5 Dariya News

ਤਰਕਸ਼ੀਲ ਦ੍ਰਿਸ਼ਟੀਕੋਣ ਨੂੰ ਸਕੂਲਾਂ ਵਿੱਚ ਵਿਸ਼ੇ ਵਜੋਂ ਪੜਾਉਣ ਦੀ ਮੰਗ ਉਠੀ

ਬਦਲੀਆਂ ਮੇਰੀ ਆਵਾਜ ਬੰਦ ਨਹੀਂ ਕਰ ਸਕਦੀਆਂ-ਡਾ. ਮੁਲਤਾਨੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 27-Mar-2016

ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਵੱਲੋਂ ਚੌਵੀ ਗੁਣਾ ਸੱਤ ਫਿਟਨੈਸ ਸੈਂਟਰ ਅਤੇ ਮਾਵੀ ਪ੍ਰਾਪਰਟੀ ਦੇ ਸਹਿਯੋਗ ਨਾਲ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਤਰਕਸ਼ੀਲ ਨਾਟਕ ਮੇਲਾ ਮੁਹਾਲੀ ਦੇ ਸੈਕਟਰ 66 ਵਿਖੇ ਕਰਵਾਇਆ ਗਿਆ। ਇਸ ਮੌਕੇ ਨਾਟਕਾਂ, ਕੋਰਿਓਗ੍ਰਾਫੀਆਂ ਅਤੇ ਤਕਰੀਰਾਂ ਰਾਹੀਂ ਲੋਕਾਂ ਨੂੰ ਅੰਧਵਿਸ਼ਵਾਸ਼ਾਂ ਚੋਂ ਕੱਢਣ ਦਾ ਯਤਨ ਕੀਤਾ ਗਿਆ। ਮੇਲੇ ਵਿੱਚ ਤਰਕਸ਼ੀਲਤਾ ਨੂੰ ਸਿਲੇਬਸ ਵਿੱਚ ਵਿਸ਼ੇ ਵਜੋਂ ਪੜਾਉਣ ਦੀ ਮੰਗ ਵੀ ਉੱਠੀ। ਤਰਕਸ਼ੀਲ ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਪੜਾਈ ਵਿਦਿਆਰਥੀਆਂ ਨੂੰ ਅੰਧਵਿਸ਼ਵਾਸ਼ਾਂ ਵਿੱਚੋਂ ਕੱਢਣ ਵਿੱਚ ਸਫਲ ਨਹੀਂ ਹੋ ਸਕੀ। ਵਿਦਿਆਰਥੀਆਂ ਨੂੰ ਮੰਡੀ ਦਾ ਮਾਲ ਬਣਾਉਣ ਲਈ ਹੀ ਪੜਾਇਆ ਜਾ ਰਿਹਾ ਹੈ ਪਰੰਤੂ ਉਹਨਾਂ ਵਿੱਚ ਵਿਗਿਆਨਿਕ ਸੋਚ ਦਾ ਵਿਕਾਸ ਨਹੀਂ ਹੋ ਰਿਹਾ। ਸਿੱਟਾ ਇਹ ਹੈ ਕਿ ਦੇਸ਼ ਦੇ ਪੜੇ-ਲਿਖੇ ਲੋਕ ਕ੍ਰੈਡਿਟ-ਡੈਬਿਟ ਕਾਰਡਾਂ ਰਾਹੀਂ ਸ਼ਨੀ ਕਵਚ ਖਰੀਦ ਰਹੇ ਹਨ ਅਤੇ ਦੁੱਖ ਦੂਰ ਕਰਨ ਲਈ ਨਗਾਂ ਵਾਲੀਆਂ ਮੁੰਦਰੀਆਂ ਪਾਉਂਦੇ ਹਨ। ਇਸ ਲਈ ਵਿਗਿਆਨਿਕ ਦ੍ਰਿਸ਼ਟੀਕੋਣ ਨੂੰ ਸਕੂਲਾਂ ਵਿੱਚ ਵਿਸ਼ੇ ਵਜੋਂ ਪੜਾਉਣਾ ਬਹੁਤ ਜਰੂਰੀ ਹੈ। 

ਇਸ ਤੋਂ ਪਹਿਲਾਂ ਅੱਖਾਂ ਤੇ ਪੱਟੀ ਬੰਨ ਕੇ ਸੈਕਟਰ 66 ਦੀਆਂ ਗਲੀਆਂ ਵਿੱਚ ਮੋਟਰਸਾਈਕਲ ਚਲਾ ਕੇ ਨਾਟਕ ਮੇਲੇ ਦੀ ਸ਼ੁਰੂਆਤ ਕੀਤੀ ਗਈ। ਮੇਲੇ ਦੀ ਖਾਸੀਅਤ ਇਹ ਸੀ ਕਿ ਲੋਕ ਪਰਿਵਾਰਾਂ ਸਮੇਤ ਪੁੱਜੇ ਅਤੇ ਨਾਟਕਾਂ ਦਾ ਆਨੰਦ ਮਾਣਿਆ। ਨਸ਼ਿਆਂ ਚ ਗ੍ਰਸੇ ਪਰਿਵਾਰਾਂ ਦੀ ਦਾਸਤਾਂ ਬਿਆਨ ਕਰਦੇ ਨਾਟਕ 'ਮਿੱਟੀ ਰੁਦਨ ਕਰੇ' ਨੇ ਮਾਹੌਲ ਨੂੰ ਜਿੱਥੇ ਭਾਵੁਕ ਕੀਤਾ, ਉਥੇ ਨਾਟਕ ਨੂੰ ਦੇਖਣ ਸਮੇਂ ਕਈ ਔਰਤਾਂ ਦੀਆਂ ਅੱਖਾਂ ਨਮ ਵੀ ਹੋਈਆਂ। ਮੇਲੇ ਦੌਰਾਨ ਸ਼ਹੀਦਾਂ ਦੇ ਸ਼ਹੀਦੀ ਸਮਾਗਮਾਂ ਤੇ ਸਿਆਸਤਦਾਨਾਂ ਦੇ ਢਕਵੰਜ ਨੂੰ ਦਰਸਾਉਂਦਾ ਨਾਟਕ 'ਬੁੱਤ ਜਾਗ ਪਿਆ' ਖੇਡਿਆ ਗਿਆ। ਮੁੱਖ ਮਹਿਮਾਨ ਵਜੋਂ ਪੁੱਜੇ ਸੀਨੀਅਰ ਮੈਡੀਕਲ ਅਫਸਰ ਡਾ. ਦਲੇਰ ਸਿੰਘ ਮੁਲਤਾਨੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ, ਨੌਜਵਾਨਾਂ ਨੂੰ ਨਸ਼ਿਆਂ ਚੋਂ ਕੱਢਣ ਲਈ ਸੁਹਿਰਦ ਨਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਨਸ਼ਾ ਮੁਕਤੀ ਕੇਂਦਰ ਤਾਂ ਖੋਲ੍ਰ ਦਿੱਤੇ ਹਨ ਪਰ ਇਹਨਾਂ ਕੇਂਦਰਾਂ ਵਿੱਚ ਲਾਉਣ ਲਈ ਸਰਕਾਰ ਕੋਲ ਮਨੋਵਿਗਿਆਨ ਦੇ ਡਾਕਟਰ ਨਹੀਂ ਹਨ। ਡਾ ਮੁਲਤਾਨੀ ਨੇ ਕਿਹਾ ਕਿ ਸਰਕਾਰ ਵੱਲੋਂ ਮੇਰੀਆਂ ਵਾਰ-ਵਾਰ ਕੀਤੀਆਂ ਬਦਲੀਆਂ ਮੇਰੀ ਆਵਾਜ ਬੰਦ ਨਹੀ ਕਰ ਸਕਦੀਆਂ। ਸੁਸਾਇਟੀ ਨੇ ਉਹਨਾਂ ਨੂੰ ਚੰਗੇ ਕੰਮ ਬਦਲੇ ਸਨਮਾਨਿਤ ਵੀ ਕੀਤਾ। ਮੇਲੇ ਦੌਰਾਨ ਤਰਕਸ਼ੀਲਾਂ ਦੀ ਟੀਮ ਨੇ ਗਰਮ ਸੰਗਲਾਂ ਨੂੰ ਹੱਥਾਂ ਨਾਲ ਠੰਢਾ ਕਰਨ ਦੇ ਹੈਰਾਨੀਜਨਕ ਜਾਦੂ ਦੇ ਟਰਿੱਕ ਵੀ ਦਿਖਾਏ ਅਤੇ ਪੁਸਤਕ ਪ੍ਰਦਰਸ਼ਨੀ ਰਾਹੀਂ ਲੋਕਾਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਵੀ ਕੀਤਾ।