ਪੰਚਾਇਤੀ ਰਾਜ ਸੰਸਥਾਵਾਂ ਦੀਆਂ ਸੂਬਾ ਪੱਧਰੀ ਖੇਡਾਂ 2 ਤੇ 3 ਅਪ੍ਰੈਲ ਨੂੰ
ਰਾਮਪੁਰਾ ਫੂਲ ਦੇ ਸਟੇਡੀਅਮ ਵਿੱਚ ਹੋਣਗੇ ਮੁਕਾਬਲੇ, ਖਿਡਾਰੀਆਂ ਨੂੰ ਦਿੱਤੇ ਜਾਣਗੇ ਲੱਖਾਂ ਰੁਪਏ ਦੇ ਨਕਦ ਇਨਾਮ
5 Dariya News
ਚੰਡੀਗੜ੍ਹ 30-Mar-2016
ਪੰਚਾਇਤੀ ਰਾਜ ਸੰਸਥਾਵਾਂ ਦਾ ਸੂਬਾ ਪੱਧਰੀ ਖੇਡ ਮੇਲਾ 2 ਅਤੇ 3 ਅਪ੍ਰੈਲ ਨੂੰ ਜ਼ਿਲ੍ਹਾ ਬਠਿੰਡਾ ਦੇ ਸ਼ਹਿਰ ਰਾਮਪੁਰਾ ਫੂਲ ਦੀ ਮਾਲ ਮੰਡੀ ਨੇੜੇ ਖੇਡ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਐਲਾਨ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੀਤਾ ਹੈ।ਮਲੂਕਾ ਨੇ ਸੂਬਾ ਪੱਧਰ ਦੀਆਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਮੁੱਖ ਤੌਰ 'ਤੇ ਕਬੱਡੀ, ਵਾਲੀਬਾਲ, ਰੱਸਾਕਸ਼ੀ, ਗੋਲਾ ਸੁੱਟਣ ਅਤੇ ਦੌੜਾਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਮਰਦ ਅਤੇ ਔਰਤਾਂ ਲਈ ਵੱਖਰੇ-ਵੱਖਰੇ ਵਰਗ ਬਣਾਏ ਗਏ ਹਨ। ਇਸੇ ਤਰ੍ਹਾਂ ਪੰਚਾਇਤਾਂ ਦੇ ਚੁਣੇ ਗਏ ਨੁਮਾਇੰਦਿਆਂ ਦੇ ਮੁਕਾਬਲੇ ਵੀ ਅਲੱਗ ਵਰਗ ਵਿੱਚ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਨਾਲ ਪਿੰਡਾਂ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ ਅਤੇ ਨੌਜਵਾਨ ਉਸਾਰੂ ਰੁਚੀਆਂ ਵੱਲ ਪ੍ਰੇਰਿਤ ਹੋਣਗੇ। ਜ਼ਿਕਰਯੋਗ ਹੈ ਕਿ 20 ਸਾਲ ਬਾਅਦ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਪੇਂਡੂ ਖੇਡਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਤਹਿਤ ਵਿਭਾਗ ਵੱਲੋਂ ਫਰਵਰੀ ਤੇ ਮਾਰਚ ਮਹੀਨਿਆਂ ਦੌਰਾਨ ਰਾਜ ਦੇ ਸਾਰੇ ਬਲਾਕਾਂ ਅਤੇ ਜ਼ਿਲ੍ਹਿਆਂ ਅੰਦਰ ਖੇਡ ਮੁਕਾਬਲੇ ਕਰਵਾਏ ਗਏ ਹਨ। ਜ਼ਿਲ੍ਹਿਆਂ ਦੀਆਂ ਟੀਮਾਂ ਦੇ ਆਧਾਰ 'ਤੇ ਹੁਣ ਰਾਮਪੁਰਾ ਫੂਲ ਦੇ ਸਟੇਡੀਅਮ ਵਿੱਚ ਸੂਬਾਈ ਖੇਡ ਮੇਲਾ ਹੋ ਰਿਹਾ ਹੈ।
ਜ਼ਿਲ੍ਹਾ ਪੱਧਰ ਦੀਆਂ ਟੀਮਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਅਗਵਾਈ ਹੇਠ ਬਣੀ ਕਮੇਟੀ ਦੀ ਪ੍ਰਵਾਨਗੀ ਨਾਲ ਆਉਣਗੀਆਂ। ਇਨ੍ਹਾਂ ਸੂਬਾ ਪੱਧਰੀ ਖੇਡਾਂ ਦੇ ਪਹਿਲੇ ਦਿਨ 2 ਅਪ੍ਰੈਲ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਕੱਤਰ ਸ. ਦੀਪਇੰਦਰ ਸਿੰਘ ਆਈ.ਏ.ਐਸ. ਸਮਾਗਮ ਦਾ ਉਦਘਾਟਨ ਕਰਨਗੇ, ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਸ. ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਕੀਤੀ ਜਾਵੇਗੀ। ਖੇਡਾਂ ਦੇ ਸਮਾਪਤੀ ਸਮਾਗਮ ਮੌਕੇ 3 ਅਪ੍ਰੈਲ ਨੂੰ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਜੇਤੂ ਖਿਡਾਰੀਆਂ ਅਤੇ ਟੀਮਾਂ ਨੂੰ ਇਨਾਮਾਂ ਨਾਲ ਨਿਵਾਜਣਗੇ। ਸੂਬਾ ਪੱਧਰੀ ਇਨਾਮ ਵੰਡ ਸਮਾਗਮ ਮੌਕੇ ਮਰਦਾਂ ਅਤੇ ਔਰਤਾਂ ਦੀਆਂ ਕਬੱਡੀ, ਵਾਲੀਬਾਲ ਅਤੇ ਰੱਸਾਕਸ਼ੀ ਦੀਆਂ ਜੇਤੂ ਟੀਮਾਂ ਨੂੰ 51 ਹਜ਼ਾਰ ਤੋਂ ਲੈ ਕੇ ਇੱਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ ਦੂਜੀਆਂ ਖੇਡਾਂ ਲਈ ਵੀ ਦਿਲ ਖਿੱਚਵੇਂ ਇਨਾਮ ਦਿੱਤੇ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਪੰਚਾਇਤ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ/ ਪੰਚਾਇਤ ਸਮਿਤੀਆਂ ਦੇ ਨੁਮਾਇੰਦਿਆਂ ਦੇ ਨਾਲ-ਨਾਲ ਪਿੰਡਾਂ ਦੇ ਗਭਰੂਆਂ ਅਤੇ ਮੁਟਿਆਰਾਂ ਵੱਲੋਂ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ।