5 Dariya News

ਸਿਹਤ ਵਿਭਾਗ ਨੇ ਜਾਸੂਸ ਏਜੰਸੀ ਦੀ ਮਦਦ ਨਾਲ ਪੀਸੀ-ਪੀਐਨਡੀਟੀ ਐਕਟ ਦੀ ਉਲੰਘਣਾ ਕਰਨ ਵਾਲੀ ਮਹਿਲਾ ਡਾਕਟਰ ਨੂੰ ਫੜਿਆ

ਹਾਲ ਹੀ ਵਿੱਚ ਹਾਇਰ ਕੀਤੀ ਜਾਸੂਸ ਏਜੰਸੀ ਵੱਲੋਂ ਪਹਿਲਾ ਸਫਲ ਸਟਿੰਗ ਅਪਰੇਸ਼ਨ ਕੀਤਾ ਗਿਆ, ਮਹਿਲਾ ਡਾਕਟਰ ਖਿਲਾਫ ਪੀਸੀ-ਪੀਐਨਡੀਟੀ ਐਕਟ ਦੇ ਤਹਿਤ ਮਾਮਲਾ ਦਰਜ

5 Dariya News

ਚੰਡੀਗੜ੍ਹ 20-Apr-2016

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਭਰੂਣ ਹੱਤਿਆ ਤੇ ਲਗਾਮ ਕੱਸਣ ਲਈ ਹਾਇਰ ਕੀਤੀ ਹੋਈ ਜਾਸੂਸੀ ਏਜੰਸੀ ਵੱਲੋਂ ਪਹਿਲਾ ਸਫਲ ਸਟਿੰਗ ਅਪਰੇਸ਼ਨ ਕਰਕੇ ਇਕ ਮਹਿਲਾ ਡਾਕਟਰ ਨੂੰ ਪ੍ਰੀ-ਕੰਸੈਪਸ਼ਨ ਐਂਡ ਪ੍ਰੀ-ਨੈਟਲ ਡਾਇਗਨੋਸਟਿਕ ਟੈਕਨੀਕ ਐਕਟ (ਪੀਸੀ-ਪੀਐਨਡੀਟੀ) ਦੇ ਤਹਿਤ ਫੜਿਆ ਗਿਆ ਹੈ। ਜਾਸੂਸ ਏਜੰਸੀ ਵੱਲੋਂ ਭੇਜੀ ਗਈ ਮਹਿਲਾ ਤੋਂ ਲਿੰਗ ਦੀ ਜਾਂਚ ਕਰਨ ਲਈ 15000 ਰੁਪਏ ਦੇ ਦੋਸ਼ ਤੇ ਛੇਹਰਟਾ (ਅੰਮ੍ਰਿਤਸਰ) ਵਿਖੇ ਭਾਰਤ ਹਸਪਤਾਲ ਦੀ ਮਹਿਲਾ ਡਾਕਟਰ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ।ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਇਹ ਪਹਿਲਾ ਸਟਿੰਗ ਅਪਰੇਸ਼ਨ ਏਜੰਸੀ ਵੱਲੋਂ ਕੀਤਾ ਗਿਆ ਹੈ। ਇਸ ਜਾਸੂਸ ਏਜੰਸੀ ਨੂੰ ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਗੈਰ ਸਾਮਾਜਿਕ ਤੱਤਾਂ ਦੁਆਰਾ ਨਵੀਂ ਤਕਨੀਕ ਦਾ ਗਲਤ ਇਸਤੇਮਾਲ ਕਰਕੇ ਲਿੰਗ ਨਿਰਧਾਰਣ ਟੈਸਟ ਕਰਨ ਵਾਲਿਆਂ ਖਿਲਾਫ ਜਾਣਕਾਰੀ ਹਾਸਿਲ ਕਰਨ ਲਈ ਹਾਇਰ ਕੀਤੀ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰੀ ਨੇ ਦੱਸਿਆ ਕਿ ਏਜੰਸੀ ਨੇ ਇੱਕ ਮਹਿਲਾ (4ecoy) ਨੂੰ ਭਾਰਤ ਹਸਪਤਾਲ ਦੀ ਡਾ. ਸ਼ੁਪਲਾ ਸ਼ਰਮਾ ਕੋਲ ਬਿਤੇ ਦਿਨੀਂ ਭੇਜਿਆ ਅਤੇ ਕਿਹਾ ਕਿ ਉਸ ਕੋਲ ਪਹਿਲਾਂ ਹੀ 2 ਕੁੜੀਆਂ ਹਨ ਅਤੇ ਜੇਕਰ ਜਾਂਚ ਵਿੱਚ ਫਿਰ ਤੋਂ ਕੁੜੀ ਪਾਈ ਜਾਂਦੀ ਹੈ ਤਾਂ ਉਹ ਗਰਭਪਾਤ ਕਰਵਾਵੇਗੀ। ਮਹਿਲਾ ਡਾਕਟਰ ਵੱਲੋਂ ਹਾਮੀ ਭਰਨ ਤੇ ਹਸਪਤਾਲ ਨੂੰ ਪੈਸੇ ਜਮ੍ਹਾਂ ਕਰਵਾ ਦਿੱਤੇ ਗਏ।

ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਡਾਇਰੈਕਟਰ ਹੈਲਥ ਸਰਵਿਸਸ ਡਾ. ਐਚ.ਐਸ. ਬਾਲੀ ਦੀ ਸੁਪਰਵਿਜ਼ਨ ਹੇਠ ਸਿਵਲ ਸਰਜਨ ਅੰਮ੍ਰਿਤਸਰ ਨੂੰ ਉਕਤ ਮਹਿਲਾ ਮਰੀਜ ਦੇ ਨਾਲ ਹਸਪਤਾਲ ਭੇਜਿਆ ਗਿਆ, ਜਿਥੋਂ ਨਿਸ਼ਾਨ ਲੱਗੇ ਹੋਏ ਨੋਟਾਂ ਨੂੰ ਡਾਕਟਰ ਤੋਂ ਬਰਾਮਦ ਕੀਤਾ ਗਿਆ। ਸਿਵਲ ਸਰਜਨ ਦੁਆਰਾ ( ਜੋ ਕਿ ਜ਼ਿਲ੍ਹੇ ਦੇ ਪੀਸੀ-ਪੀਐਨਡੀਟੀ ਐਕਟ ਦੇ ਲਈ ਅਧਿਕਾਰਿਕ ਅਫ਼ਸਰ ਹਨ) ਨੇ ਉਕਤ ਮਹਿਲਾ ਡਾਕਟਰ ਦੇ ਖਿਲਾਫ ਪੈਸੇ  ਲੈ ਕੇ ਲਿੰਗ ਨਿਰਧਾਰਣ ਦੀ ਜਾਂਚ ਕਰਨ ਦੇ ਮਾਮਲੇ ਵਿੱਚ ਪੁਲਿਸ ਨੂੰ ਲਿਖਤ ਸ਼ਿਕਾਇਤ ਕੀਤੀ ਅਤੇ ਮਹਿਲਾ ਡਾਕਟਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਡਾ. ਸ਼ੁਪਲਾ ਸ਼ਰਮਾ ਦੇ ਖਿਲਾਫ ਪੀਸੀ-ਪੀਐਨਡੀਟੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਤੇ ਗੈਰ ਜਮਾਨਤੀ ਅਤੇ ਨਾਨ ਕੰਮਪਾਉਂਡੇਬਲ ਚਾਰਜ ਲਗਾਏ ਗਏ ਹਨ ਅਤੇ ਉਸ ਨੂੰ ਅੱਜ ਕੋਰਟ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਿੰਗ ਅਨੁਪਾਤ ਦਰ ਨੂੰ ਘਟਾਉਣ ਦੇ ਲਈ ਨਵੇਂ ਪਹਿਲਕਦਮੀ ਕੀਤੀ ਜਾ ਰਹੀ ਹੈ ਅਤੇ ਅਤੇ ਕੁੜੀਆਂ ਨੂੰ ਬਚਾਉਣ ਦੇ ਲਈ ਪੰਜਾਬ ਸਰਕਾਰ ਵੱਚਨਬੱਧ ਹੈ।

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਹਾਲ ਹੀ ਵਿੱਚ ਪੀਸੀ ਪੀ.ਐਨ.ਡੀ.ਟੀ. ਐਕਟ ਦੀ ਉਲੰਘਣਾ ਕਰਨ ਵਾਲਿਆਂ ਤੇ ਸਖ਼ਤ ਨਜ਼ਰ ਰੱਖਣ ਲਈ ਜਸੂਸੀ ਏਜੰਸੀ (ਡਿਟੈਕਟਿਵ ਏਜੰਸੀ) ਦੀਆਂ ਪੇਸ਼ੇਵਰ (ਪ੍ਰੋਫੈਸ਼ਨਲ) ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਸ ਨਵੇਂ ਉੱਦਮ ਦਾ ਉਦੇਸ਼ ਨਾਪਾਕ, ਸਮਾਜ ਵਿਰੋਧੀਆਂ ਅਨਸਰਾਂ ਅਤੇ ਮਾਦਾ ਭਰੂਣ ਹੱਤਿਆ ਕਰਨ ਵਾਲਿਆਂ ਤੇ ਸਖ਼ਤ ਨਿਗਰਾਨੀ ਰੱਖਣਾ ਹੈ। ਕੁਝ ਸਮਾਜ ਵਿਰੋਧੀ ਅਨਸਰਾਂ ਵਲੋਂ ਜਲਦੀ ਪੈਸਾ ਕਮਾਉਣ ਦੇ ਚੱਕਰ ਵਿੱਚ ਲਿੰਗ ਨਿਰਧਾਰਣ ਦੀ ਜਾਂਚ ਕਰਨ ਦੇ ਲਈ ਆਧੂਨਿਕ ਤਕਨੀਕਾਂ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਲਿੰਗ ਨਿਰਧਾਰਣ ਦੀ ਜਾਂਚ ਕਰਵਾਉਣ ਵਾਲਿਆਂ ਖਿਲਾਫ ਸ਼ਿਕੰਜਾ ਕਸਣ ਵਿੱਚ ਕਾਮਯਾਬ ਹੋਏ ਹਾਂ ਅਤੇ ਇਸ ਵਿੱਚ ਹੋਰ ਵੀ ਸੁਧਾਰ ਕੀਤੇ ਜਾਣਗੇ। ਹਾਲ ਹੀ ਵਿੱਚ ਪੀਸੀ-ਪੀਐਨਡੀਟੀ ਦੀ ਸੂਚਨਾ ਦੇਣ ਵਾਲੇ ਵਿਅਕਤੀ ਦੇ ਇਨਾਮ ਵਿੱਚ ਵਾਧਾ ਕਰਕੇ 20 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਗਿਆ ਹੈ।