ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਖੋਲ੍ਹੇ ਜਾਣਗੇ 200 ਸਕਿਲ ਸੈਂਟਰ-ਸੁਖਬੀਰ ਸਿੰਘ ਬਾਦਲ
ਉਪ ਮੁੱਖ ਮੰਤਰੀ ਵਲੋਂ 'ਆਟੋਮੈਟਿਡ ਡਰਾਈਵਿੰਗ ਟੈਸਟ ਸੈਂਟਰ' ਦਾ ਉਦਘਾਟਨ
5 Dariya News
ਗੁਰਦਾਸਪੁਰ 21-Apr-2016
ਪੰਜਾਬ ਸਰਕਾਰ ਵਲੋਂ ਰਾਜ ਵਿਚ ਨੋਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ 2 ਸਰਹੱਦੀ ਜ਼ਿਲ੍ਹਿਆਂ ਦੇ ਹਰ ਬਲਾਕ ਵਿਚ ਦੋ-ਦੋ ਸਕਿਲ ਸੈਂਟਰ ਉਸਾਰੇ ਜਾਣਗੇ, ਜਿਨਾਂ ਵਿਚ ਹਰ ਸਾਲ ਇਕ-ਇਕ ਹਜ਼ਾਰ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਨੇ ਗੁਰਦਾਸਪੁਰ ਵਿਖੇ 1 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ 'ਆਟੋਮੈਟਿਡ ਡਰਾਈਵਿੰਗ ਟੈਸਟ ਸੈਂਟਰ' ਦਾ ਉਘਾਟਨ ਕਰਨ ਉਪਰੰਤ ਸ਼ਹੀਦ ਲੈਫਟੀਨੈਟ ਨਵਦੀਪ ਸਿੰਘ (ਅਸੋਕ ਚੱਕਰ) ਦੇ ਖੇਡ ਸਟੇਡੀਅਮ ਵਿਖੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ।ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਜ਼ਿਲਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਸਵੈ ਰੁਜਗਾਰ ਲਈ ਹੁਨਰਮੰਦ ਕਰੇਗੀ ਅਤੇ ਇਨਾਂ ਸਕਿਲ ਸੈਟਰਾਂ ਅੰਦਰ ਨੌਜਵਾਨਾਂ ਨੂੰ ਸਵੈ ਰੁਜਵਾਰ ਨਾਲ ਸਬੰਧਿਤ ਵੱਖ-ਵੱਖ ਕਿਤਿਆਂ ਦੇ ਸਮਰੱਥ ਦੀ ਮੁਹਾਰਤ ਦਿੱਤੀ ਜਾਵੇਗੀ ਤੇ ਪੰਜਾਬ ਦੇ ਨੌਜਵਾਨ ਖੁਦ ਨੌਕਰੀਆਂ ਲੈਣ ਦੀ ਬਜਾਏ ਦੂਸਰਿਆਂ ਨੂੰ ਨੌਕਰੀਆਂ ਦੇਣ ਹੋਣਗੇ। ਉਨਾਂ ਕਿਹਾ ਕਿ ਇਨ੍ਹਾਂ ਸਕਿਲ ਸੈਟਰਾਂ ਤੋਂ ਨੌਜਵਾਨਾਂ ਦੇ ਹੁਨਰਮੰਦ ਹੋਣ ਨਾਲ ਆਪਣੇ ਪਰਿਵਾਰ ਤੇ ਆਪਣੇ ਇਲਾਕੇ ਦੀ ਤਰੱਕੀ ਵਿਚ ਮੋਹਰੀ ਰੋਲ ਅਦਾ ਕਰਨਗੇ।
ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਹਰੇਕ ਵਰਗ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਪੰਜਾਬ ਸਰਕਾਰ ਵਲੋਂ ਕਿਸਾਨਾਂ, ਗਰੀਬਾਂ, ਵਪਾਰੀਆਂ ਤੇ ਮਜਦੂਰਾਂ ਲਈ 5 ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਗਿਆ ਹੈ। ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਸਹੂਲਤ ਲਈ ਫਸਲ ਬੀਮਾ ਯੋਜਨਾ ਤਹਿਤ 50 ਹਜ਼ਾਰ ਰੁਪਏ ਦਾ ਵਿਆਜ ਮੁਕਤ ਕਰਜਾ ਦੇਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਕਿਸਾਨ ਸ਼ਾਹੂਕਾਰਾਂ ਕੇ ਚੁੰਗਲ ਵਿਚ ਨਹੀ ਫਸਣਗੇ। । ਉਨਾਂ ਕਿਹਾ ਕਿ ਰਾਜ ਸਰਕਾਰ ਨੇ ਹਰੇਕ ਵਰਗ ਦੀ ਭਲਾਈ ਤਹਿਤ ਵੱਖ-ਵੱਖ ਲੋਕ ਭਲਾਈ ਸਕੀਮਾਂ ਨੂੰ ਲਾਗੂ ਕੀਤਾ ਹੈ, ਜਿਸ ਵਿਚ ਬੁਢਾਪਾ ਤੇ ਵਿਧਵਾ ਪੈਨਸ਼ਨ ਸਮੇਤ ਆਟਾ-ਦਾਲ ਸਕੀਮ , ਵਿਦਿਆਰਥੀਆਂ ਨੂੰ ਵਜੀਫੇ ਤੇ ਲੜਕੀਆਂ ਲਈ ਮੁਫਤ ਸਾਈਕਲ ਆਦਿ ਦਿੱਤੇ ਜਾ ਰਹੇ।
ਸ. ਬਾਦਲ ਨੇ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਰਾਜ ਸਰਕਾਰ ਵਲੋਂ ਹਰ ਸਾਲ ਕਿਸਾਨਾਂ ਨੂੰ ਟਿਊਬਵੈੱਲਾਂ ਦੇ ਮੁਫਤ ਬਿਜਲੀ ਦੇਣ ਦੇ ਇਵਜ਼ ਵਿਚ ਪਾਵਰਕਾਮ ਨੂੰ 6 ਹਜ਼ਾਰ ਕਰੋੜ ਦਿੱਤੇ ਜਾ ਰਹੇ ਹਨ ਅਤੇ 24 ਘੰਟੇ ਬਿਜਲੀ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਇਆ ਗਿਆ ਹੈ। ਉਨਾਂ ਅੱਗੇ ਕਿਹਾ ਕਿ ਰਾਜ ਸਰਕਾਰ ਵਲੋਂ 22 ਹਜਾਰ ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਅੰਦਰ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਅਤੇ ਅਗਲੇ ਕੁਝ ਮਹੀਨਿਆਂ ਵਿਚ ਰਾਜ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਨੂੰ ਮੁਕੰਮਲ ਕੀਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਸ. ਬਾਦਲ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ 1 ਲੱਖ 20 ਹਜਾਰ ਨੌਜਵਾਨਾਂ ਨੂੰ ਪਾਰਦਰਸ਼ੀ ਢੰਗ ਨਾਲ ਮੈਰਿਟ ਦੇ ਆਧਾਰ 'ਤੇ ਨੌਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਅਕਾਲੀ-ਭਾਜਪਾ ਸਰਕਾਰ ਵਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਵੀ ਸਵਾ ਲੱਖ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ 'ਤੇ ਨੋਕਰੀਆਂ ਪ੍ਰਦਾਨ ਕੀਤੀਆਂ ਗਈਆਂ ਸਨ।ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਜ਼ੁਰਗਾਂ ਦੀ ਸਹੂਲਤ ਦਾ ਧਿਆਨ ਰੱਖਦਿਆਂ ਅਤੇ ਉਨਾਂ ਨੂੰ ਦਫਤਰਾਂ ਦੇ ਚੱਕਰਾਂ ਤੋਂ ਨਿਜਾਤ ਪਾਉਣ ਦੇ ਮਕਸਦ ਨਾਲ ਬੁਢਾਪਾ ਪੈਨਸ਼ਨ ਹੁਣ ਪਿੰਡ ਪੱਧਰੀ ਕਮੇਟੀਆਂ ਰਾਹੀਂ ਵੰਡਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਲਾਭਪਾਤਰੀਆਂ ਨੂੰ ਵੱਡੀ ਸਹੂਲਤ ਤੇ ਰਾਹਤ ਮਿਲੇਗੀ। ਜਿਲੇ ਵਿਚੋਂ ਵੱਡੀ ਗਿਣਤੀ ਵਿਚ ਪਹੁੰਚੀ ਸੰਗਤ ਨੂੰ ਸੰਬੋਧਨ ਕਰਦਿਆਂ ਸ. ਬਾਦਨ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਹੀ ਪੰਜਾਬ ਹਿਤੈਸ਼ੀ ਸਰਕਾਰ ਹੈ ਅਤੇ ਮੌਜੂਦਾ ਸਰਕਾਰ ਹੀ ਲੋਕਾਂ ਦੀ ਅਸਲ ਹਮਦਰਦ ਸਰਕਾਰ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਸੂਝਵਾਨ ਤੇ ਸਿਆਣੇ ਹਨ ਅਤੇ ਉਹ ਵਿਰੋਧੀਆਂ ਦੇ ਗੁੰਮਰਾਹਕੁੰਨ ਗੱਲਾਂ ਵਿਚ ਨਹੀਂ ਆਉਣਗੇ ਅਤੇ ਪੰਜਾਬ ਦੇ ਹਿੱਤਾਂ ਦੀ ਅਲੰਬਰਦਾਰ ਅਕਾਲੀ –ਭਾਜਪਾ ਸਰਕਾਰ ਵਿਚ ਫਿਰ ਤੋਂ ਭਰੋਸਾ ਪ੍ਰਗਟਾਉਣਗੇ।
ਇਸ ਤੋਂ ਪਹਿਲਾਂ 'ਆਟੋਮੈਟਿਡ ਡਰਾਈਵਿੰਗ ਟੈਸਟ ਸੈਂਟਰ' ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਕੋਹਿਨੂਰ ਹੀਰਾ ਸਿੱਖ ਕੌਮ ਦੀ ਵਿਰਾਸਤ ਹੈ। ਕੋਹਿਨੂਰ ਹੀਰਾ ਪੰਜਾਬ ਦੀ ਵਿਰਾਸਤ ਦਾ ਅਟੁੱਟ ਹਿੱਸਾ ਹੈ ਅਤੇ ਸਾਡੇ ਸੱਭਿਆਚਾਰ ਦੀ ਅਣਮੋਲ ਨਿਸ਼ਾਨੀ ਹੈ। ਉਨਾਂ ਕਿਹਾ ਕਿ ਕੋਹਿਨੂਰ ਹੀਰੇ ਨੂੰ ਪੰਜਾਬ ਵਾਪਸ ਲਿਅਆਉਣ ਲਈ ਹਰ ਯਤਨ ਕੀਤਾ ਜਾਵੇਗਾ ਅਤੇ ਇਸ ਸਬੰਧੀ ਕੇਂਦਰ ਸਰਕਾਰ ਨਾਲ ਵੀ ਸੰਪਰਕ ਕੀਤਾ ਜਾਵੇਗਾ ਅਤੇ ਨਾਲ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਵਿਚ ਕੋਹਿਨੂਰ ਹੀਰੇ ਦੀ ਪ੍ਰਾਪਤੀ ਲਈ ਅਰਜ਼ੀ ਦਾਇਰ ਕਰਨ।ਇਕ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਭਾਰਤ ਦਾ ਪਹਿਲਾ ਸੂਬਾ ਹੈ ਜਿੱਥੇ ਸਾਰੇ 22 ਜ਼ਿਲ੍ਹਾ ਹੈੱਡਕੁਆਟਰਾਂ ਤੇ ਅਤੇ 10 ਸਬ-ਡਵੀਜਨਾਂ ਵਿੱਚ ਨਵੀਂ ਤਕਨੀਕ ਨਾਲ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਟਰਾਂਸਪੋਰਟ ਵਿਭਾਗ ਵੱਲੋਂ ਤਿਆਰ ਕੀਤੇ ਗਏ ਹਨ। ਪੰਜਾਬ ਭਾਰਤ ਦਾ ਪਹਿਲਾ ਰਾਜ ਹੈ ਜਿਥੇ ਡਰਾਈਵਿੰਗ ਲਾਈਸੈਂਸ ਬਨਾਉਣ ਦੀ ਸਾਰੀ ਪ੍ਰਕਿਰਿਆ ਇਕੋ ਸਥਾਨ ਤੇ ਮੁਕੰਮਲ ਕੀਤੀ ਜਾਵੇਗੀ। ਇਹਨਾਂ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕਾਂ ਤੇ ਪ੍ਰਾਰਥੀ ਦਾ ਡਰਾਈਵਿੰਗ ਟੈਸਟ ਲੈ ਕੇ ਮੌਕੇ ਤੇ ਹੀ ਲਾਈਸੰਸ ਜਾਰੀ ਕੀਤਾ ਜਾਵੇਗਾ। ਇਸ ਨਾਲ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ ਅਤੇ ਵਾਰੀ-ਵਾਰੀ ਚੱਕਰ ਨਹੀਂ ਮਾਰਨੇ ਪੈਣਗੇ। ਪ੍ਰਾਰਥੀ ਦਾ ਮੈਡੀਕਲ ਟੈਸਟ ਲੈਣ ਲਈ ਹਰ ਸੈਂਟਰ ਤੇ ਡਾਕਟਰ ਦੀ ਸੁਵਿਧਾ ਵੀ ਉਪਲਬਧ ਹੋਵੇਗੀ, ਇਹ ਡਰਾਈਵਿੰਗ ਟੈਸਟ ਟਰੈਕ ਪੂਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਇਨ੍ਹਾਂ ਡਰਾਈਵਿੰਗ ਟੈਸਟ ਟਰੈਕਾਂ ਨੂੰ ਬਨਾਉਣ ਲਈ ਤਕਰੀਬਨ 4433 ਲੱਖ ਰੁਪਏ ਖਰਚ ਆਏ ਹਨ।
ਸ. ਬਾਦਲ ਨੇ ਕਿਹਾ ਕਿ ਪੰਜਾਬ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਵਾਲਾ ਹਿੰਦੁਸਤਾਨ ਦਾ ਪਹਿਲਾ ਸੂਬਾ ਬਣ ਗਿਆ ਹੈ। ਈ-ਗਵਰਨੈੱਸ ਦੇ ਖੇਤਰ ਵਿੱਚ ਟਰਾਂਸਪੋਰਟ ਵਿਭਾਗ ਨੇ ਖਾਸ ਮੱਲ੍ਹਾਂ ਮਾਰੀਆਂ ਹਨ। ਭਾਰਤ ਵਿੱਚ ਦੂਜੇ ਰਾਜਾਂ ਤੋਂ ਟਰਾਂਸਪੋਰਟ ਵਿਭਾਗ ਦੇ ਨੁਮਾਇੰਦੇ ਸੇਧ ਲੈਣ ਲਈ ਟਰਾਂਸਪੋਰਟ ਦਫ਼ਤਰ ਨਾਲ ਤਾਲਮੇਲ ਕਰਕੇ ਜਾਣਕਾਰੀ ਹਾਸਲ ਕਰ ਰਹੇ ਹਨ। ਇੱਥੋਂ ਤੱਕ ਕੇ ਭਾਰਤ ਤੋਂ ਬਾਹਰਲੇ ਦੇਸਾਂ ਵਿੱਚੋਂ ਵੀ ਟਰਾਂਸਪੋਰਟ ਵਿਭਾਗ ਪੰਜਾਬ ਦੇ ਕੰਮ-ਕਾਜ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਸ. ਗੁਰਬਚਨ ਸਿੰਘ ਬੱਬੇਹਾਲੀ ਮੁੱਖ ਸੰਸਦੀ ਸਕੱਤਰ ਪੰਜਾਬ ਤੇ ਸ. ਸੁੱਚਾ ਸਿੰਘ ਲੰਗਾਹ ਸਾਬਕਾ ਕੈਬਨਿਟ ਵਜੀਰ ਪੰਜਾਬ ਵਲੋਂ ਸ. ਬਾਦਲ ਦਾ ਗੁਰਦਾਸਪੁਰ ਵਿਖੇ 'ਆਟੋਮੈਟਿਡ ਡਰਾਈਵਿੰਗ ਟੈਸਟ ਸੈਂਟਰ' ਸ਼ੁਰੂ ਕਰਨ 'ਤੇ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ 9 ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਅੰਦਰ ਵੱਡੇ ਵਿਕਾਸ ਪ੍ਰੋਜੈਕਟ ਮੁਕੰਮਲ ਕੀਤੇ ਹਨ , ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਗੁਰਦਾਸਪੁਰ ਅੰਦਰ ਵਿਕਾਸ ਕਾਰਜ ਵੱਡੇ ਪੱਧਰ 'ਤੇ ਪ੍ਰਗਤੀ ਅਧੀਨ ਹਨ ਅਤੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਮੰਤਰੀ, ਦੇਸ ਰਾਜ ਧੁੱਗਾ ਮੁੱਖ ਸੰਸਦੀ ਸਕੱਤਰ ਪੰਜਾਬ, ਸੇਵਾ ਸਿੰਘ ਸੇਖਵਾਂ ਸਾਬਕਾ ਮੰਤਰੀ, ਸ੍ਰੀ ਪ੍ਰਦੀਪ ਸੱਭਰਵਾਲ ਡਿਪਟੀ ਕਮਿਸ਼ਨਰ , ਜਗਦੀਪ ਸਿੰਘ ਹੁੰਦਲ ਐਸ.ਐਸ.ਪੀ ਕੈਪਟਨ ਬਲਬੀਰ ਸਿੰਘ ਬਾਠ ਸਬਕਾ ਵਿਧਾਇਕ, ਰਵੀਕਰਨ ਸਿੰਘ ਕਾਹਲੋਂ ਯੂਥ ਪ੍ਰਧਾਨ ਮਾਝਾ ਸ਼ਰੋਮਣੀ ਅਕਾਲੀ ਦਲ, ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਚੇਅਰਮੈਨ ਜਗਰੂਪ ਸਿੰਘ ਸੇਖਵਾਂ, ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਚੇਅਰਮੈਨ ਅਮਰਜੋਤ ਸਿੰਘ ਬੱਬੇਹਾਲੀ, ਪ੍ਰਧਾਨ ਜਤਿੰਦਰ ਸਿੰਘ ਪੱਪਾ,ਚੇਅਰਮੈਨ ਰਜਿੰਦਰ ਸਿੰਘ ਮਰਵਾਹਾ, ਨਰਿੰਦਰ ਸਿੰਘ ਵਾੜਾ, ਪ੍ਰਧਾਨ ਪਰਮਵੀਰ ਸਿੰਘ ਲਾਡੀ, ਲਖਵਿੰਦਰ ਸਿੰਘ ਘੁੰਮਣ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।