5 Dariya News

ਪੰਜਾਬ 'ਚ ਕਣਕ ਦੀ ਖ਼ਰੀਦ 66 ਲੱਖ ਮੀਟਰਿਕ ਟਨ ਤੋਂ ਟੱਪੀ

ਕਿਸਾਨਾਂ ਨੂੰ 2612.50 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ , ਖ਼ੁਰਾਕ ਮੰਤਰੀ ਨੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ

5 Dariya News

ਚੰਡੀਗੜ੍ਹ 22-Apr-2016

ਪੰਜਾਬ ਸਰਕਾਰ ਨੇ ਅੱਜ ਸੂਬੇ ਦੇ ਕਿਸਾਨਾਂ ਨੂੰ ਹਾੜੀ ਦੀ ਮੁੱਖ ਫਸਲ ਕਣਕ ਦੀ ਅਦਾਇਗੀ ਹਿੱਤ 2612.50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ।ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਕਣਕ ਦੀ ਅਦਾਇਗੀ ਸਬੰਧੀ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਅਦਾਇਗੀਆਂ ਅੱਜ ਤੋਂ ਲਗਾਤਾਰ ਕੀਤੀਆਂ ਜਾਣਕੀਆਂ ਅਤੇ ਬਾਕੀ ਅਦਾਇਗੀਆਂ ਆਉਂਦੇ ਦੋ ਦਿਨਾਂ 'ਚ ਮੁਕੰਮਲ ਕਰ ਲਈਆਂ ਜਾਣਗੀਆਂ। ਸੂਬੇ ਭਰ 'ਚ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਂਦਿਆਂ ਸ. ਕੈਰੋਂ ਨੇ ਕਿਹਾ ਕਿ ਹੁਣ ਤੱਕ ਪੰਜਾਬ 'ਚ 66.55 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਪਿਛਲੀ ਸ਼ਾਮ ਤੱਕ ਸਰਕਾਰੀ ਏਜੰਸੀਆਂ ਨੇ 65.62 ਲੱਖ ਮੀਟਰਿਕ ਟਨ ਜਦਕਿ ਪ੍ਰਾਈਵੇਟ ਏਜੰਸੀਆਂ ਨੇ 9.33 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ। ਕਣਕ ਦੇ ਖਰੀਦ ਪ੍ਰਬੰਧਾਂ 'ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਮੰਤਰੀ ਨੇ ਕਿਹਾ ਕਿ ਸੂਬੇ ਭਰ 'ਚ ਕਣਕ ਦਾ ਇੱਕ-ਇੱਕ ਦਾਣਾ ਚੁੱਕਿਆ ਜਾਵੇਗਾ। 

ਕੁੱਝ ਮੰਡੀਆਂ ਸਾਹਮਣੇ ਆਈ ਢਿੱਲ-ਮੱਠ ਸਬੰਧੀ ਖਰੀਦ ਏਜੰਸੀਆਂ ਨੂੰ ਹਦਾਇਤ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਸਟਾਕ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਚੁੱਕਣ ਤਾਂ ਜੋ ਕਿਸੇ ਨੂੰ ਕੋਈ ਮੁਸ਼ਕਿਲ ਨਾ ਆਵੇ। ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਤੋਂ ਕੈਸ਼ ਕ੍ਰੈਡਿਟ ਲਿਮਟ ਸਬੰਧੀ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ 48 ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਕਰ ਦਿੱਤੀ ਜਾਵੇਗੀ। ਕੈਰੋਂ ਨੇ ਅੱਗੇ ਕਿਹਾ ਕਿ ਪਿਛਲੇ ਦਿਨਾਂ ਤੋਂ ਉਹ ਖੁਦ ਕਣਕ ਖਰੀਦ ਤੇ ਅਦਾਇਗੀ ਸਬੰਧੀ ਏਜੰਸੀਆਂ ਦੇ ਮੁਖੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਤਾਂ ਜੋ ਨਿਰਵਿਘਨ ਖਰੀਦ ਤੇ ਅਦਾਇਗੀ ਸਮੇਂ ਸਿਰ ਹੋਵੇ। ਵੱਖ-ਵੱਖ ਏਜੰਸੀਆਂ ਵਲੋਂ ਕਣਕ ਦੀ ਖਰੀਦ ਸਬੰਧੀ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਪਨਗਰੇਨ ਨੇ 13.15 ਲੱਖ ਮੀਟਰਿਕ ਟਨ (19.8%), ਮਾਰਕਫੈਡ ਨੇ 13.83 ਲੱਖ ਮੀਟਰਿਕ ਟਨ (20.8%), ਪਨਸਪ ਨੇ 12.29 ਲੱਖ ਮੀਟਰਿਕ ਟਨ (18.5%), ਪੀ.ਐਸ.ਡੁਲਿਯੂ.ਸੀ. ਨੇ 9.66 ਲੱਖ ਮੀਟਰਿਕ ਟਨ (14.5%) ਅਤੇ ਭਾਰਤੀ ਖਾਦ ਨਿਗਮ ਨੇ 9.99 ਲੱਖ ਮੀਟਰਿਕ ਟਨ (15.0%) ਕਣਕ ਦੀ ਖਰੀਦ ਕੀਤੀ।