5 Dariya News

ਲੁਧਿਆਣਾ 'ਚ ਆਟੋਮੇਟਿਡ ਡਰਾਈਵਿੰਗ ਟੈਸਟ ਕੇਂਦਰਾਂ ਦਾ ਉਦਘਾਟਨ

ਆਟੋਮੈਟਿਕ ਡਰਾਈਵਿੰਗ ਟੈਸਟ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ- ਪਰਮਿੰਦਰ ਸਿੰਘ ਢੀਂਡਸਾ

5 Dariya News (ਅਜੇ ਪਾਹਵਾ)

ਲੁਧਿਆਣਾ 26-Apr-2016

ਪੰਜਾਬ ਦੇ ਵਿੱਤ ਦੇ ਯੋਜਨਾ ਮੰਤਰੀ ਮੰਤਰੀ  ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਸਥਾਨਕ ਸਰਕਾਰੀ ਕਾਲਜ (ਲੜਕੇ) ਵਿਖੇ 1 ਕਰੋੜ 25 ਲੱਖ ਰੁਪਏ ਦੀ ਲਾਗਤ ਵਾਲੇ 1. 25 ਏਕੜ ਵਿੱਚ ਬਣੇ ਆਟੋਮੇਟਿਡ ਡਰਾਈਵਿੰਗ ਟੈਸਟ ਅਤੇ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ। ਜਦਕਿ ਇਸ ਤੋਂ ਇਲਾਵਾ ਚੰਡੀਗੜ੍ਹ ਸੜਕ ਸਥਿਤ ਏਨੀ ਹੀ ਲਾਗਤ ਅਤੇ ਖੇਤਰ ਵਿੱਚ ਬਣੇ ਸੈਂਟਰ ਦੀ ਵੀ ਸ਼ੁਰੂਆਤ ਹੋ ਗਈ।ਇਸ ਮੌਕੇ ਰੱਖੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਢੀਂਡਸਾ ਨੇ ਕਿਹਾ ਕਿ ਇਸ ਕੇਂਦਰ ਤੇ ਲਰਨਿੰਗ ਅਤੇ ਡਰਾਈਵਿੰਗ ਲਾਈਸੈਂਸ ਟੈਸਟ ਪਾਸ ਕਰਨ ਤੋਂ ਬਾਅਦ ਮੌਕੇ 'ਤੇ ਹੀ ਉਪਲਬੱਧ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋ ਸੜਕ ਹਾਦਸਿਆਂ ਨੂੰ ਘਟਾਉਣ ਅਤੇ ਡਰਾਈਵਿੰਗ ਲਾਇਸੰਸ ਬਨਾਉਣ ਦੀ ਸਮੁੱਚੀ ਪ੍ਰਕਿਰਿਆ ਵਿੱਚ ਵਧੇਰੇ ਪਾਰਦਰਸਤਾ ਲਿਆਉਣ ਲਈ ਰਾਜ ਦੇ ਸਾਰੇ ਜਿਲ੍ਹਿਆਂ ਵਿੱਚ ਅਜਿਹੇ ਡਰਾਈਵਿੰਗ ਟੈਸਟ ਟਰੈਕ ਸੈਂਟਰ ਬਣਵਾਏ ਗਏ ਹਨ ਜਿਸ ਨਾਲ ਬਿਨੈਕਾਰਾਂ ਨੂੰ ਭਵਿੱਖ ਵਿੱਚ ਲਾਇਸੰਸ ਬਣਵਾਉਣ ਲਈ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ।ਉਨ੍ਹਾਂ ਦੱਸਿਆ ਕਿ 'ਆਟੋਮੇਟਿਡ ਡਰਾਇਵਿੰਗ ਟੈਸਟ, ਆਨ-ਲਾਈਨ ਲਾਈਸੈਂਸ ਅਤੇ ਟ੍ਰੇਨਿੰਗ ਕੇਂਦਰ' ਦੇ ਨਾਂ ਹੇਠ ਖੋਲ੍ਹਿਆ ਗਿਆ। ਇਹ ਕੇਂਦਰ ਲੁਧਿਆਣਾ ਜ਼ਿਲਾ ਵਾਸੀਆਂ ਨੂੰ ਕਾਫੀ ਲਾਹਾ ਸਿੱਧ ਹੋਣਗੇ ਕਿਉਂਕਿ ਉਨ੍ਹਾਂ ਨੂੰ ਇਕ ਹੀ ਜਗ੍ਹਾ 'ਤੇ ਉਸੇ ਸਮੇਂ ਟੈਸਟ ਪਾਸ ਕਰਨ ਉਪਰੰਤ ਲਾਇਸੰਸ ਮੁਹੱਈਆ ਕਰਵਾ ਦਿੱਤੇ ਜਾਇਆ ਕਰਨਗੇ। ਜ਼ਿਲ੍ਹਾ ਲੁਧਿਆਣਾ ਦੇ ਇਸ ਕੇਂਦਰ ਸਮੇਤ ਸੂਬੇ ਵਿਚ ਅਜਿਹੇ 32 ਮਾਡਰਨ ਟਰੈਕ ਬਣ ਕੇ ਤਿਆਰ ਹੋ ਗਏ ਹਨ।

ਉਨ੍ਹਾਂ ਦੱਸਿਆ ਕਿ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉਪਰਾਲੇ ਸਦਕਾ ਈ-ਗਵਰਨੈਂਸ ਜ਼ਰੀਏ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਹੋਰ ਪ੍ਰਫੁਲੱਤ ਕਰਨ ਲਈ ਉਕਤ ਅਤਿ-ਆਧੁਨਿਕ ਡਰਾਈਵਿੰਗ ਟਰੈਕ ਹੋਂਦ ਵਿੱਚ ਲਿਆਂਦੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਲੁਧਿਆਣਾ ਦੇ ਇਨ੍ਹਾਂ ਦੋਵਾਂ ਟਰੈਕਾਂ ਸਮੇਤ ਪੰਜਾਬ ਵਿਚ ਅਜਿਹੇ 32 ਅਤਿ-ਆਧੁਨਿਕ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਜ਼ਿਲ੍ਹਾ ਲੁਧਿਆਣਾ ਵਿੱਚ ਜਗਰਾਓਂ, ਖੰਨਾ ਵੀ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਟਰੈਕ ਦੇ ਖੁੱਲ੍ਹਣ ਨਾਲ ਟਰਾਂਸਪੋਰਟ ਵਿਭਾਗ ਦੇ ਕੰਮ ਵਿਚ ਹੋਰ ਪਾਰਦਰਸ਼ਤਾ ਆਵੇਗੀ, ਡਰਾਇਵਿੰਗ ਟਰੈਕ ਦੀ ਸ਼ੁਰੂਆਤ ਹੋਣ ਨਾਲ ਬਿਨੈਕਾਰਾਂ ਨੂੰ ਇਕ ਸਥਾਨ 'ਤੇ ਹੀ ਸਮੇਂ-ਸਿਰ ਲਾਈਸੈਂਸ ਪ੍ਰਦਾਨ ਹੋਣਾ ਆਰੰਭ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ।ਉਨ੍ਹਾਂ ਦੱਸਿਆ ਕਿ ਡਰਾਈਵਿੰਗ ਟੈਸਟ ਵਿਸ਼ੇਸ਼ ਤੌਰ 'ਤੇ ਡਿਜ਼ਾਇਨ ਕੀਤੇ ਗਏ ਟਰੈਕ ਵਿਚ ਲਿਆ ਜਾਵੇਗਾ, ਜਿੱਥੇ ਹਰੇਕ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿਚ ਬਾਇਓਮੈਟਰਿਕ, ਵੈਬ ਕਾਸਟਿੰਗ ਕੈਮਰੇ, ਬੀਮ ਸੈਂਸਰ ਅਤੇ ਵਾਇਬਰੇਸ਼ਨ ਸੈਂਸਰ ਆਦਿ ਆਧੁਨਿਕ ਇਲੈਕਟ੍ਰੋਨਿਕ ਸਾਜ਼ੋ-ਸਮਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਦੋ ਪਹੀਆਂ ਤੇ ਚਾਰ ਪਹੀਆ ਵਾਹਨਾਂ ਦੇ ਲਾਇਸੈਂਸ ਲਈ ਵੱਖੋ-ਵੱਖਰੇ ਟਰੈਕ ਬਣਾਏ ਗਏ ਹਨ।

ਸਮਾਗਮ ਨੂੰ ਸੰਬੋਧਨ ਕਰਦਿਆਂ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਟਰੈਕ ਤੋਂ ਇਲਾਵਾ ਡਰਾਈਵਿੰਗ ਦੀ ਸਿਖਲਾਈ ਦੇਣ ਲਈ ਸਰਕਾਰ ਵਲੋਂ ਮਰੂਤੀ ਸਜ਼ੂਕੀ ਪ੍ਰਾਈਵੇਟ ਲਿਮਟਿਡ ਨਾਲ ਇਥੇ ਇਕ ਡਰਾਇਵਿੰਗ ਸੈਂਟਰ ਖੋਲ੍ਹਣ ਸਬੰਧੀ ਐਮ.ਓ.ਯੂ ਸਾਈਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟੈਸਟ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਵੱਲੋਂ ਲਿਆ ਜਾਵੇਗਾ ਅਤੇ ਸਿਖਲਾਈ ਮਰੂਤੀ ਸਜ਼ੂਕੀ ਪ੍ਰਾਈਵੇਟ ਲਿਮਟਿਡ ਵੱਲੋਂ ਦਿੱਤੀ ਜਾਵੇਗੀ।ਉਨ੍ਹਾਂ ਨੇ ਦੱਸਿਆ ਕਿ ਟਰੈਕ 'ਤੇ ਹੀ ਜਨਮ ਸਰਟੀਫਿਕੇਟ ਅਤੇ ਰਿਹਾਇਸ਼ੀ ਪਤੇ ਦੇ ਸਬੂਤ ਨਾਲ ਆਨ-ਲਾਈਨ ਅਪਲਾਈ ਅਤੇ ਆਨ-ਲਾਈਨ ਫੀਸ ਭਰਕੇ ਕੰਪਿਊਟਰ ਰਾਹੀਂ ਟੈਸਟ ਪਾਸ ਕਰਨ ਉਪਰੰਤ ਲਰਨਿੰਗ ਲਾਇਸੈਂਸ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੱਕੇ ਡਰਾਈਵਿੰਗ ਲਾਇਸੈਂਸ ਲਈ ਟੈਸਟ ਪਾਸ ਕਰਨਾ ਜ਼ਰੂਰੀ ਹੋਵੇਗਾ ਅਤੇ ਟਰੈਕ 'ਤੇ ਹੀ ਟੈਸਟ ਪਾਸ ਕਰਨ ਉਪਰੰਤ ਮੌਕੇ 'ਤੇ ਹੀ ਪੱਕਾ ਡਰਾਇਵਿੰਗ ਲਾਈਸੈਂਸ ਬਣਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੈਡੀਕਲ ਟੈਸਟ ਲਈ ਡਾਕਟਰ ਵੀ ਇਸੇ ਕੇਂਦਰ ਵਿਖੇ ਤਾਇਨਾਤ ਰਹਿਣਗੇ।ਸਮਾਗਮ ਨੂੰ ਹਲਕਾ ਲੁਧਿਆਣਾ (ਪੂਰਬੀ) ਦੇ ਵਿਧਾਇਕ ਸ੍ਰ. ਰਣਜੀਤ ਸਿੰਘ ਢਿੱਲੋਂ, ਪੰਜਾਬ ਯੋਜਨਾ ਬੋਰਡ ਦੇ ਉੱਪ ਚੇਅਰਮੈਨ ਸ੍ਰੀ ਰਾਜਿੰਦਰ ਭੰਡਾਰੀ ਨੇ ਵੀ ਸੰਬੋਧਨ ਕੀਤਾ, ਜਦਕਿ ਇਸ ਸਮੇਂ ਹੋਰਨਾਂ ਤੋ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਹਰਚਰਨ ਸਿੰਘ ਗੋਹਲਵੜੀਆ, ਪੰਜਾਬ ਟਰੇਡਰਜ਼ ਬੋਰਡ ਦੇ ਉÎੱਪ ਚੇਅਰਮੈਨ ਸ੍ਰੀ ਮਦਨ ਲਾਲ ਬੱਗਾ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਉੱਪ ਮੰਡਲ ਮੈਜਿਸਟ੍ਰੇਟ ਸ੍ਰ. ਪਰਮਜੀਤ ਸਿੰਘ, ਜ਼ਿਲ੍ਹਾ ਭਾਜਪਾ ਪ੍ਰਧਾਨ ਸ੍ਰੀ ਪ੍ਰਵੀਨ ਬਾਂਸਲ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰ. ਦਲਵਿੰਦਰਜੀਤ ਸਿੰਘ, ਭਾਜਪਾ ਆਗੂ ਸ੍ਰੀ ਅਮਿਤ ਗੁਸਾਂਈ, ਕੌਂਸਲਰ ਸ੍ਰ. ਰਖਵਿੰਦਰ ਸਿੰਘ ਗਾਬੜੀਆ ਅਤੇ ਹੋਰ ਹਾਜ਼ਰ ਸਨ।