5 Dariya News

ਰਿਜ਼ਰਵ ਬੈਂਕ ਵੱਲੋਂ ਕਣਕ ਦੀ ਖਰੀਦ ਲਈ ਪਹਿਲੀ ਕਿਸ਼ਤ ਵਜੋਂ 17,523 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਦਾ ਅਧਿਕਾਰਤ ਪੱਤਰ ਜਾਰੀ

ਬਾਦਲ ਵੱਲੋਂ ਸੀ.ਸੀ.ਐਲ ਦੇ ਹੱਲ ਲਈ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਫੌਰੀ ਦਖਲ ਲਈ ਧੰਨਵਾਦ , ਮੁੱਖ ਮੰਤਰੀ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਦੀਆਂ ਠੋਸ ਕੋਸ਼ਿਸ਼ਾਂ ਨੂੰ ਬੂਰ ਪਿਆ

5 Dariya News

ਚੰਡੀਗੜ੍ਹ 20-Apr-2016

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਸਾਲ 2016 ਦੀ ਹਾੜੀ ਦੇ ਸੀਜ਼ਨ ਦੌਰਾਨ 90 ਲੱਖ ਟਨ ਕਣਕ ਦੀ ਖਰੀਦ ਕਰਨ ਵਾਸਤੇ ਪਹਿਲੀ ਕਿਸ਼ਤ ਵਜੋਂ ਪੰਜਾਬ ਸਰਕਾਰ ਨੂੰ 17,523 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ (ਸੀ.ਸੀ.ਐਲ) ਲਈ ਅਧਿਕਾਰਤ ਪੱਤਰ ਜਾਰੀ ਕਰ ਦਿੱਤਾ ਹੈ।ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਦੇ ਰਾਸ਼ਟਰੀ ਮਾਮਲਿਆਂ ਦੇ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਮੌਜੂਦਾ ਹਾੜੀ ਦੇ ਸੀਜ਼ਨ ਦੌਰਾਨ ਕਣਕ ਦੀ ਖਰੀਦ ਵਾਸਤੇ ਸੀ.ਸੀ.ਐਲ ਦੀ ਇੱਕ ਹੋਰ ਕਿਸ਼ਤ ਲਈ ਆਰ.ਬੀ.ਆਈ ਵੱਲੋਂ ਛੇਤੀ ਹੀ ਇੱਕ ਹੋਰ ਅਧਿਕਾਰਤ ਪੱਤਰ ਜਾਰੀ ਕਰ ਦਿੱਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੀ.ਸੀ.ਐਲ ਦੇ ਮਸਲੇ ਦੇ ਹੱਲ ਲਈ ਪ੍ਰਧਾਨ ਮੰਤਰੀ ਵੱਲੋਂ ਨਿੱਜੀ ਤੌਰ 'ਤੇ ਦਿੱਤੇ ਗਏ ਫੌਰੀ ਦਖਲ ਲਈ ਧੰਨਵਾਦ ਕੀਤਾ ਹੈ।ਗੌਰਤਲਬ ਹੈ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਪਿਛਲੇ ਸੋਮਵਾਰ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਨਵੀਂ ਦਿੱਲੀ ਵਿਖੇ ਮਿਲੇ ਸਨ ਅਤੇ ਉਨ੍ਹਾਂ ਨੂੰ ਸੀ.ਸੀ.ਐਲ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ ਸੀ।