ ਵਿੱਚ 50-50 ਵਿਅਕਤੀਆਂ ਦੀ ਸਮਰੱਥਾ ਵਾਲੇ ਮੀਟਿੰਗ/ਕਾਨਫਰੰਸ ਰੂਮ ਹੋਣਗੇ। ਵੱਡੀ ਪਾਰਕਿੰਗ ਦੀ ਸਹੂਲਤ ਦੇ ਨਾਲ ਭਵਨ ਅੰਦਰ ਲਿਫਟ ਅਤੇ ਪੈਨਟਰੀ ਕਮਰੇ ਵੀ ਹੋਣਗੇ। ਇਸ ਭਵਨ ਵਿੱਚ ਵੱਖ ਵੱਖ ਵਿਭਾਗਾਂ ਦੀ ਸਹੂਲਤ ਲਈ ਵਿੱਤ ਤੇ ਯੋਜਨਾ ਵਿਭਾਗ ਦੇ ਸਾਰੇ ਅਫ਼ਸਰ ਅਤੇ ਕਰਮਚਾਰੀ ਇੱਕ ਛੱਤ ਥੱਲੇ ਬੈਠ ਕੇ ਆਪਣੀਆਂ ਸੇਵਾਵਾਂ ਨਿਭਾਉਣਗੇ। ਇਸ ਭਵਨ ਵਿੱਚ 11 ਵਿਭਾਗਾਂ ਦੇ 550 ਅਫ਼ਸਰ ਤੇ ਕਰਮਚਾਰੀ ਬੈਠਣਗੇ ਜੋ ਇਸ ਸਮੇਂ ਚੰਡੀਗੜ੍ਹ ਤੇ ਮੁਹਾਲੀ ਵਿੱਚ ਕਿਰਾਏ ਦੀਆਂ ਇਮਾਰਤਾਂ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਭਵਨ ਵਿੱਚ ਸਾਰੇ ਦਫਤਰ ਸ਼ਿਫਟ ਹੋਣ ਤੋਂ ਬਾਅਦ ਵਿਭਾਗ ਅੰਦਰ ਹੋਰ ਬਿਹਤਰ ਤਾਲਮੇਲ ਸਥਾਪਤ ਹੋਵੇਗਾ ਜਿਸ ਨਾਲ ਵਿਭਾਗ ਦੀ ਕਾਰਜਕੁਸ਼ਲਤਾ ਵਿੱਚ ਵੀ ਵਾਧਾ ਹੋਵੇਗਾ।ਇਸ ਮੌਕੇ ਸ੍ਰੀ ਐਸ.ਆਰ.ਲੱਧੜ, ਸਕੱਤਰ, ਯੋਜਨਾਬੰਦੀ, ਡਾ.ਅਭਿਨਵ ਤ੍ਰਿਖਾ, ਡਾਇਰੈਕਟਰ ਲੇਖਾ ਤੇ ਖਜ਼ਾਨਾ, ਸ੍ਰੀ ਰਵਿੰਦਰ ਸਿੰਘ, ਚੀਫ ਇੰਜਨੀਅਰ, ਲੋਕ ਨਿਰਮਾਣ ਵਿਭਾਗ ਵੀ ਹਾਜ਼ਰ ਸਨ।