5 Dariya News

ਪੰਜਾਬ ਦਾ ਬਜਟ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਵੇਗਾ: ਪਰਮਿੰਦਰ ਸਿੰਘ ਢੀਂਡਸਾ

5 Dariya News

ਚੰਡੀਗੜ 18-Mar-2016

ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸਾਲ 2016-2017 ਲਈ ਪੇਸ਼ ਕੀਤਾ ਗਿਆ ਬਜਟ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇਵੇਗਾ ਅਤੇ ਸੂਬਾ ਸਮੁੱਚੇ ਖੇਤਰਾਂ ਵਿੱਚ ਤਰੱਕੀ ਦੀਆਂ ਨਵੀਂਆਂ ਬੁਲੰਦੀਆਂ ਨੂੰ ਛੂਹੇਗਾ।ਅੱਜ ਬਜਟ ਅਨੁਮਾਨਾਂ ਸਬੰਧੀ ਆਮ ਬਹਿਸ ਨੂੰ ਸਮੇਟਦਿਆਂ ਵਿੱਤ ਮੰਤਰੀ ਸ. ਢੀਂਡਸਾ ਨੇ ਕਿਹਾ ਕਿ ਵਿਰੋਧੀ ਧਿਰ ਵਲੋਂ ਬਜਟ ਤਜਵੀਜ਼ਾਂ ਸਬੰਧੀ ਪ੍ਰਗਟਾਏ ਖ਼ਦਸ਼ੇ ਸਚਾਈ ਤੋਂ ਕੋਹਾਂ ਦੂਰ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਸੂਬੇ ਦੇ ਸਰਵਪੱਖੀ ਵਿਕਾਸ ਵਿਚ ਹੋਰ ਤੇਜ਼ੀ ਆਵੇਗੀ। ਉਨ੍ਹਾਂ ਨੇ ਵਿੱਤ ਮੰਤਰੀ ਦਾ ਜਿੰਮੇਵਾਰੀ ਵਾਲਾ ਤੇ ਅਹਿਮ ਵਿਭਾਗ ਦਾ ਕਾਰਜ ਸੌਂਪਣ ਲਈ ਸੂਬੇ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।ਸ. ਢੀਂਡਸਾ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵਲੋਂ ਦੇਸ਼ ਲਈ ਅਨਾਜ ਭੰਡਾਰ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੇ ਫਸਲ ਖਰਾਬ ਲਈ 800 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ, ਜਿਨ੍ਹਾ ਵਿੱਚ ਫ਼ਰਵਰੀ, ਮਾਰਚ ਅਤੇ ਅਪਰੈਲ, 2015 ਦੌਰਾਨ 112 ਕਰੋੜ ਰੁਪਏ ਮੀਂਹ ਨਾਲ ਖਰਾਬ ਹੋਈ ਫਸਲ ਲਈ, 670 ਕਰੋੜ ਰੁਪਏ ਕਾਟਨ ਦੀ ਫਸਲ ਖ਼ਰਾਬੀ ਲਈ ਅਤੇ ਪਿਛਲੇ ਮੌਨਸੂਨ ਦੌਰਾਨ ਹੜ੍ਹਾਂ ਜਾਂ ਗੜ੍ਹਿਆਂ ਨਾਲ ਖਰਾਬ ਹੋਈ ਫਸਲ ਲਈ 54 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ ਤਾਂ ਜੋ ਸੂਬੇ ਦੇ ਕਿਸਾਨਾਂ ਨੂੰ ਪਏ ਘਾਟੇ ਨੂੰ ਘਟਾਇਆ ਜਾ ਸਕੇ।

ਵਿੱਤ ਮੰਤਰੀ ਨੇ ਆਪਣੇ ਵਲੋਂ ਪੇਸ਼ ਕੀਤੇ ਬਜਟ ਨੂੰ ਵਿਕਾਸਮੁਖੀ, ਭਵਿੱਖਮੁਖੀ ਅਤੇ ਸਮਾਜ ਦੇ ਸਾਰੇ ਖੇਤਰਾਂ ਦੇ ਤਰੱਕੀ ਦਾ ਸੂਚਕ ਗਰਦਾਨਦਿਆਂ ਕਿਹਾ ਕਿ ਅਗੇਤੇ ਅਨੁਮਾਨਾਂ ਅਨੁਸਾਰ ਸਥਿਰ ਕੀਮਤਾਂ 'ਤੇ ਸੂਬੇ ਦੀ ਵਿਕਾਸ ਦਰ ਪਿਛਲੇ ਸਾਲ ਦੀ 4.92 ਫੀਸਦ ਦੇ ਮੁਕਾਬਲੇ ਚਾਲੂ ਮਾਲੀ ਸਾਲ 2016-17 ਦੌਰਾਨ 5.96 ਫੀਸਦ ਹੋਣ ਜਾਣ ਦੀ ਸੰਭਾਵਨਾ ਹੈ। ਵਿੱਤ ਮੰਤਰੀ ਨੇ ਵੱਖ-ਵੱਖ ਵਿਕਾਸ ਅਤੇ ਭਲਾਈ ਸਕੀਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਸੂਬੇ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਸਾਲ 2007 ਦੌਰਾਨ ਕਾਰਜਭਾਰ ਸੰÎਭਾਲਿਆ ਤਾਂ ਉਦੋਂ ਸੂਬੇ ਦਾ ਕੁੱਲ ਘਰੇਲੂ ਉਤਪਾਦ 1 ਲੱਖ, 27 ਹਜ਼ਾਰ 123 ਰੁਪਏ ਸੀ ਜਦਕਿ ਸਾਲ 2015-2016 ਤੱਕ ਇਹ ਵਧ ਕੇ 4 ਲੱਖ 8 ਹਜ਼ਾਰ 815 ਰੁਪਏ ਹੋ ਚੁੱਕਾ ਹੈ। ਉਨ੍ਹਾਂ ਉਮੀਦ ਜਤਾਈ ਕਿ ਚਾਲੂ ਵਿੱਤੀ ਵਰ੍ਹੇ ਦੌਰਾਨ ਇਹ 4 ਲੱਖ 54 ਹਜ਼ਾਰ 398 ਰੁਪਏ ਹੋ ਜਾਵੇਗਾ।ਸ. ਢੀਂਡਸਾ ਨੇ ਬਜਟ ਸਬੰਧੀ ਉਸਾਰੂ ਸੁਝਾਅ ਦੇਣ ਲਈ ਵਿਧਾਨ ਸਭਾ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਜਟ ਅਨੁਮਾਨਾਂ 'ਚ ਸੁਝਾਈਆਂ ਗਈਆਂ ਸੋਧਾਂ ਨੂੰ ਸ਼ਾਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਜਟ 'ਚ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ 1.65 ਲੱਖ ਨਵੇਂ ਟਿਊਬਵੈੱਲ ਕੁਨੈਕਸ਼ਨ ਦੇਣ ਦਾ ਪ੍ਰਬੰਧ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਬਜਟ 'ਚ 'ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ' ਅਧੀਨ ਸੂਬੇ ਦੇ ਕਰੀਬ 11 ਲੱਖ ਕਿਸਾਨਾਂ ਨੂੰ ਬੀਮਾ ਮੁਹੱਈਆ ਕਰਵਾਉਣ ਅਤੇ ਮੋਹਾਲੀ ਵਿਚ ਕਿਸਾਨ ਵਿਕਾਸ ਚੈਂਬਰ ਦੀ ਸਥਾਪਤੀ ਨਾਲ ਕਿਸਾਨ ਵਰਗ ਨੂੰ ਵੱਡਾ ਲਾਹਾ ਮਿਲੇਗਾ। ਵਿੱਤ ਮੰਤਰੀ ਨੇ ਦੱਸਿਆ ਕਿ ਬਜਟ 'ਚ ਵਖੇਤੀਬਾੜੀ ਅਤੇ ਸਹਾਇਕ ਧੰਦਿਆਂ ਲਈ ਸਾਲ 2016-17 ਲਈ 7490 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਜਦਕਿ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਸਕਿੱਲ ਡਿਵੈਲਪਮੈਂਟ ਨੂੰ ਉਤਸ਼ਾਹਿਤ ਕਰਨ ਲਈ 150 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।