5 Dariya News

ਕਿਰਪਾਲ ਸਿੰਘ ਦੇ ਪਰਿਵਾਰ ਨੂੰ ਸਰਬਜੀਤ ਸਿੰਘ ਦੇ ਪਰਿਵਾਰ ਦੇ ਬਰਾਬਰ ਰਾਹਤ ਅਤੇ ਮਦਦ ਦਿੱਤੀ ਜਾਵੇਗੀ -ਹਰਚਰਨ ਬੈਂਸ

ਨਾਨਕ ਸਿੰਘ ਦੀ ਰਿਹਾਈ ਲਈ ਸੂਬਾ ਸਰਕਾਰ ਲਗਾਤਾਰ ਭਾਰਤ ਸਰਕਾਰ ਦੇ ਸੰਪਰਕ 'ਚ

5 Dariya News

ਚੰਡੀਗੜ੍ਹ 16-Apr-2016

ਪੰਜਾਬ ਸਰਕਾਰ ਭਾਰਤ ਦੇ ਸਾਬਕਾ ਫੌਜੀ ਕਿਰਪਾਲ ਸਿੰਘ ਦੇ ਪਰਿਵਾਰ ਨੂੰ ਇਕ ਹੋਰ ਭਾਰਤੀ ਸਰਬਜੀਤ ਸਿੰਘ ਦੇ ਪਰਿਵਾਰ ਨੂੰ ਦਿੱਤੀ ਰਾਹਤ ਅਤੇ ਮਦਦ ਦੇ ਬਰਾਬਰ ਰਾਹਤ ਦੇਵੇਗੀ ਜਿਸ ਦੀ 12 ਅਪ੍ਰੈਲ ਨੂੰ ਲਾਹੌਰ ਜੇਲ੍ਹ ਵਿਚ ਮੌਤ ਹੋ ਗਈ ਹੈ ਜਿਥੇ ਕਿ ਉਹ 1992 ਤੋਂ ਕੈਦ ਵਿਚ ਸੀ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਪੰਜਾਬ ਦੇ ਮੁੱਖ ਮੰਤਰੀ ਦੇ ਰਾਸ਼ਟਰੀ ਮਾਮਲਿਆਂ ਅਤੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਨੇ ਦਸਿਆ ਕਿ  ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਇਸ ਦੁਖਦਾਈ ਘਟਨਾ ਅਤੇ ਕਿਰਪਾਲ ਸਿੰਘ ਨੂੰ ਪਾਕਿਸਤਾਨ ਦੀ ਜੇਲ੍ਹ ਵਿਚ ਸਹਿਣੀ ਪਈ ਪੀੜਾ ਤੋਂ ਬਹੁਤ ਜਿਆਦਾ ਦੁਖੀ ਹੋਏ ਹਨ। ਬਾਦਲ ਨੇ ਕਿਹਾ ਕਿ ਕਿਰਪਾਲ ਸਿੰਘ ਦੇ ਪਰਿਵਾਰ ਦੀ ਮਦਦ ਕਰਨਾ ਸੂਬਾ ਸਰਕਾਰ ਦੀ ਨੈਤਿਕ ਜਿਮੇਵਾਰੀ ਹੈ। ਸਵਰਗੀ ਕਿਰਪਾਲ ਸਿੰਘ ਦੇ ਪਰਿਵਾਰ ਨਾਲ ਇਕਮੁਠਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਸ ਸੰਕਟ ਦੀ ਘੜੀ ਪਰਿਵਾਰ ਨੂੰ ਖੁਲ੍ਹ-ਦਿਲੀ ਨਾਲ ਸਹਾਇਤਾ ਅਤੇ ਸਹਿਯੋਗ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਪਾਕਿਸਤਾਨ ਦੀ ਜੇਲ੍ਹ ਵਿਚ ਨਜ਼ਰਬੰਦ ਇਕ ਹੋਰ ਉਮਰ ਕੈਦੀ ਨਾਨਕ ਸਿੰਘ ਦੇ ਪਰਿਵਾਰ ਨੂੰ ਵੀ ਭਰੋਸਾ ਦਿਵਾਇਆ ਕਿ ਉਹ ਨਾਨਕ ਸਿੰਘ ਦੀ ਸੁਰੱਖਿਆ ਨੂੰ ਯਕੀਨੀ ਬਣਾਵੇਗੀ। ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਸ੍ਰੀ ਨਾਨਕ ਸਿੰਘ ਦੇ ਸਬੰਧ ਵਿਚ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿਚ ਹੈ ਅਤੇ ਨਾਨਕ ਸਿੰਘ ਦੀ ਰਿਹਾਈ ਲਈ ਪਾਕਿਸਤਾਨ ਉੱਤੇ ਦਬਾਅ ਬਣਾਉਣ ਲਈ ਮੰਤਰਾਲੇ ਨੂੰ ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਸੰਕਟ ਦੀ ਘੜੀ ਨਾਨਕ ਸਿੰਘ ਦੇ ਪਰਿਵਾਰ ਨਾਲ ਖੜੀ ਹੈ। ਸ. ਬਾਦਲ ਨੇ ਨਾਨਕ ਸਿੰਘ ਦੀ ਸੁਰੱਖਿਅਤ ਰਿਹਾਈ ਲਈ ਭਾਰਤ ਸਰਕਾਰ ਨੂੰ ਸਾਰੇ ਸਿਆਸੀ ਅਤੇ ਰਾਜਦੂਤਕ ਚੈਨਲ ਵਰਤੋਂ ਵਿਚ ਲਿਆਉਣ ਲਈ ਕਿਹਾ ਹੈ ਤਾਂ ਜੋ ਨਾਨਕ ਸਿੰਘ ਨੂੰ ਜੇਲ ਵਿਚੋਂ ਰਿਹਾ ਕਰਵਾਇਆ ਜਾ ਸਕੇ।