5 Dariya News

ਗੁਰੂ ਕੀ ਨਗਰੀ ਦੇ ਵਾਲਡ ਸਿਟੀ ਅੰਦਰਲੇ ਹੋਟਲ ਮਾਲਕਾਂ ਲਈ ਵੱਡੀ ਰਾਹਤ -ਅਨਿਲ ਜੋਸ਼ੀ

5 Dariya News

ਚੰਡੀਗੜ੍ਹ 22-Mar-2016

ਇਤਿਹਾਸਿਕ ਸ਼ਹਿਰ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ 400 ਸਾਲ ਪਹਿਲਾਂ ਵਸਾਇਆ ਗਿਆ ਸੀ। ਇਸ ਉਪਰੰਤ ਵਾਲਡ ਸਿਟੀ ਵਿੱਚ ਕਈ ਥਾਵਾਂ ਤੇ ਜਾਇਦਾਦਾਂ ਤੇ ਹੋਟਲਾਂ ਦੀ ਉਸਾਰੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਹੋਟਲਾਂ ਦੇ ਹਿੱਤਾਂ ਦੇ ਖਿਲਾਫ ਇਨ੍ਹਾਂ ਨੂੰ ਢਾਹੁਣ ਬਾਰੇ ਕਾਰਵਾਈ ਹੁੰਦੀ ਰਹੀ।ਅੱਜ ਵਿਧਾਨ ਸਭਾ ਵਿੱਚ ਅੰਮ੍ਰਿਤਸਰ ਵਾਲਡ ਸਿਟੀ ਬਿੱਲ 2016 ਪਾਸ ਕਰਵਾਉਣ ਉਪਰੰਤ ਪੂਰਾ ਹੋ ਗਿਆ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਸਥਾਨਕ ਸਰਕਾਰ ਮੰਤਰੀ ਅਨਿਲ ਜੋਸ਼ੀ ਨੇ ਦੱਸਿਆ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਲੱਗਭੱਗ 125 ਹੋਟਲ ਮਾਲਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਅਤੇ ਇਹ ਹੋਟਲ ਹੁਣ ਢਾਹੇ ਨਹੀਂ ਜਾਣਗੇ ਅਤੇ ਇਨ੍ਹਾਂ ਦੀਆਂ ਬਿਲਡਿੰਗਾਂ ਦੀਆਂ ਵਾਇਓਲੇਸ਼ਨਾਂ ਨੂੰ ਇਕ-ਮੁਸਤ ਮਾਨਤਾ ਤੇ ਜਿਸ ਤਰ੍ਹਾਂ ਹਨ, ਦੇ ਆਧਾਰ ਤੇ ਇਸ ਇਲਾਕੇ ਦੀ ਵਿਲੱਖਣਤਾ ਦੀ ਹੋਂਦ ਨੂੰ ਵੇਖਦਿਆਂ ਹੋਇਆਂ ਰੈਗੂਲਰ ਕਰ ਦਿੱਤਾ ਜਾਵੇਗਾ।

ਉਨਾ ਦੱਸਿਆ ਕਿ ਇਸ ਗੁਰੂ ਦੀ ਨਗਰੀ ਵਿੱਚ ਦੇਸ਼-ਵਿਦੇਸ਼ ਵਿੱਚੋਂ ਲੋਕ ਵੀ ਇਨ੍ਹਾਂ ਹੋਟਲਾਂ ਜੋ ਕਿ ਬਹੁਤੇ ਮਹਿੰਗੇ ਨਹੀਂ ਹਨ, ਵਿੱਚ ਹੀ ਰਹਿਣਾ ਪਸੰਦ ਕਰਦੇ ਹਨ ਕਿਉਂ ਜੋ ਇਹ ਸ੍ਰੀ ਦਰਬਾਰ ਸਾਹਿਬ ਦੇ ਨੇੜਲੇ ਇਲਾਕੇ ਜਿਵੇਂ ਕਿ ਹਾਲ ਗੇਟ, ਰਾਮ ਬਾਗ, ਮਹਾਂ ਸਿੰਘ ਗੇਟ, ਸ਼ੇਰਾਂਵਾਲਾ ਗੇਟ, ਘੀ ਮੰਡੀ ਗੇਟ, ਸੁਲਤਾਨਵਿੰਡ ਗੇਟ, ਚਾਟੀਵਿੰਡ ਗੇਟ ਅਤੇ ਹਾਥੀ ਗੇਟ ਆਦਿ-ਆਦਿ ਦੇ ਇਲਾਕੇ ਵਿੱਚ ਪੈਂਦੇ ਹਨ ਅਤੇ ਬਾਹਰਲੇ ਪਾਸਿਉਂ ਸਰਕੂਲਰ ਰੋਡ ਨਾਲ ਘਿਰੇ ਹੋਏ ਹਨ। ਇਸ ਸਬੰਧ ਵਿੱਚ ਸਬੰਧਤ ਵਿਭਾਗਾਂ ਤੋਂ ਵੀ ਲੋੜੀਂਦੀ ਕਲੀਅਰੈਂਸ ਲੈਣੀ ਪਵੇਗੀ। ਇਹ ਬਿੱਲ ਨੋਟੀਫਾਈ ਹੋਣ ਤੋਂ ਬਾਅਦ ਤੁਰੰਤ ਲਾਗੂ ਹੋ ਜਾਵੇਗਾ ਅਤੇ ਸਮਰੱਥ ਅਥਾਰਿਟੀ ਵੱਲੋਂ ਬਿੱਲ ਦੀ ਨੋਟੀਫਿਕੇਸ਼ਨ ਦੀ ਮਿਤੀ ਦੇ ਇੱਕ ਸਾਲ ਦੇ ਅੰਦਰ-ਅੰਦਰ ਇਸ ਸਬੰਧੀ ਕਾਰਵਾਈ ਮੁਕੰਮਲ ਕੀਤੀ ਜਾਵੇਗੀ। ਅਜਿਹੀਆਂ ਇਮਾਰਤਾਂ ਦੀ ਵਰਤੋਂ ਜਿਨ੍ਹਾਂ ਵਿੱਚ ਪਬਲਿਕ ਅਤੇ ਪ੍ਰਾਈਵੇਟ ਲੈਂਡ ਤੇ ਕੋਈ ਇੰਨਕਰੋਚਮੈਂਟ ਹੋਵੋਗੀ, ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ।