5 Dariya News

ਗਰਮ ਸੰਗਲਾਂ ਨੂੰ ਹੱਥਾਂ ਨਾਲ ਠੰਢਾ ਕਰਕੇ ਹੋਵੇਗੀ ਨਾਟਕ ਮੇਲੇ ਦੀ ਸ਼ੁਰੂਆਤ

ਤਰਕਸ਼ੀਲ ਨਾਟਕ ਮੇਲਾ 26 ਨੂੰ, ਨਾਟਕਾਂ, ਕੋਰਿਓਗ੍ਰਾਫੀਆਂ ਨਾਲ ਹੋਵੇਗਾ ਵਿਗਿਆਨਿਕ ਦ੍ਰਿਸ਼ਟੀਕੋਣ ਦਾ ਪ੍ਰਚਾਰ

5 Dariya News

ਐਸ.ਏ.ਐਸ. ਨਗਰ (ਮੁਹਾਲੀ) 25-Mar-2016

ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੁਹਾਲੀ ਵੱਲੋਂ 26 ਮਾਰਚ ਨੂੰ ਸੈਕਟਰ-66 ਦੀ ਬੂਥ ਮਾਰਕੀਟ ਵਿਖੇ ਤਰਕਸ਼ੀਲ ਨਾਟਕ ਮੇਲਾ ਕਰਵਾਇਆ ਜਾਵੇਗਾ ਜਿਸ ਵਿੱਚ ਨਾਟਕ ਖੇਡੇ ਜਾਣਗੇ, ਜਾਦੂ ਦੇ ਟਰਿੱਕਾਂ ਅਤੇ ਕੋਰਿਓਗ੍ਰਾਫੀਆਂ ਨਾਲ ਲੋਕਾਂ ਨੂੰ ਵਿਗਿਆਨਿਕ ਸੋਚ ਅਪਨਾਉਣ ਦਾ ਸੱਦਾ ਦਿੱਤਾ ਜਾਵੇਗਾ। ਇਸ ਸੰਬੰਧੀ ਗੱਲਬਾਤ ਕਰਦਿਆਂ ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਕਿਹਾ ਕਿ ਨਾਟਕ ਮੇਲੇ ਦੀ ਸ਼ੁਰੂਆਤ ਗਰਮ ਸੰਗਲਾਂ ਨੂੰ ਹੱਥਾਂ ਨਾਲ ਠੰਢੇ ਕਰਕੇ ਅਤੇ ਅੱਖਾਂ ਤੇ ਪੱਟੀ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਨਾਲ ਕੀਤੀ ਜਾਵੇਗੀ। ਇਸ ਉਪਰੰਤ ਚੰਡੀਗੜ੍ਹ ਸਕੂਲ ਆਫ ਡਰਾਮਾ ਦੇ ਕਲਾਕਾਰ ਮਿੱਟੀ ਰੁਦਨ ਕਰੇ, ਪੰਡਿਤ ਬਲਾਕੀ ਰਾਮ ਆਦਿ ਨਾਟਕਾਂ ਦਾ ਮੰਚਨ ਕਰਨਗੇ। ਉਹਨਾਂ ਕਿਹਾ ਕਿ ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸੀਨੀਅਰ ਮੈਡੀਕਲ ਅਫਸਰ ਡਾ. ਦਲੇਰ ਸਿੰਘ ਮੁਲਤਾਨੀ ਪੁੱਜ ਰਹੇ ਹਨ। ਉਹਨਾਂ ਕਿਹਾ ਕਿ ਇਹ ਮੇਲਾ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸ਼ਹੀਦਾਂ ਦੀ ਸੋਚ ਨੂੰ ਸਮਰਪਿਤ ਹੋਵੇਗਾ ਜਿਹਨਾਂ ਨੇ ਦੇਸ਼ ਦੇ ਲੋਕਾਂ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਹ ਮੇਲਾ ਸ਼ਾਮੀ 7 ਵਜੇ ਤੋ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲੇਗਾ। ਇਸ ਮੇਲੇ ਵਿੱਚ ਪੁਸਤਕ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਹੋਵੇਗੀ।