5 Dariya News

ਸਿੰਚਾਈ ਮੰਤਰੀ ਵਲੋਂ ਬਿਸਤ ਦੁਆਬ ਨਹਿਰ ਦੇ ਨਵੀਨੀਕਰਨ ਦਾ ਕੰਮ 30 ਜੂਨ ਤੱਕ ਮੁਕੰਮਲ ਕਰਨ ਦੇ ਆਦੇਸ਼

ਜੰਗਲਾਤ ਮੰਤਰੀ ਚੂਨੀ ਲਾਲ ਭਗਤ ਕੀਤੀ ਰੀਵਿਊ ਮੀਟਿੰਗ

5 Dariya News

ਚੰਡੀਗੜ੍ਹ 27-Apr-2016

ਪੰਜਾਬ ਦੇ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਵਣ ਭਵਨ ਵਿਖੇ ਬਿਸਤ ਦੁਆਬ ਨਹਿਰ ਪ੍ਰਾਜੈਕਟ ਨੂੰ ਮੁਕੰਮਲ ਕਰਨ 'ਚ ਆ ਰਹੀਆਂ ਕੁੱਝ ਦਿਕਤਾਂ ਨੂੰ ਦੂਰ ਕਰਨ ਲਈ ਜੰਗਲਾਤ ਮੰਤਰੀ ਸ੍ਰੀ ਚੂਨੀ ਲਾਲ ਭਗਤ ਨਾਲ ਰੀਵਿਊ ਮੀਟਿੰਗ ਕੀਤੀ। ਸ੍ਰੀ ਭਗਤ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਪ੍ਰਾਜੈਕਟ ਮੁਕੰਮਲ ਕਰਨ 'ਚ ਆ ਰਹੀਆਂ ਦਿੱਕਤਾਂ ਤੁਰੰਤ ਦੂਰ ਕਰਨ ਦੇ ਆਦੇਸ਼ ਦਿੱਤੇ।ਸ. ਢਿੱਲੋਂ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਬਿਸਤ ਦੁਆਬ ਨਹਿਰ ਦੇ ਨਵੀਨੀਕਰਨ ਦਾ ਕੰਮ ਹਰ ਹਾਲਤ 30 ਜੂਨ ਤੱਕ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਇਸ ਨਹਿਰ ਦੀ ਅਸਲ ਸਮਰੱਥਾ ਅਨੁਸਾਰ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਇਆ ਜਾ ਸਕੇ।ਸ. ਢਿੱਲੋਂ ਨੇ ਦੱਸਿਆ ਕਿ 1954 'ਚ ਬਣੇ ਇਸ ਪ੍ਰਾਜੈਕਟ ਦੇ ਨਵੀਨੀਕਰਨ ਦਾ ਕੰਮ 320 ਕਰੋੜ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਇਸ ਨਹਿਰ ਦੀ ਪਾਣੀ ਲੈ ਜਾਣ ਦੀ ਸਮਰੱਥਾ 950 ਕਿਊਸਿਕ ਹੈ ਅਤੇ ਨਵੀਨੀਕਰਨ ਪ੍ਰਾਜੈਕਟ ਮੁਕੰਮਲ ਹੋ ਜਾਣ ਤੋਂ ਬਾਅਦ 1450 ਕਿਊਸਿਕ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਜਾਣ ਮਗਰੋਂ ਇਸ ਨਹਿਰ ਦੀ ਸਿੰਚਾਈ ਸਮਰੱਥਾ ਮੌਜੂਦਾ 35 ਹਜ਼ਾਰ ਏਕੜ ਤੋਂ 2 ਲੱਖ ਏਕੜ ਤੱਕ ਵਧ ਜਾਵੇਗੀ।

ਸ. ਢਿੱਲੋਂ ਨੇ ਅੱਗੇ ਦੱਸਿਆ 560 ਕਰੋੜ ਰੁਪਏ ਦੀ ਲਾਗਤ ਨਾਲ 5 ਲੱਖ ਏਕੜ ਦੇ ਕਮਾਂਡ ਏਰੀਆ ਪ੍ਰਾਜੈਕਟ ਨੂੰ ਵੱਖਰੇ ਤੌਰ 'ਤੇ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਸਾਰੇ ਖਾਲਿਆਂ ਨੂੰ ਜ਼ਮੀਨਦੋਜ ਪਾਈਪ ਪ੍ਰਣਾਲੀ ਰਾਹੀਂ ਤਬਦੀਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਿਸਤ ਦੁਆਬ ਪ੍ਰਾਜੈਕਟ ਦੀ ਕੁੱਲ ਲੰਬਾਈ 801 ਕਿਲੋਮੀਟਰ ਹੈ ਅਤੇ ਇਸਦੀਆਂ ਦੋ ਬਰਾਂਚਾਂ ਹਨ ਜਦਕਿ 14 ਡਿਸਟ੍ਰੀਬਿਊਟਰੀਆਂ ਅਤੇ 39 ਮਾਈਨਰ ਹਨ।ਸ. ਢਿੱਲੋਂ ਨੇ ਅਗਾਂਹ ਦੱਸਿਆ ਕਿ ਮੀਟਿੰਗ 'ਚ ਇਹ ਵੀ ਫੈਸਲਾ ਕੀਤਾ ਗਿਆ ਹੈ ਬਿਸਤ ਦੁਆਬ ਨਹਿਰ ਜਿਸ ਸ਼ਹਿਰ ਵਿੱਚੋਂ ਵੀ ਨਿਕਲਦੀ ਹੈ, ਉਥੇ ਨਹਿਰ 'ਚ ਉਤਰਨ ਲਈ ਪੌੜੀਆਂ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਛੱਠ ਪੂਜਾ ਅਤੇ ਹੋਰ ਧਾਰਮਿਕ ਰਸਮਾਂ ਨੂੰ ਨਿਭਾਉਣ ਲਈ ਕੋਈ ਦਿੱਕਤ ਨਾ ਆਵੇ।ਇਸ ਮੌਕੇ ਸ. ਕਾਹਨ ਸਿੰਘ ਪੰਨੂ, ਸਕੱਤਰ ਸਿੰਚਾਈ ਵਿਭਾਗ, ਸ. ਗੁਰਸ਼ਰਨ ਸਿੰਘ ਵਾਸਨ, ਚੀਫ ਇੰਜੀਨੀਅਰ, ਡਰੇਨੇਜ, ਸ. ਸਹਿਜਪ੍ਰੀਤ ਸਿੰਘ ਮਾਂਗਟ, ਓ.ਐਸ.ਡੀ., ਸਿੰਚਾਈ ਮੰਤਰੀ, ਸ੍ਰੀ ਕੁਲਦੀਪ ਕੁਮਾਰ, ਪ੍ਰਮੁੱਖ ਵਣਪਾਲ, ਸ੍ਰੀ ਧਰਿੰਦਰਾ ਸਿੰਘ, ਮੁੱਖ ਵਣਪਾਲ-ਜੰਗਲੀ ਜੀਵ, ਸ੍ਰੀ ਰਤਨਾ ਕੁਮਾਰ, ਮੁੱਖ ਵਣਪਾਲ-ਜੰਗਲਾਤ ਅਤੇ ਸ੍ਰੀ ਚਰਚਿਲ ਕੁਮਾਰ ਆਦਿ ਹਾਜ਼ਰ ਸਨ।