ਪੁਲਿਸ ਵਿਭਾਗ ਖਾਸ ਕਰ ਪੇਂਡੂ ਥਾਣਿਆਂ ਤੇ ਚੌਕੀਆਂ ਨੂੰ ਦਿੱਤਾ ਜਾਵੇਗਾ ਆਧੁਨਿਕ ਰੂਪ–ਡੀ.ਜੀ.ਪੀ.
ਨਸ਼ਾ ਤਸ਼ਕਰਾਂ ਅਤੇ ਜ਼ਰਾਇਮ ਪੇਸ਼ਾ ਲੋਕਾਂ ਨੂੰ ਨੱਥ ਪਾਉਣ ਲਈ ਪੇਂਡੂ ਖੇਤਰਾਂ 'ਚ ਸੁਰੂ ਹੋਣਗੇ ਰਾਤਰੀ ਨਾਕੇ, ਪੁਲਿਸ-ਜਨਤਕ ਰਾਬਤੇ ਨੂੰ ਮਜਬੂਤ ਕਰਨ ਲਈ ਪਿੰਡਾਂ 'ਚ ਕੀਤੇ ਜਾਣਗੇ ਸੈਮੀਨਾਰ
5 Dariya News
ਜਲੰਧਰ 08-Apr-2016
ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਕਿਹਾ ਕਿ ਨਸ਼ਾ ਤਸਕਰਾਂ ਅਤੇ ਜ਼ਰਾਇਮ ਪੇਸ਼ਾ ਲੋਕਾਂ 'ਤੇ ਨੱਥ ਪਾਉਣ ਲਈ ਸੂਬੇ ਅੰਦਰ ਪੁਲਿਸ ਨੈਟਵਰਕ ਨੂੰ ਮਜਬੂਤ ਕਰਨ ਲਈ ਵਿਭਾਗ ਖਾਸ ਕਰ ਪੇਂਡੂ ਖੇਤਰ ਦੇ ਪੁਲਿਸ ਥਾਣਿਆਂ ਅਤੇ ਚੌਂਕੀਆਂ ਨੂੰ ਆਧੁਨਿਕ ਰੂਪ ਦੇਣ ਲਈ ਆਮ ਬਜਟ ਨਾਲੋਂ 107 ਕਰੋੜ ਰੁਪਏ ਵਧੇਰੇ ਖਰਚ ਕੀਤੇ ਜਾ ਰਹੇ ਹਨ। ਜ਼ਿਲ੍ਹੇ ਦੇ ਪਿੰਡ ਮਲਸੀਆਂ ਅਤੇ ਦਰਿਆ ਸਤਲੁਜ ਕਿਨਾਰੇ ਦੇ ਪਿੰਡ ਬਾਊਪੁਰ ਵਿਖੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਨਤਕ ਮੀਟਿੰਗਾਂ ਦੌਰਾਨ ਸ੍ਰੀ ਅਰੋੜਾ ਨੇ ਦੱਸਿਆ ਕਿ ਪੇਂਡੂ ਥਾਣਿਆਂ ਤੇ ਪੁਲਿਸ ਚੌਕੀਆਂ ਦੇ ਮੁਹਾਂਦਰੇ ਅਤੇ ਵਰਕਿੰਗ ਨੂੰ ਆਧੁਨਿਕ ਰੂਪ ਦੇਣ ਲਈ ਖਰਚੇ ਜਾ ਰਹੇ ਇਨ੍ਹਾਂ ਫੰਡਾਂ ਨਾਲ ਗੱਡੀਆਂ,ਆਧੁਨਿਕ ਹਥਿਆਰ,ਵਾਇਰਲੈਸ ਸੈਟ, ਬੁਲਟ ਪਰੂਫ ਜੈਕਟਾਂ, ਅਲਕੋਹਲ ਚੈਕ ਕਰਨ ਵਾਲੇ ਆਧੁਨਿਕ ਯੰਤਰ ਤੇ ਹੋਰ ਸਾਜ਼ੋ ਸਮਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਪੇਂਡੂ ਖੇਤਰ ਦੇ ਥਾਣਿਆਂ ਤੇ ਚੌਕੀਆਂ ਨੂੰ 400 ਨਵੇਂ ਮੋਟਰ ਸਾਈਕਲ ਤੇ 230 ਨਵੀਆਂ ਗੱਡੀਆਂ ਜਲਦ ਦਿੱਤੀਆਂ ਜਾ ਰਹੀਆਂ ਹਨ।
ਅਰੋੜਾ ਨੇ ਦੱਸਿਆ ਕਿ ਨਸ਼ਿਆਂ ਦੀ ਬੁਰਾਈ ਨੂੰ ਮੁਕੰਮਲ ਰੂਪ ਵਿਚ ਖਤਮ ਕਰਨ ਲਈ ਪੁਲਿਸ ਪਬਲਿਕ ਰਾਬਤੇ ਦੀ ਮਜ਼ਬੂਤੀ ਖਾਤਰ ਪੇਂਡੂ ਪੱਧਰ ਤੇ ਥਾਣਿਆਂ ਦੇ ਪੱਧਰ 'ਤੇ ਜਲਦ ਸੈਮੀਨਾਰ ਸੁਰੂ ਕੀਤੇ ਜਾ ਰਹੇ ਹਨ । ਉਨ੍ਹਾਂ ਇਹ ਵੀ ਦੱਸਿਆ ਕਿ ਬੀਤੇ ਦਿਨੀ ਮੋਗਾ ਤੇ ਫਰੀਦਕੋਟ ਤੋਂ ਉਨ੍ਹਾਂ ਵਲੋਂ ਨਸ਼ਾ ਵਿਰੋਧੀ ਮੁਹਿੰਮ ਸੁਰੂ ਕੀਤੀ ਗਈ ਹੈ ਜਿਸ ਤਹਿਤ ਕਰੀਬ ਤਿੰਨ ਮਹੀਨਿਆਂ ਦੇ ਵਿਚ-ਵਿਚ ਸੂਬੇ ਦੇ ਸਾਰੇ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ। ਪੰਜਾਬ ਪੁਲਿਸ ਮੁੱਖੀ ਨੇ ਇਹ ਵੀ ਦੱਸਿਆ ਕਿ ਜਲਦ ਹੀ ਵਿਭਾਗ ਵਿਚ 6000 ਮੁਲਾਜ਼ਮ ਭਰਤੀ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚੋਂ 4000 ਪੁਰਸ ਤੇ 2000 ਮਹਿਲਾ ਮੁਲਾਜ਼ਮ ਹੋਣਗੇ। ਪਿੰਡ ਵਾਸੀਆਂ ਵਲੋਂ ਦਿੱਤੇ ਸੁਝਾਅ 'ਤੇ ਸ੍ਰੀ ਅਰੋੜਾ ਨੇ ਕਿਹਾ ਕਿ ਵਿਭਾਗ ਵਲੋਂ ਜਲਦ ਹੀ ਮੁੱਖ ਮਾਰਗਾਂ ਦੇ ਨਾਲ ਨਾਲ ਪਿੰਡਾਂ ਦੇ ਅੰਦਰੂਨੀ ਰਸਤਿਆਂ 'ਤੇ ਰਾਤਰੀ ਨਾਕੇ ਸੁਰੂ ਕੀਤੇ ਜਾਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਿਆਂ ਦੀ ਬੁਰਾਈ ਦੇ ਖਾਤਮੇ ਲਈ ਪੰਜਾਬ ਸਰਕਾਰ ਵਲੋਂ 181 ਹੈਲਪ ਲਾਈਨ ਸੁਰੂ ਕੀਤੀ ਗਈ ਹੈ ਜਿਸ 'ਤੇ ਲੋਕਾਂ ਵਲੋਂ ਸੂਚਨਾ ਦੇਣੀ ਸੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ । ਮੀਟਿੰਗ ਦੌਰਾਨ ਪਿੰਡ ਵਾਲਿਆਂ ਵਲੋਂ ਨਸ਼ੇੜੀਆਂ ਵਲੋਂ ਵਰਤੀਆਂ ਜਾ ਰਹੀਆਂ ਉਜਾੜ ਇਮਾਰਤਾਂ ਦੀ ਵਰਤੋਂ ਨੂੰ ਰੋਕਣ ਸਬੰਧੀ ਦਿੱਤੇ ਸੁਝਾਅ ਬਾਰੇ ਸੂਬਾ ਪੁਲਿਸ ਮੁੱਖੀ ਨੇ ਕਿਹਾ ਕਿ ਅਜਿਹੀਆਂ ਥਾਵਾਂ 'ਤੇ ਲਗਾਤਾਰ ਨਜ਼ਰਸਾਨੀ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਆਈ.ਜੀ.-ਕਮ-ਡਾਇਰੈਕਟਰ ਐਂਟੀ ਨਾਰਕੋਟਿਕ ਸੈਲ ਪੰਜਾਬ ਸ੍ਰੀ ਈਸ਼ਵਰ ਸਿੰਘ,ਪੁਲਿਸ ਮੁੱਖੀ ਜਲੰਧਰ ਦਿਹਾਤੀ ਹਰਮੋਹਨ ਸਿੰਘ,ਡੀ.ਐਸ.ਪੀ.ਬਲਕਾਰ ਸਿੰਘ , ਸ੍ਰੀ ਮਨਦੀਪ ਸਿੰਘ ਡੀ.ਐਸ.ਪੀ.(ਡੀ), ਸ੍ਰੀ ਰਵਿੰਦਰਪਾਲ ਸਿੰਘ ਢਿਲੋਂ ਡੀ.ਐਸ.ਪੀ.ਸ਼ਾਹਕੋਟ, ਪਿੰਡ ਮਲਸੀਆਂ ਤੋਂ ਸਰਪੰਚ ਜਗੀਰ ਸਿੰਘ ਤੇ ਪਿੰਡ ਬਾਊਪੁਰ ਤੋਂ ਸਰਪੰਚ ਸ੍ਰ.ਫੌਜਾ ਸਿੰਘ ਤੇ ਹੋਰ ਹਾਜ਼ਰ ਸਨ।